ਤਲਵਾਡ਼ਾ,9 ਅਗਸਤ (ਦੀਪਕ ਠਾਕੁਰ)-ਪੰਜਾਬ ਸਰਕਾਰ ਨੇ 75ਵਾਂ ਆਜ਼ਾਦੀ ਕਾ ਅਮ੍ਰਿੰਤ ਮਹਾਉਤਸਵ – ਹਰ ਘਰ ਤਿਰੰਗਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪੰਚਾਇਤਾਂ ਤੋਂ ਪੈਸੇ ਮੰਗੇ ਹਨ। ਇਸ ਸਬੰਧੀ ਪੇਂਡ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਕਾਇਦਾ ਡਿਪਟੀ ਕਮਿਸ਼ਨਰਾਂ, ਡੀਡੀਪੀਓਜ਼ ਤੇ ਬੀਡੀਪੀਓਜ਼ ਨੂੰ ਪੱਤਰ ਜ਼ਾਰੀ ਕਰਕੇ ਬਲਾਕ ਪੱਧਰ ’ਤੇ ਪੰਚਾਇਤਾਂ ਨੂੰ ਤਿਰੰਗੇ ਝੰਡਿਆਂ ਦਾ ਕੋਟਾ ਤੈਅ ਕੀਤਾ ਗਿਆ ਹੈ। ਤਿਰੰਗੇ ਝੰਡਿਆਂ ਦੀ ਵੰਡ ਲਈ ਪੰਚਾਇਤ ਸਕੱਤਰਾਂ ਦੀ ਡਿਊਟੀ ਲਗਾਈ ਗਈ ਹੈ। ਪੰਜਾਬ ਸਰਕਾਰ ਦੇ ਪੱਤਰ ਨੰਬਰ ਜੀਏਡੀ-ਪੀਓਐਲਡੀਈ.ਸੀ/1/ 2022-3 ਪੀਓਐਲ-1 ਅਨੁਸਾਰ ਭਾਰਤ ਸਰਕਾਰ ਵੱਲੋਂ ਅਗਾਮੀ ਆਜ਼ਾਦੀ ਦਿਹਾਡ਼ੇ ਸਬੰਧੀ ਐਲਾਨੇ ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ 13 ਤੋਂ 15 ਅਗਸਤ ਤੱਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਮੂਹ ਦਫ਼ਤਰਾਂ ਅਤੇ ਸਟੇਟ ਸੈਂਟਰਲ ਅਦਾਰਿਆਂ ਉੱਤੇ ਝੰਡਾ ਲਗਾਇਆ ਜਾਵੇ। ਇਸ ਮੁਹਿੰਮ ਤਹਿਤ ਕੌਮੀ ਝੰਡਾ ਵੰਡਣ ਸਮੇਂ ਜਰੂਰੀ ਗੱਲਾਂ ਜਿੰਵੇਂ ਝੰਡਾ ਫੱਟਿਆ ਜਾਂ ਠੀਕ ਨਾ ਹੋਣ ਦੀ ਸੂਰਤ ’ਚ ਨਾ ਵੰਡਣ ਦੀ ਹਦਾਇਤ ਜ਼ਾਰੀ ਕੀਤੀ ਗਈ ਹੈ। ਪ੍ਰਤੀ ਝੰਡੇ ਦੀ ਕੀਮਤ 25 ਰੁਪਏ ਮਿਥੀ ਗਈ ਹੈ, ਪੰਚਾਇਤਾਂ ਨੂੰ 13 ਤੋਂ 15 ਅਗਸਤ ਤੱਕ, ਜਿਸ ਘਰ ਝੰਡਾ ਲਗਾਇਆ ਜਾਣਾ ਹੈ, ਸਬੰਧੀ ਮੁਕੰਮਲ ਸੂਚਨਾ ਆਜ਼ਾਦੀ ਦਿਵਸ ਵਾਲੇ ਦਿਨ ਬੀਡੀਪੀਓ ਦਫ਼ਤਰ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।