*ਪੁਲੀਸ ਨੇ ਹਾਜੀਪੁਰ ਖ਼ੇਤਰ ‘ਚ ਮਾਈਨਿੰਗ ਦੀ ਨਾਜਾਇਜ਼ ਵਸੂਲੀ ਕਰਦੇ ਗਿਰੋਹ ਦੇ ਮੈਂਬਰ ਕਾਬੂ ਕੀਤੇ*

पंजाब
Spread the love

ਤਲਵਾਡ਼ਾ,29 ਮਾਰਚ( ਦੀਪਕ ਠਾਕੁਰ)-ਹੁਸ਼ਿਆਰਪੁਰ ਪੁਲੀਸ ਨੇ ਹਾਜੀਪੁਰ ‘ਚ ਮਾਈਨਿੰਗ ਸਮੱਗਰੀ ਦੀ ਢੋਆ ਢੁਆਈ ‘ਚ ਲੱਗੀਆਂ ਗੱਡੀਆਂ ਤੋਂ ਜ਼ਬਰੀ ਮਾਈਨਿੰਗ ਦੀ ਵਸੂਲੀ ਕਰਦੇ ਇੱਕ ਨਿੱਜੀ ਮਾਈਨਿੰਗ ਕੰਪਨੀ ਦੇ 14 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨੇ 1 ਕਰੋਡ਼ 65 ਲੱਖ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਲੰਘੀ 25 ਤਾਰੀਕ ਨੂੰ ਜ਼ਬਰੀ ਵਸੂਲੀ ਦੇ ਮਾਮਲੇ ‘ਚ ਹਾਜੀਪੁਰ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਹਾਜੀਪੁਰ ਪੁਲੀਸ ਨੂੰ ਆਪਣੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਹਾਜੀਪੁਰ ਖ਼ੇਤਰ ‘ਚ ਇੱਕ ਨਿੱਜੀ ਮਾਈਨਿੰਗ ਕੰਪਨੀ ਦੇ ਕਰਿੰਦਿਆਂ ਵੱਲੋਂ ਮਾਈਨਿੰਗ ਸਮੱਗਰੀ ਦੀ ਢੋਆ ਢੁਆਈ ‘ਚ ਲੱਗੀਆਂ ਗੱਡੀਆਂ ਨੂੰ ਜ਼ਬਰੀ ਰੋਕ ਕੇ ਗੁੰਡਾ ਪਰਚੀ ਦੇ ਨਾਂ ਹੇਠਾਂ ਉਗਰਾਹੀ ਕੀਤੀ ਜਾਂਦੀ ਹੈ। ਲੰਘੀ 25 ਤਾਰੀਕ ਨੂੰ ਹਾਜੀਪੁਰ ਥਾਣੇ ’ਚ ਇੱਕ ਮਾਮਲਾ ਦਰਜ ਕਰਕੇ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪੁਲੀਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਅਤੇ ਗ੍ਰਿਫਤਾਰ ਵਿਅਕਤੀਆਂ ਦੀ ਨਿਸ਼ਾਨ ਦੇਹੀ ’ਤੇ ਅੱਜ ਪੁਲੀਸ ਨੇ ਉਚ ਅਧਿਕਾਰੀਆਂ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੇ ਅਨਮੋਲ ਨਗਰ ਨੇਡ਼ੇ ਅੰਬਰ ਹੋਟਲ ਕੋਲ ਪੈਂਦੀ ਰਿਹਾਇਸ਼ੀ ਕੋਠੀ ‘ਚ ਰੇਡ ਕੀਤੀ। ਜਾਂਚ ਦੌਰਾਨ ਪੁਲੀਸ ਨੂੰ ਕਰੀਬ ਇੱਕ ਕਰੋਡ਼ 65 ਹਜ਼ਾਰ ਰੁਪਏ ਦੇ ਭਾਰਤੀ ਕਰੰਸੀ ਨੋਟ, 585 ਫਰਜੀ ਰਸੀਦ ਬੁੱਕ, ਰਜਿਸਟਰ, ਚਾਰ ਬੋਲੈਰੋ ਜੀਪਾਂ, ਚਾਰ ਲੈਪਟਾਪ ਕੰਪਿਊਟਰ, ਇੱਕ ਨੋਟ ਗਿਣਨ ਵਾਲੀ ਮਸ਼ੀਨ, ਦੋ ਕੰਪਿਊਟਰ ਕੰਡੇ, 10 ਦੇ ਕਰੀਬ ਮੋਬਾਇਲ ਫੋਨ ਆਦਿ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਜ਼ਬਰੀ ਵਸੂਲੀ ਦੇ ਦੋਸ਼ ਹੇਠਾਂ 14 ਦੇ ਕਰੀਬ ਵਿਅਕਤੀਆਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਹੈ, ਜਿੰਨ੍ਹਾਂ ਦੀ ਪਛਾਣ ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਥਾਣ ਗਡ਼ਸ਼ੰਕਰ, ਕੁਲਵਿੰਦਰ ਸਿੰਘ ਪੱੁਤਰ ਹਰਦੀਪ ਸਿੰਘ ਥਾਣਾ ਬਿਜਨੋਰ ਯੂਪੀ, ਨਵਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਥਾਣਾ ਪੁਰਕਾਜੀ ਜ਼ਿਲ੍ਹਾ ਮੁਜਫ਼ਰਨਗਰ ਯੂਪੀ, ਮਲਕੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੋਪਡ਼, ਵਿਸ਼ਨੂੰ ਪੁੱਤਰ ਅਵਦੇਸ਼ ਕੁਮਾਰ ਵਾਸੀ ਗੰਗਾਨਗਰ ਰਾਜਸਥਾਨ, ਵਿਸ਼ਨੂੰ ਮਿਸ਼ਰਾ ਪੁੱਤਰ ਮਹਿੰਦਰ ਮਿਸ਼ਰਾ ਵਾਸੀ ਗੋਂਸਪੁਰ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ, ਕੁਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਥਾਣਾ ਚਮਕੌਰ ਸਾਹਿਬ, ਅਰੁਣ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਇੰਦੋਰਾ ਜ਼ਿਲ੍ਹਾ ਕਾਂਗਡ਼ਾ ਹਿ ਪ੍ਰ , ਨਿਰਵੈਰ ਸਿੰਘ ਪੁੱਤਰ ਹਰਭਜਨ ਸਿੰਘ ਜ਼ਿਲ੍ਹਾ ਤਰਨ ਤਾਰਨ, ਗੁਰੂ ਖਜੂਰੀਆ ਪੁੱਤਰ ਸੁਲਤਾਨ ਲਾਲ ਖਜੂਰੀਆ ਤੇ ਅਰਜਨ ਵਰਮਾ ਪੁੱਤਰ ਰਮੇਸ਼ ਕੁਮਾਰ ਵਾਸੀਆਨ ਅਖਨੂਰ, ਜੰਮੂ, ਕੈਲਾਸ਼ ਪੁੱਤਰ ਖਿਆਲੀ ਰਾਮ ਤੇ ਕ੍ਰਿਸ਼ਨਾ ਦੂਬੇ ਪੁੱਤਰ ਉਪਦੇਸ਼ ਕੁਮਾਰ ਦੂਬੇ ਵਾਸੀਆਨ ਗੰਗਾਨਗਰ, ਜਗਦੀਪ ਸਿੰਘ ਪੱੁਤਰ ਜੋਗਾ ਸਿੰਘ ਵਾਸੀ ਕੈਥਲ ਜ਼ਿਲ੍ਹਾ ਹਰਿਦੁਆਰ ਉਤਰਾਖੰਡ ਨੂੰ ਗ੍ਰਿਫ਼ਤਾਰ ਕੀਤਾ ਹੈ।

Leave a Reply

Your email address will not be published. Required fields are marked *