ਜਲੰਧਰ( ਦਾ ਮਿਰਰ ਪੰਜਾਬ )ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਵਿੱਚ ਪ੍ਰਸ਼ਾਸਨਿਕ ਸੰਸਥਾਵਾਂ ਦਾ ਪਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਿੱਚ ਸੱਤ੍ਹਾਧਾਰੀ ਧਿਰ ਨਾਲ ਅਸਹਿਮਤੀ ਹੋਣਾ ਹੀ ਜੁਰਮ ਬਣ ਗਿਆ ਹੈ। ਸੱਤ੍ਹਾਧਾਰੀ ਧਿਰ ਨਾਲ ਅਸਹਿਮਤੀ ਰੱਖਣ ਵਾਲਿਆਂ ਖਿਲਾਫ ਸਰਕਾਰੀ ਮਸ਼ੀਨਰੀ ਪੁਲਿਸ ਤੇ ਸਿਵਿਲ ਪ੍ਰਸ਼ਾਸਨ ਦੀ ਦੱਬ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੌਜੂਦਾ ਹਾਲਾਤਾਂ ਬਾਰੇ ਵਿਚਾਰ ਕਰਨ ਲਈ ਰੱਖੀ ਮੀਟਿੰਗ ਵਿੱਚ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਦੀ ਜਾਣਕਾਰੀ ਵਿੱਚ ਉਨ੍ਹਾਂ ਅਤੇ ਸਾਥੀ ਬਸਪਾ ਵਰਕਰਾਂ ’ਤੇ ਝੂਠਾ ਪਰਚਾ ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਵੱਲੋਂ ਸਾਜਿਸ਼ਨ ਤਰੀਕੇ ਦੇ ਨਾਲ ਕੀਤਾ ਗਿਆ ਹੈ। ਉਨ੍ਹਾਂ ਦਾ ਕਸੂਰ ਸਿਰਫ ਇਹੀ ਹੈ ਕਿ ਉਹ ਆਪ ਸਰਕਾਰ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਰਾਜਨੀਤਕ ਵਿਰੋਧੀ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਵੀ ਹਲਕਾ ਕਰਾਤਰਪੁਰ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਹਲਕੇ ਦੀ ਕੈਬਨਿਟ ਮੰਤਰੀ ਬਲਕਾਰ ਸਿੰਘ ਨੁਮਾਇੰਦਗੀ ਕਰਦੇ ਹਨ। ਵਿਰੋਧੀ ਧਿਰ ਦੇ ਵਰਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਬਸਪਾ ਆਗੂ ਨੇ ਕਿਹਾ ਕਿ ਜਦੋਂ ਇਨਸਾਫ ਦੇਣ ਵਾਲੀਆਂ ਸੰਸਥਾਵਾਂ ਹੀ ਮਿਥ ਕੇ ਨਾਗਰਿਕਾਂ ਨਾਲ ਬੇਇਨਸਾਫੀ ’ਤੇ ਉੱਤਰ ਆਉਣ ਤਾਂ ਇਸ ਤੋਂ ਸਪਸ਼ਟ ਹੈ ਕਿ ਪ੍ਰਸ਼ਾਸਨਿਕ ਸੰਸਥਾਵਾਂ ਪਤਨ ਵੱਲ ਜਾ ਰਹੀਆਂ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਉਹ ਮੀਡੀਆ ਰਾਹੀਂ ਪੁੱਛਣਾ ਚਾਹੁੰਦੇ ਹਨ ਕਿ ਦੇਸ਼ ਦਾ ਕਿਹੜਾ ਕਾਨੂੰਨ ਸੱਤ੍ਹਾ ਵਿਰੋਧੀ ਆਗੂਆਂ ਤੇ ਵਰਕਰਾਂ ’ਤੇ ਬਿਨਾ ਕਸੂਰ ਦੇ ਝੂਠੇ ਪਰਚੇ ਕਰਨ, ਉਨ੍ਹਾਂ ਨੂੰ ਨਜਾਇਜ਼ ਤੌਰ ’ਤੇ ਤੰਗ ਪਰੇਸ਼ਾਨ ਕਰਨ ਅਤੇ ਗਿ੍ਰਫਤਾਰ ਕਰਨ ਦੀ ਇਜਾਜਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਇਕਬਾਲ ਸਿੰਘ ’ਤੇ ਝੂਠੀ 307 ਦੀ ਧਾਰਾ ਲਗਾ ਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਤੇ ਜੇਲ੍ਹ ਤੋਂ ਬਾਹਰ ਆਉਣ ’ਤੇ ਉਸਦੇ ਖਿਲਾਫ ਇਕ ਹੋਰ ਝੂਠਾ 307 ਦਾ ਪਰਚਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਕਰ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਹੋਰ ਵੀ ਝੂਠੇ ਪਰਚੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਹਲਕਾ ਕਰਤਾਰਪੁਰ ਵਿੱਚ ਸੱਤ੍ਹਾਧਾਰੀ ਧਿਰ ਦੇ ਪ੍ਰਭਾਵ ਵਿੱਚ ਕੀਤੇ ਗਏ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਡੀਜੀਪੀ ਪੰਜਾਬ ਨੂੰ ਵੀ ਜਲੰਧਰ ਦਿਹਾਤੀ ਤੇ ਖਾਸਕਰ ਹਲਕਾ ਕਰਤਾਰਪੁਰ ਵਿੱਚ ਦਿਹਾਤੀ ਪੁਲਿਸ ਵੱਲੋਂ ਕੀਤੇ ਜਾ ਰਹੇ ਝੂਠੇ ਪਰਚਿਆ ਬਾਰੇ ਆਪਣਾ ਰੁਖ਼ ਸਪਸ਼ਟ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਤੋਂ ਫਤਵਾ ਸੂਬੇ ਦੇ ਵਿਕਾਸ ਲਈ ਲਿਆ ਸੀ, ਜਦਕਿ ਕੰਮ ਇਸਦੇ ਉਲਟ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ ਤੇ ਇਸਦਾ ਪਹਿਲਾਂ ਦੀ ਤਰ੍ਹਾਂ ਅੱਗੇ ਵੀ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਸਪਾ ਆਗੂ ਸ਼ਾਦੀ ਲਾਲ, ਪ੍ਰਭਜਿੰਦਰ ਸਿੰਘ ਪੱਤੜ, ਅਮਰਜੀਤ ਸਿੰਘ ਨੰਗਲ, ਗਿਆਨ ਚੰਦ ਕਰਤਾਰਪੁਰ, ਪਰਮਜੀਤ ਸਿੰਘ ਮੰਨਣ, ਹਰੀਸ਼ ਮੰਨਣ, ਹੰਸ ਰਾਜ ਬੱਲਾਂ ਆਦਿ ਵੀ ਮੌਜੂਦ ਸਨ।