ਫਿਰੋਜ਼ਪੁਰ (ਜਸਪਾਲ ਕੈਂਥ)-ਫਿਰੋਜ਼ਪੁਰ ਦਿਹਾਤੀ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਵੀ ਸੀਟ ਛੱਡ ਦਿੱਤੀ ਹੈ ਅਤੇ ਨਾਲ ਹੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਨੂੰ ਕਿਸਾਨ ਵਿਰੋਧੀ, ਦਲਿਤ-ਵਿਰੋਧੀ ਅਤੇ ਸਿੱਖ ਵਿਰੋਧੀ ਦੱਸਦੇ ਹੋਏ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ। ਜਿਸ ਵਿਚ ਆਸ਼ੂ ਬੰਗੜ ਨੇ ਕਿਹਾ ਹੈ ਕਿ ਸ਼੍ਰੀ ਅਰਵਿੰਦ
ਕੇਜਰੀਵਾਲ ਜੀ
ਮੈਂ ਇਹਨਾਂ ਆਸਾਂ , ਉਮੀਦਾਂ ਅਤੇ ਚਾਵਾਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ ਕਿ ਇਹ ਪਾਰਟੀ ਪੰਜਾਬ ਵਿਚ ਦਹਾਕਿਆਂ ਤੋਂ ਚਲੀ ਆ ਰਹੀ ਨਿੱਜਪ੍ਰਸਤੀ , ਪਰਿਵਾਰਪ੍ਰਸਤੀ ਅਤੇ ਮੁਨਾਫ਼ਾਖੋਰੀ ਧੰਦਾ ਪ੍ਰਵਿਰਤੀ ਵਾਲੀ ਰਿਵਾਇਤੀ ਸਿਆਸਤ ਦੀ ਥਾਂ ਬਦਲਵੀਂ ਲੋਕ ਪੱਖੀ ਸਿਆਸਤ ਲੈ ਕੇ ਆਵੇਗੀ।ਮੈਨੂੰ ਇਹ ਵੀ ਲੱਗਿਆ ਸੀ ਕਿ ਹੋਰਨਾਂ ਪਾਰਟੀਆਂ ਤੋਂ ਉਲਟ ਇਸ ਪਾਰਟੀ ਵਿਚ ਅੰਦਰੂਨੀ ਜਮਹੂਰੀਅਤ ਮਜ਼ਬੂਤ ਹੋਵੇਗੀ ਅਤੇ ਫ਼ੈਸਲੇ ਲੈਣ ਦੀ ਤਾਕਤ ਇਕ ਆਦਮੀ ਦੇ ਹੱਥ ਵਿਚ ਹੋਣ ਦੀ ਥਾਂ ਪਾਰਟੀ ਦੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਕੋਲ ਹੋਵੇਗੀ । ਪਰ ਜਿਉਂ ਜਿਉਂ ਮੈਂ ਪਾਰਟੀ ਵਿਚ ਸਰਗਰਮ ਹੁੰਦਾ ਗਿਆ ਮੋਰੀਆਂ ਆਸਾਂ , ਉਮੀਦਾਂ ਅਤੇ ਸਾਰੇ ਚਾਅ ਇੱਕ ਇੱਕ ਕਰ ਕੇ ਟੁੱਟਦੇ ਗਏ।ਪਾਰਟੀ ਵਿਚ ਸਰਗਰਮ ਰਹਿੰਦਿਆਂ ਮੇਰੇ ਸਾਹਮਣੇ ਆਏ ਕੁਝ ਕਰੂਰ ਤਥਾਂ ਤੋਂ ਬਾਅਦ ਮੈਂ ਇਸ ਸਿੱਟ ਉੱਤੇ ਪਹੁੰਚਿਆ ਹਾਂ • ਤੁਹਾਡਾ ਪੰਜਾਬੀਆਂ ਵਿਚ ਬਿਲਕੁਲ ਕੋਈ ਭਰੋਸਾ ਨਹੀਂ ਹੈ । ਤੁਸੀਂ ਪਿਛਲੀ ਵਾਰ ਦੀ ਤਰਾਂ ਇਸ ਵਾਰੀ ਵੀ ਪੰਜਾਬ ਲੀਡਰਸ਼ਿਪ ਉੱਤੇ ਆਪਣਾ ਹੱਥਠੋਕਾ ਰਾਘਵ ਚੱਡਾ ਥੋਪਿਆ ਹੋਇਆ ਹੈ ਜੋ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਖੂੰਜੇ ਲਾ ਕੇ ਪਾਰਟੀ ਪ੍ਰਧਾਨ ਦੀ ਹੈਸੀਅਤ ਵਿਚ ਵਿਚਰ ਰਿਹਾ ਹੈ । * ਤੁਹਾਡਾ ਕਿਸਾਨ ਵਿਰੋਧੀ ਬੈਂਗਣੀ ਰੰਗ ਉਸ ਵੱਲੋਂ ਪੂਰੀ ਤਰਾਂ ਉਘੜ ਆਇਆ ਹੈ ਜਦੋਂ ਤੁਹਾਡੇ ਹੱਥਠੋਕੇ ਰਾਘਵ ਚੱਡਾ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਪੰਜਾਬ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਏ ਹਨ।