ਜਲੰਧਰ (ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀ ਬਸਪਾ ਅਹੁਦੇਦਾਰਾਂ-ਵਰਕਰਾਂ ‘ਤੇ ਜਲੰਧਰ ਦਿਹਾਤੀ ਪੁਲਿਸ ਨੇ ਥਾਣਾ ਮਕਸੂਦਾਂ ‘ਚ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ ਉਨ੍ਹਾਂ ਖਿਲਾਫ ਸਿਰਫ ਇਸ ਕਰਕੇ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਵੱਲੋਂ ਨਸ਼ੇ ਤੇ ਆਪ ਸਰਕਾਰ ਦੇ ਜਬਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀ ਬਸਪਾ ਵਰਕਰਾਂ ਖਿਲਾਫ ਇਹ ਪਰਚਾ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਪਾਇਆ ਗਿਆ ਹੈ, ਜਦਕਿ ਉਨ੍ਹਾਂ ਵੱਲੋਂ ਕੋਈ ਵੀ ਹਾਈਵੇ ਜਾਮ ਨਹੀਂ ਕੀਤਾ ਗਿਆ। ਇਸ ਸਬੰਧੀ ਮੀਡੀਆ ਕਵਰੇਜ ਮੌਜ਼ੂਦ ਹੈ। ਬਸਪਾ ਆਗੂ ਨੇ ਕਿਹਾ ਕਿ ਹਲਕਾ ਕਰਤਾਰਪੁਰ, ਜਿਸਦੀ ਨੁਮਾਇੰਦਗੀ ਕੈਬਿਨੇਟ ਮੰਤਰੀ ਬਲਕਾਰ ਸਿੰਘ ਕਰ ਰਹੇ ਹਨ, ਉਸ ਹਲਕੇ ‘ਚ ਲਗਾਤਾਰ ਨਸ਼ਾ ਵਿਕ ਰਿਹਾ ਹੈ ਤੇ ਜਿਨ੍ਹਾਂ ਪਿੰਡਾਂ ‘ਚ ਕਦੇ ਪਹਿਲਾਂ ਨਸ਼ਾ ਨਹੀਂ ਵੀ ਵਿਕਿਆ ਸੀ, ਉਨ੍ਹਾਂ ‘ਚ ਵੀ ਆਪ ਦੇ ਰਾਜ ‘ਚ ਵਿਕਣ ਲੱਗ ਗਿਆ ਹੈ। ਇਸਨੂੰ ਨਾ ਤਾਂ ਸਰਕਾਰ ਵੱਲੋਂ ਹੀ ਰੋਕਿਆ ਜਾ ਰਿਹਾ ਹੈ ਤੇ ਨਾ ਹੀ ਪੁਲਿਸ ਵੱਲੋਂ। ਇਸੇ ਤਰ੍ਹਾਂ ਹੀ ਇਸ ਹਲਕੇ ‘ਚ ਪੁਲਿਸ ਵੱਲੋਂ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਆਮ ਲੋਕਾਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਹਨ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਨਸ਼ਾ ਵਿਕਣ ਅਤੇ ਇਸਦੇ ਨਾਲ ਹੋਣ ਵਾਲੀ ਬਰਬਾਦੀ ਤੇ ਝੂਠੇ ਪਰਚਿਆਂ ਕਰਕੇ ਲੋਕਾਂ ‘ਚ ਰੋਸ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹੀ ਬਸਪਾ ਵੱਲੋਂ ਹਲਕਾ ਕਰਤਾਰਪੁਰ ‘ਚ ਪੈਂਦੇ ਨੂਰਪੁਰ-ਬੁਲੰਦਪੁਰ ਅੱਡੇ ‘ਤੇ ਮਿਤੀ 23 ਜੁਲਾਈ ਨੂੰ ਇਹ ਪ੍ਰਦਰਸ਼ਨ ਰੱਖਿਆ ਗਿਆ ਸੀ। ਬਸਪਾ ਦਾ ਰੋਸ ਸਰਕਾਰ ਤੇ ਪ੍ਰਸ਼ਾਸਨ ਨਾਲ ਸੀ, ਨਾ ਕਿ ਆਮ ਲੋਕਾਂ ਨਾਲ। ਇਸ ਲਈ ਬਸਪਾ ਅਹੁਦੇਦਾਰਾਂ-ਵਰਕਰਾਂ ਵੱਲੋਂ ਕੋਈ ਵੀ ਹਾਈਵੇ ਜਾਮ ਨਹੀਂ ਕੀਤਾ ਗਿਆ, ਪਰ ਆਪ ਸਰਕਾਰ ਤੇ ਪੁਲਿਸ ਵੱਲੋਂ ਬਸਪਾ ਆਗੂਆਂ-ਵਰਕਰਾਂ ਖਿਲਾਫ ਝੂਠਾ ਮਾਮਲਾ ਬਣਾ ਕੇ ਇਹ ਪਰਚਾ ਕੀਤਾ ਗਿਆ ਹੈ, ਜਿਸਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਅਪਰਾਧ ਕਰਨ ਵਾਲੇ ਲੋਕਾਂ ਨੂੰ ਬਚਾਉਣ ‘ਚ ਲੱਗੀ ਹੋਈ ਹੈ ਤੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਖਿਲਾਫ ਝੂਠੇ ਪਰਚੇ ਦਰਜ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਆਪ ਦਾ ਰਾਜ ਇੱਕ ਤਰ੍ਹਾਂ ਨਾਲ ਪੰਜਾਬ ਦਾ ਕਾਲਾ ਦੌਰ ਹੈ, ਜਿਸ ‘ਚ ਲੋਕਾਂ ਨੂੰ ਵਿਰੋਧ ਕਰਨ ‘ਤੇ ਹੀ ਅਪਰਾਧੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਬੰਧ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।