ਤਲਵਾਡ਼ਾ,27 ਦਸੰਬਰ. (ਦੀਪਕ ਠਾਕੁਰ)-ਔਖਾ ਵੇਲ਼ਾ ਕਿਸੇ ‘ਤੇ ਵੀ ਆ ਸਕਦਾ ਹੈ, ਪਰ ਜਿਹਡ਼ਾ ਮਾਡ਼ੇ ਹਾਲਾਤਾਂ ‘ਚ ਕੰਮ ਕਰ ਸਕੇ, ਉਸਦੀ ਪਛਾਣ ਹੁੰਦੀ ਹੈ। ਕੋਰੋਨਾ ਤੋਂ ਬਾਅਦ ਕਿਸਾਨੀ ਸੰਘਰਸ਼ ਦੌਰਾਨ ਪੈਦਾ ਹੋਏ ਨਾਜ਼ੁਕ ਹਾਲਾਤਾਂ ‘ਚ ਵੀ ਭਾਜਪਾ ਦਾ ਸਾਥ ਨਾ ਛੱਡਣ ਵਾਲੇ ਵਰਕਰ ਹੀ ਪਾਰਟੀ ਦੇ ਅਸਲ ਵਾਰਸ ਹਨ। ਭਾਜਪਾ ਨੂੰ ਆਪਣੇ ਵਰਕਰਾਂ ਅਤੇ ਸੰਗਠਨ ’ਤੇ ਮਾਣ ਹੈ। ਇਹ ਸ਼ਬਦ ਅੱਜ ਇੱਥੇ ਬੀਬੀਐਮਬੀ ਵਿਸ਼ਰਾਮ ਹਾਊਸ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਰੱਖੀ ਵਰਕਰ ਮੀਟਿੰਗ ਦੌਰਾਨ ਕਹੇ। ਕਰੀਬ ਦੋ ਸਾਲ ਬਾਅਦ ਤਲਵਾਡ਼ਾ ਪਹੁੰਚੇ ਕੇਂਦਰੀ ਵਜ਼ੀਰ ਸੋਮ ਪ੍ਰਕਾਸ਼ ਨੂੰ ਪਾਰਟੀ ਵਰਕਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਹਾਜ਼ਰ ਪਾਰਟੀ ਵਰਕਰਾਂ ਨੇ ਮੀਟਿੰਗ ‘ਚ ਕੇਂਦਰੀ ਮੰਤਰੀ ’ਤੇ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਸਾਰ ਨਾ ਲੈਣ ਦੀ ਗੱਲ ਕਹੀ ਅਤੇ ਖੂਬ ਖ਼ਰੀਆਂ ਖੋਟੀਆਂ ਸੁਣਾਈਆਂ। ਵਿਧਾਨ ਸਭਾ ਦੀਆਂ ਤਿਆਰੀਆਂ ਲਈ ਰੱਖੀ ਮੀਟਿੰਗ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਤਲਵਾਡ਼ਾ ‘ਚ ਨਾ ਆਉਣ ਦੀਆਂ ਆਪਣੀਆਂ ਮਜ਼ਬੂਰਆਂ/ਦਲੀਲਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਭਾਵੇਂ ਕਿ ਮੀਟਿੰਗ ‘ਚ ਕਾਂਗਰਸ ਸਰਕਾਰ ਵੱਲੋਂ ਭਾਜਪਾ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ, ਕੰਢੀ ਬਲਾਕ ਤਲਵਾਡ਼ਾ ‘ਚ ਬਦਤਰ ਸਿਹਤ ਸਹੂਲਤਾਂ ਸਮੇਤ ਹੋਰ ਸਥਾਨਕ ਮੁੱਦੇ ਵੀ ਉਠਾਏ ਗਏ।
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਅਗਲੀ ਸਰਕਾਰ ਭਾਜਪਾ ਦੀ ਬਣਨੀ ਤੈਅ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸੰਕਲਪ ਕਰਦੇ ਹਨ, ਉਸਨੂੰ ਪੂਰਾ ਵੀ ਕਰਦੇ ਹਨ। ਜਨਵਰੀ ਦੇ ਪਹਿਲੇ ਹਫ਼ਤੇ ਸ਼੍ਰੀ ਮੋਦੀ ਪੰਜਾਬ ਆ ਰਹੇ ਹਨ। ਮੀਟਿੰਗ ਮੰਡਲ ਪ੍ਰਧਾਨ ਸੁਭਾਸ਼ ਬਿੱਟੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਦਲਜੀਤ ਸਿੰਘ ਜੀਤੂ, ਰਘੁਨਾਥ ਸਿੰਘ ਰਾਣਾ, ਸੰਜੀਵ ਭਾਰਦਵਾਜ, ਮਹਿਲਾ ਮੋਰਚਾ ਦੇ ਆਗੂਆਂ ਆਦਿ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ।
ਮੀਡੀਆ ਵੱਲੋਂ ਫ਼ੌਜ਼ ਦੀ ਭਰਤੀ ਦਾ ਸਰੀਰਕ ਟ੍ਰੇਨਿੰਗ ਟੈਸਟ ਪਿਛਲੇ ਇੱਕ ਸਾਲ ਤੋਂ ਵਧ ਸਮੇਂ ਤੋਂ ਪਾਸ ਕਰ ਲਿਖਤੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਸਬੰਧੀ ਪੁੱਛੇ ਸਵਾਲ ’ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਹ ਮਾਮਲਾ ਜ਼ਲਦ ਹੀ ਰੱਖਿਆ ਮੰਤਰਾਲੇ ਦੇ ਧਿਆਨ ‘ਚ ਲਿਆਉਣ ਦੀ ਗੱਲ ਕਹੀ। ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੰਢੀ ਖ਼ੇਤਰ ਦੇ ਜ਼ਿਆਦਾਤਰ ਨੌਜਵਾਨ ਫ਼ੌਜ਼ ਵਿੱਚ ਜਾਂਦੇ ਹਨ, ਜਿਸਨੂੰ ਦੇਖਦਿਆਂ ਉਹ ਖ਼ੇਤਰ ‘ਚ ਇੱਕ ਸੈਨਿਕ ਸਕੂਲ ਖੁੱਲਵਾਉਣ ਲਈ ਯਤਨਸ਼ੀਲ ਹਨ।ਬੀਬੀਐਮਬੀ ਕਲੌਨੀ ‘ਚ ਖ਼ਾਲੀ ਪਏ ਮਕਾਨਾਂ ਅਤੇ ਖਾਲੀ ਪਈਆਂ ਅਸਾਮੀਆਂ, ਉਜਡ਼ ਰਹੇ ਤਲਵਾਡ਼ਾ ਸ਼ਹਿਰ ਅਤੇ ਬੀਬੀਐਮਬੀ ਹਸਪਤਾਲ ਦੀ ਖਸਤਾ ਹਾਲਤ ਸਬੰਧੀ ਪੁੱਛੇ ਸਵਾਲਾਂ ’ਤੇ ਕੇਂਦਰੀ ਮੰਤਰੀ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀਐਮਬੀ ਜ਼ਲਦ ਹੀ 600 ਏਕਡ਼ ਜ਼ਮੀਨ ‘ਤੇ ਪੰਜਾਬ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਲਗਾਉਣ ਜਾ ਰਹੀ ਹੈ। ਪਰ ਇਸ ਪ੍ਰਾਜੈਕਟ ਨਾਲ ਕਿੰਨ੍ਹੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਬੰਧੀ ਸਵਾਲ ਦਾ ਕੇਂਦਰੀ ਮੰਤਰੀ ਕੋਈ ਅੰਕਡ਼ਾ ਨਹੀਂ ਦੇ ਸਕੇ।