ਜਲੰਧਰ (ਜਸਪਾਲ ਕੈਂਥ)-ਸਿਖ ਚਿੰਤਕਾਂ ਸਰਦਾਰ ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ,ਭਾਈ ਹਰਸਿਮਰਨ ਸਿੰਘ ਖਾਲਸਾ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ,ਡਾਕਟਰ ਪਰਮਜੀਤ ਸਿੰਘ ਮਾਨਸਾ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਪੰਥ ਦੇ ਨਾਂ ਸੰਦੇਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੁਚੇ ਪੰਥ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਇਸ ਸੰਦੇਸ਼ ਦਾ ਸਵਾਗਤ ਕਰਨਾ ਚਾਹੀਦਾ ਹੈ ਜੋ ਮੀਰੀ ਪੀਰੀ ਸਿਧਾਂਤ ਤੇ ਖਾਲਸਾ ਪੰਥ ਦੀ ਪਰੰਪਰਾ ਅਨੁਸਾਰੀ ਹੈ।ਉਨ੍ਹਾਂ ਕਿਹਾ ਕਿ ਸਿਖ ਪੰਥ ਤੇ ਸੰਕਟ ਤੇ ਰੋਗ ਦਾ ਕਾਰਣ ਹੀ ਸਿਖ ਪੰਥ ਕੋਲ ਮਜਬੂਤ ਸੰਗਠਨ ਦੀ ਘਾਟ ਹੈ।
ਜਥੇਦਾਰ ਦਾ ਇਹ ਕਹਿਣਾ ਵਾਜਬ ਹੈ ਕਿ ਪੰਥਕ ਰਾਜਨੀਤੀ ਦਾ ਇਹ ਏਜੰਡਾ ਬੀਤੇ ਸਮੇਂ ਦੀ ਗੱਲ ਬਣ ਚੁੱਕਾ ਹੈ ਤੇ ਪੰਥਕ ਹਿੱਤਾਂ ਤੇ ਪ੍ਰੰਪਰਾਵਾਂ ਉਤੇ ਪਹਿਰੇਦਾਰੀ ਕਰਨ ਦੀ ਥਾਂ ਰਾਜਨੀਤਕ ਹਿੱਤ ਪਿਆਰੇ ਬਣ ਚੁੱਕੇ ਹਨ। ਅਜਿਹੀ ਦਸ਼ਾ ਵਿਚ ਐਸੀ ਸਿੱਖ ਰਾਜਨੀਤੀ ਦੀ ਪੁਨਰ ਸੁਰਜੀਤੀ ਦੀ ਲੋੜ ਹੈ ਜਿਹੜੀ ਪੰਜਾਬ ਦੇ ਸਰਜ਼ਮੀਨ ਅਤੇ ਗੁਰੂ ਗ੍ਰੰਥ-ਗੁਰੂ ਪੰਥ ਪ੍ਰਤੀ ਸਮਰਪਿਤ ਹੋਏ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਿਨ੍ਹਾਂ ਉਦੇਸ਼ਾਂ ਤੇ ਆਦਰਸ਼ਾਂ ਨੂੰ ਲੈ ਕੇ ਹੋਈ ਸੀ, ਉਸ ਨੂੰ ਮੁੜ ਆਪਣੇ ਮੂਲ ਨਾਲ ਜੁੜਣ ਤੇ ਡੂੰਘੇ ਆਤਮ ਚਿੰਤਨ ਦੀ ਲੋੜ ਹੈ ਤਾਂ ਜੋ ਹੋਈ ਉਕਾਈ ਨੂੰ ਸਮਝ ਕੇ ਸੁਧਾਈ ਹੋ ਸਕੇ।
ਸਿਖ ਚਿੰਤਕਾਂ ਨੇ ਕਿਹਾ ਕਿ ਜਥੇਦਾਰਾਂ ਦਾ ਇਹ ਪ੍ਰਭਾਵਸ਼ਾਲੀ ,ਸਿਧਾਂਤਕ ਸੰਦੇਸ਼ ਸਾਡੇ ਜੀਵਨ ਵਿਚ ਪਹਿਲੀ ਵਾਰੀ ਅਕਾਲ ਤਖਤ ਸਾਹਿਬ ਤੋਂ ਦੇਖਣ ਨੂੰ ਮਿਲਿਆ ਹੈ ।ਜਥੇਦਾਰ ਨੂੰ ਹੁਣ ਇਸ ਸੰਦੇਸ਼ ਉਪਰ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਅਕਾਲੀ ਦਲ ਦੀ ਪੁਨਰ ਸਥਾਪਨਾ ਲਈ ਬਾਦਲ ਅਕਾਲੀ ਦਲ ,ਅਕਾਲੀ ਸੁਧਾਰ ਲਹਿਰ ਤੇ ਹੋਰ ਪੰਥਕ ਧੜੇ ਅਕਾਲ ਤਖਤ ਸਾਹਿਬ ਅਗੇ ਅਸਤੀਫੇ ਦੇਕੇ ਜਥੇਦਾਰ ਅਗੇ ਆਤਮ ਸਮਰਪਣ ਕਰਨ ਤਾਂ ਜੋ ਉਹ ਪੰਥਕ ਤਾਲਮੇਲ ਕਮੇਟੀ ਬਣਾਕੇ ਅਕਾਲੀ ਦਲ ਦੀ ਪੁਨਰ ਸਿਰਜਣਾ ਕਰ ਸਕਣ,ਜਿਸ ਦਾ ਅਧਾਰ ਬਾਦਲ ਦਲ ਦੀ ਗੁਨਾਹਗਾਰ ਲੀਡਰਸ਼ਿਪ ਨੇ ਖਤਮ ਕਰ ਦਿਤਾ ,ਜਿਸਦੇ ਨਤੀਜੇ ਤੇ ਸੰਕਟ ਖਾਲਸਾ ਪੰਥ ਤੇ ਪੰਜਾਬ ਭੋਗ ਰਿਹਾ ਹੈ।
ਸਿਖ ਚਿੰਤਕਾਂ ਨੇ ਕਿਹਾ ਕਿ ਸਿਖ ਨੌਜਵਾਨ ਨਸ਼ੇ ਤੇ ਅਸ਼ਲੀਲ ਗਾਇਕੀ ਦਾ ਕਲਚਰ ਤਿਆਗਕੇ ਅਕਾਲ ਤਖਤ ਸਾਹਿਬ ਦੀ ਮੁਹਿੰਮ ਦਾ ਹਿੱਸਾ ਬਣਨ ਜਿਥੋਂ ਸਭਿਆਚਾਰ, ਰਾਜਨੀਤਕ,ਸਮਾਜਿਕ ,ਭਲਾਈ ਦੀ ਲਹਿਰ ਚਲਣੀ ਹੈ ਜੋ ਸਤਿਗੁਰੂ ਰਾਮਦਾਸ ਜੀ ਦੀ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਸਬੰਧੀ ਇਤਿਹਾਸਕ ਲਹਿਰ ਨਾਲ ਜੁੜਦੀ ਹੈ।
ਉਨ੍ਹਾਂ ਕਿਹਾ ਕਿ ਸਿਖ ਪੰਥ ਤੇ ਸਮੂਹ ਪੰਜਾਬੀਆਂ ਨੂੰ ਅਕਾਲ ਤਖਤ ਸਾਹਿਬ ਉਪਰ ਟੇਕ ਰਖਣ ਦੀ ਲੋੜ ਹੈ ਜੋ ਮਨੁੱਖਤਾ ਤੇ ਸਰਬਤ ਦੇ ਭਲੇ,ਮਨੂੱਖੀ ਅਜਾਦੀ ,ਦਾ ਕੋਂਦਰ ਬਿੰਦੂ ਹੈ ਸਭਨਾਂ ਧਰਮਾਂ ਦਾ ਸਤਿਕਾਰ ਬਹਾਲੀ ਤੇ ਏਕਤਾ ਲਈ ਵਚਨਬਧ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਖਾਲਸਾ ਪੰਥ ਦਾ ਮੁੱਢ ਧੁਰਾ ਰਿਹਾ ਹੈ ਜਿਥੋਂ ਜਥੇਦਾਰ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਬਾਬਾ ਜਸਾ ਸਿੰਘ ਆਹਲੂਵਾਲੀਆ, ਬਾਬਾ ਸਾਹਿਬ ਸਿੰਘ ਬੇਦੀ ਰਾਹੀਂ ਪੰਥਕ ਰਾਜਨੀਤੀ ਦੀ ਸਥਾਪਨਾ ਹੁੰਦੀ ਰਹੀ ਹੈ।ਅਕਾਲ ਤਖਤ ਸਾਹਿਬ ਤੋਂ ਹੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ।ਹੁਣ ਉਹੀ ਇਤਿਹਾਸ ਸਿੰਘ ਸਾਹਿਬਾਨ ਨੂੰ ਦੁਹਰਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਗੁਨਾਹ ਤਾਂ ਹੀ ਬਖਸ਼ੇ ਜਾਣਗੇ ਜੇ ਉਹ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਅਗੇ ਆਤਮ ਸਮਰਪਣ ਕਰਨ।ਉਨ੍ਹਾਂ ਇਹ ਵੀ ਕਿਹਾ ਕਿ ਸ੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਨੂੰ ਇਸ ਮੁਹਿੰਮ ਵਿਚ ਸਹਿਯੋਗ ਕਰੇ, ਨਾ ਕਿ ਰੁਕਾਵਟ ਖੜੀ ਕਰੇ।
ਉਨ੍ਹਾਂ ਸਮੂਹ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਬੈਠੇ ਸਮੂਹ ਮਾਈ ਭਾਈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਤੀ ਅਪੀਲਾਂ ਕਰਨ ਕਿ ਉਹ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਯੋਗ ਫੈਸਲੇ ਲੈਣ ਤੇ ਸਿਖ ਪੰਥ ਦੀ ਗੁਰਮਤਿ ਚੇਤਨਾ ਅਨੁਸਾਰ ਅਗਵਾਈ ਕਰਨ।