*ਦਿੱਲੀ ਸਿੱਖ ਗੁਰਦੁਆਰਾ ਮੇਨੇਜਮੈਂਟ ਕਮੇਟੀ ਅਤੇ ਜੱਸਾ ਸਿੰਘ ਰਾਮਗੜੀਆ ਬੋਰਡ ਦਿੱਲੀ ਦੀ ਟੀਮ ਨੇ ਸਾਂਝੇ ਤੌਰ ਤੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ ਕੀਤਾ ਸਨਮਾਨਿਤ —ਕੁੰਡਲ ਅਤੇ ਨੋਨੀ*

Uncategorized
Spread the love

ਪੈਰਿਸ / ਦਿੱਲੀ 01 ਦਸੰਬਰ (ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਅਤੇ ਫਰਾਂਸ ਦੇ ਉਘੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ, ਜਿਹੜੇ ਕਿ ਇਨ੍ਹੀ ਦਿਨੀ, ਦਿੱਲੀ ਆਏ ਹੋਏ ਹਨ,ਦਾ, ਗੁਰਦੁਆਰਾ ਰਕਾਬ ਗੰਜ ਵਿਖ਼ੇ ਸਥਿਤ ਮਾਤਾ ਗੁਜਰੀ ਨਿਵਾਸ ਵਿਖ਼ੇ ਸਨਮਾਨ ਕੀਤਾ ਗਿਆ | ਉਨ੍ਹਾਂ ਦਾ ਇਹ ਸਨਮਾਨ ਉਨ੍ਹਾਂ ਦੀਆਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਬਦਲੇ ਕੀਤਾ ਗਿਆ | ਮਾਤਾ ਗੁਜਰੀ ਨਿਵਾਸ ਵਿਖ਼ੇ ਉਚੇਚੇ ਤੌਰ ਤੇ ਪਹੁੰਚੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੋਰਡ ਦਿੱਲੀ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਸਰਦਾਰ ਜਸਮੇਨ ਸਿੰਘ ਨੋਨੀ ਨੇ ਆਪਣੇ ਸਾਥੀਆਂ ਸਾਹਿਤ ਵਿਸ਼ਵ ਸੇਵਾ ਅਵਾਰਡੀ ਸਰਦਾਰ ਇਕਬਾਲ ਸਿੰਘ ਭੱਟੀ ਨੂੰ ਸ਼੍ਰੀ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਅਸੀਂ ਸਾਰੇ ਜਣੇ ਭੱਟੀ ਦੀਆਂ ਸੇਵਾਵਾਂ ਤੋੰ ਪ੍ਰਭਾਵਿਤ ਹੋ ਕੇ, ਇਨ੍ਹਾਂ ਦਾ, ਇਹ ਸਨਮਾਨ ਕਰ ਰਹੇ ਹਾਂ | ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸੈਕਟਰੀ ਜਸਮੇਨ ਸਿੰਘ ਨੋਨੀ ਨੇ ਕਿਹਾ ਕਿ ਸਮਾਂ ਥੋੜਾ ਹੋਣ ਕਰਕੇ ਅਸੀਂ ਭੱਟੀ ਸਾਹਿਬ ਦੇ ਸਨਮਾਨ ਵਾਸਤੇ ਕੁਝ ਜਿਆਦਾ ਨਹੀਂ ਕਰ ਸਕੇ, ਅਗਰ ਦੁਬਾਰਾ ਵਕਤ ਮਿਲਿਆ ਤਾਂ ਅਸੀਂ, ਕੋਈ ਨਾਂ ਕੋਈ, ਸਮਾਗਮ ਕਰਵਾ ਕੇ ਸੰਗਤਾਂ ਦੀ ਹਾਜ਼ਰੀ ਵਿੱਚ ਦੁਬਾਰਾ ਸਨਮਾਨ ਕਰਾਂਗੇ, ਤਾਂ ਕਿ ਇਨ੍ਹਾਂ ਦੀਆਂ ਕੋਵਿਡ ਦਰਮਿਆਨ ਨਿਭਾਈਆਂ ਜਾ ਚੁੱਕੀਆਂ ਸੇਵਾਵਾਂ ਬਾਰੇ ਵੀ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਚੱਲ ਸਕੇ | ਜੱਸਾ ਸਿੰਘ ਰਾਮਗੜੀਆ ਬੋਰਡ ਦੇ ਚੇਅਰਮੈਨ ਤਰਲੋਚਨ ਸਿੰਘ ਕੁੰਡਲ ਨੇ ਵੀ ਕਿਹਾ ਕਿ ਵਿਦੇਸ਼ਾਂ ਵਿੱਚੋਂ ਮਰੇ ਹੋਏ ਨੌਜੁਆਨਾਂ ਦੀਆਂ ਮਿਰਤਕ ਦੇਹਾਂ ਉਨ੍ਹਾਂ ਦੇ ਪ੍ਰਿਵਾਰਾਂ ਤੱਕ ਪਹੁੰਚਾ ਕੇ, ਉਨ੍ਹਾਂ ਦੀਆਂ ਮਾਵਾਂ ਨੂੰ ਮੂੰਹ ਦਿਖਾਉਣੇ, ਬਹੁਤ ਵੱਡੀ ਸੇਵਾ ਹੈ, ਅਸੀਂ ਸਾਰੇ ਜਣੇ ਭੱਟੀ ਸਾਹਿਬ ਦੇ ਇਸ ਅਨੋਖੇ ਕਾਰਜ ਦੀ ਸ਼ਲਾਘਾ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਇਨ੍ਹਾਂ ਨੂੰ ਸਿਹਤਯਾਬੀ ਬਖਸ਼ੇ ਅਤੇ ਇਹ ਇਸੇ ਤਰਾਂ ਹੀ ਸਮਾਜ ਦੀਆਂ ਸੇਵਾਵਾਂ ਨਿਰੰਤਰ ਕਰਦੇ ਰਹਿਣ | ਵੈਸੇ ਸਾਡੀ ਜਾਣਕਾਰੀ ਅਨੁਸਾਰ ਭੱਟੀ ਸਾਹਿਬ 2003 ਤੋੰ ਲੈ ਕੇ ਹੁਣ ਤੱਕ 404 ਮਿਰਤਕ ਦੇਹਾਂ ਦੀ ਸਾਂਭ ਸੰਭਾਲ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 142 ਮਿਰਤਕਾਂ ਦਾ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆ ਸਬੰਧਿਤ ਪ੍ਰਿਵਾਰਾਂ ਤੱਕ ਅਤੇ 262 ਮਿਰਤਕ ਦੇਹਾਂ ਵੀ ਭਾਰਤ ਦੇ ਵੱਖੋ ਵੱਖ ਰਾਜਾਂ ਵਿੱਚ, ਜਿੱਥੇ ਜਿੱਥੇ ਦਾ ਵੀ ਕੋਈ ਹੁੰਦਾ ਹੈ, ਪਹੁੰਚਾ ਚੁੱਕੇ ਹਨ | ਭੱਟੀ ਸਾਹਿਬ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਇਹ ਕਾਰਜ ਹਰੇਕ ਧਰਮ ਦੇ ਮਿਰਤਕਾਂ ਵਾਸਤੇ ਇਨਸਾਨੀਅਤ ਦੇ ਨਾਤੇ ਕਰਦੇ ਹਨ, ਨਾਂ ਕਿ ਇਕੱਲੇ ਪੰਜਾਬੀਆਂ ਵਾਸਤੇ | ਹੁਣ ਤੱਕ ਭੱਟੀ ਸਾਹਿਬ ਨੂੰ ਸੱਤ ਗੋਲ੍ਡ ਮੈਡਲ, ਗਿਆਰਾਂ ਪ੍ਰਸੰਸਾ ਪੱਤਰ ਅਤੇ ਦੋ ਅਵਾਰਡ, ਇੱਕ ਭਾਰਤ ਸਰਕਾਰ ਵਲੋਂ ਅੰਬੈਸੀ ਦੇ ਜਰੀਏ, ਜਦਕਿ ਵਿਸ਼ਵ ਸੇਵਾ ਅਵਾਰਡ ਸਤਾਰਾਂ ਦੇਸ਼ਾਂ ਦੇ ਡੈਲੀਗੇਟਾਂ ਦੀ ਹਾਜ਼ਰੀ ਵਿੱਚ ਯੂ. ਕੇ ਦੇ ਸ਼ਾਹੀ ਪਰਿਵਾਰ ਦੀ ਮੈਂਬਰ ਅਲਿਜਾਬੇਥ ਫਾਕ ਵੱਲੋਂ ਬੀਤੀ 24 ਅਕਤੂਬਰ ਨੂੰ ਫਰਾਂਸ ਵਿਖ਼ੇ ਦਿੱਤਾ ਗਿਆ ਸੀ, ਮਿਲੇ ਹਨ | ਸਨਮਾਨਿਤ ਕਰਨ ਵੇਲੇ ਰਾਮਗੜੀਆਂ ਬੋਰਡ ਦੇ ਅਵਤਾਰ ਸਿੰਘ ਬੁਰਜੀ ਜਨਰਲ ਸਕੱਤਰ, ਬਲਬੀਰ ਸਿੰਘ ਨਾਮਧਾਰੀ ਸਟੇਜ ਸਕੱਤਰ, ਰਵਿੰਦਰ ਸਿੰਘ ਬਖਸ਼ੀ ਮੈਂਬਰ, ਅਮਰਜੀਤ ਸਿੰਘ ਗੁਲੂ ਮੈਂਬਰ ਆਦਿ ਮੌਕੇ ਤੇ ਹਾਜਿਰ ਸਨ |

Leave a Reply

Your email address will not be published. Required fields are marked *