ਇਹ ਕਿਸਾਨਾਂ ਅਤੇ ਪੰਜਾਬੀਆਂ ਦੀ ਅਜ਼ਮੱਤ ਉੱਤੇ ਸਿਧਮ ਸਿਧਾ ਹਮਲਾ ਹੈ । ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦੇ ਖਿਲਾਫ਼ ਪੂਰੇ ਇੱਕ ਸਾਲ ਦੇ ਲਹੂ ਡੋਲਵੇਂ ਸੰਘਰਸ਼ ਵਿਚ ਸੱਤ ਸੌ ਸ਼ਹੀਦੀਆਂ ਪਾਉਣ ਵਾਲੇ ਕਿਸਾਨ ਭਾਰਤੀ ਜਨਤਾ ਪਾਰਟੀ ਨਾਲ ਕਿਵੇਂ ਚਲ ਸਕਦੇ ਹਨ । • ਸਾਹਮਣੇ ਆਏ ਤੱਥਾਂ ਤੋਂ ਮੈਨੂੰ ਹੁਣ ਕੋਈ ਭੁਲੇਖਾ ਨਹੀਂ ਰਿਹਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਕਿਸਾਨ ਜਥੇਬੰਦੀਆਂ ਵਿਚ ਫੁੱਟ ਪਾਉਣ ਦੀ ਲੁਕਵੀਂ ਚਾਲ ਨੂੰ ਸਿਰੇ ਚੜਾਉਣ ਲਈ ਪਹਿਲਾਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਉਸ ਦੇ ਕਈ ਸਾਥੀਆਂ ਨੂੰ ਚੋਣਾਂ ਲੜਣ ਲਈ ਉਕਸਾਇਆ । ਰਾਜੇਵਾਲ ਨੂੰ ਮੁੱਖ ਮੰਤਰੀ ਬਣਨ ਦੇ ਸੁਪਨੇ ਵਿਖਾਏ ਅਤੇ ਜਦੋਂ ਉਹ ਸੰਯੁਕਤ . ਕਿਸਾਨ ਮੋਰਚੇ ਵਲੋਂ ਖਿੱਚੀ ਗਈ ਰਾਮਕਾਰ ਟੱਪ ਆਏ ਤਾਂ ਉਹਨਾਂ ਨੂੰ ਠੂਠਾ ਵਿਖਾ ਕੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ । ● ਤੁਸੀਂ ਪਹਿਲਾਂ ਵੀ ਪੰਜਾਬ ਦੇ ਆਗੂਆਂ ਸੁੱਚਾ ਸਿੰਘ ਛੋਟੇਪੁਰ , ਧਰਮਵੀਰ ਗਾਂਧੀ , ਹਰਿੰਦਰ ਸਿੰਘ ਖਾਲਸਾ , ਸੁਖਪਾਲ ਸਿੰਘ ਖਹਿਰਾ , ਪੱਤਰਕਾਰ ਕੰਵਰ ਸੰਧੂ ਸਮੇਤ ਦਰਜਨਾਂ ਆਗੂਆਂ ਦੀ ਬਲੀ ਲੈ ਚੁੱਕੇ ਹੋ।ਤੁਹਾਡੀ ਬੱਚੇਖਾਣੀ ਸਿਆਸਤ ਦਾ ਅਜੋਕਾ ਸ਼ਿਕਾਰ ਰਾਜੇਵਾਲ ਹੈ ਅਤੇ ਅਗਲਾ ਸ਼ਿਕਾਰ ਭਗਵੰਤ ਮਾਨ ਬਣ ਸਕਦਾ ਹੈ । ਆਪਣੀ ਬਣਦੀ ਸਜ਼ਾ ਭੁਗਤ ਚੁੱਕੇ ਪ੍ਰੋ . ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੱਦ ਕਰਨ ਨਾਲ ਤੁਹਾਡਾ ਸਿੱਖ ਵਿਰੋਧੀ ਚਿਹਰਾ ਤਾਂ ਨੰਗਾ ਹੋਇਆ ਹੀ ਹੈ ਨਾਲ ਦੀ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਤੁਸੀਂ ਮਨੁੱਖੀ ਹੱਕਾਂ ਪ੍ਰਤੀ ਸੰਵੇਦਨਾ ਤੋਂ ਵੀ ਪੂਰੀ ਤਰਾਂ ਕੋਰੇ ਹੋ । • ਤੁਹਾਡੇ ਵਲੋਂ ਆਮ ਆਦਮੀ ਪਾਰਟੀ ਦਾ ਗਠਨ ਕਰਨ ਵੇਲੇ ਅੰਗਰੇਜ਼ੀ ਦੇ ਕੌਮੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿਚ ਇੱਕ ਖ਼ਬਰ ਛਪੀ ਸੀ ਜਿਸ ਅੰਦੋਲਨ ਵਿਚੋਂ ਇਹ ਪਾਰਟੀ ਨਿਕਲੀ ਹੈ ਉਸ ਦਾ ਪੂਰਾ ਡਿਜ਼ਾਈਨ ਸਵਾਮੀ ਵਿਵੇਕਾ ਨੰਦ ਇੰਸਟੀਚਿਊਟ ਵਲੋਂ ਕੀਤਾ ਗਿਆ ਸੀ ਜਿਸ ਦਾ ਡਾਇਰੈਕਟਰ ਉਸ ਵੇਲੇ ਪ੍ਰਧਾਨ ਮੰਤਰੀ ਦਾ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੀ । ਇਸ ਖ਼ਬਰ ਦੀ ਸਚਾਈ ਬਾਰੇ ਮੈਨੂੰ ਹੁਣ ਕੋਈ ਭੁਲੇਖਾ ਨਹੀ ਰਿਹਾ । • ਮੈਂ ਇਸ ਸਿੱਟੇ ਉੱਤੇ ਪਹੁੰਚਿਆ ਹਾਂ ਕਿ ਤੁਸੀਂ ਹਿੰਦੋਸਤਾਨ ਵਿਚ ਉਸ ਬ੍ਰਿਗੇਡ ਦਾ ਮੋਹਰਾ ਬਣੇ ਹੋਏ ਹੋ ਜਿਹੜਾ ਆਰ.ਐਸ.ਐਸ. ਨੇ ਮੁਲਕ ਦੀਆਂ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਅਤੇ ਸਿੱਖਾਂ ਨੂੰ ਮੁਲਕ ਦੀ ਬਹੁਗਿਣਤੀ ਵਿਚ ਜਜ਼ਬ ਕਰਨ ਲਈ ਖੜਾ ਕੀਤਾ ਹੈ । • ਤੁਹਾਡੀ ਸ਼ਹਿ ਉੱਤੇ ਰਾਘਵ ਚੱਡੇ ਵਲੋਂ ਕਿਸਾਨਾਂ ਦੇ ਭਾਜਪਾ ਨਾਲ ਰਲੇ ਹੋਣ ਦੇ ਬਿਆਨ ਕਾਰਨ ਪੰਜਾਬੀਆਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਗੁੱਸਾ ਹੈ ਅਤੇ ਲੋਕ ਇਸ ਦੇ ਉਮੀਦਵਾਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛ ਰਹੇ ਹਨ । ● ਤੁਸੀਂ ਇਸ ਚੋਣ ਵਿਚ ਤਾਂ ਆਪ ਆਦਮੀ ਪਾਰਟੀ ਦਾ ਖਾਸਾ ਹੀ ਬਦਲ ਦਿੱਤਾ ਹੈ । ਰਿਵਾਇਤੀ ਪਾਰਟੀਆਂ ਵਿਚੋਂ ਇਕ ਜਾਂ ਦੋ ਦਿਨ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਏ ਤਕਰੀਬਨ 40 ਵਿਅਕਤੀਆਂ ਨੂੰ ਟਿਕਟ ਦੇ ਕੇ ਤੁਸੀਂ ਬਦਲਵੀਂ ਸਿਆਸਤ ਕਿਵੇਂ ਕਰ ਸਕੋਗੇ।ਤੁਹਾਡੀ ਪਾਰਟੀ ਹੁਣ ਆਮ ਲੋਕਾਂ ਦੀ ਪਾਰਟੀ ਨਹੀਂ ਰਹੀ ਬਲਕਿ ਖਾਸ ਅਤੇ ਸਰਮਾਏਦਾਰਾਂ ਤੇ ਦਲਬਦਲੂਆਂ ਦੀ ਪਾਰਟੀ ਬਣ ਗਈ ਹੈ ਜਿਸ ਤੋਂ ਹੁਣ ਕਿਸੇ ਨੂੰ ਕੋਈ ਉਮੀਦ ਨਹੀਂ ਰਹੀ । ਉਪਰੋਕਤ ਤੱਥਾਂ ਕਾਰਨ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ ।