ਕੈਲੀਫੋਰਨੀਆ (ਜਸਪਾਲ ਕੈਂਥ)-ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਨੋਰਵਿਚ ਦੇ ਕਨੈਕਟੀਕਟ ਵਿਚ ਸਿਟੀ ਕੌਂਸਲ ਕੈਲੀਫੋਰਨੀਆ ਸਟੇਟ ਅਸੈਂਬਲੀ,ਡਾਇਰੈਕਟਰ ਸਿਖ ਆਰਟ ਗੈਲਰੀ ਨੇ ਜਾਤੀ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲੇ ਪਾਸ ਹੋਏ ਬਿੱਲ ਐਸਬੀ- 403 ਜੋ ਕਿ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਵੱਲੋਂ ਲਿਆਂਦਾ ਗਿਆ ਸੀ , ਦਾ ਪੂਰਾ ਸਮਰਥਨ ਕਰਦਿਆਂ ਕਿਹਾ ਕਿ ਉਸਦੀ ਅਮਰੀਕਨ ਸਿਖ ਸੰਗਤ ਹਮਾਇਤ ਕਰਦੀ ਹੈ ਤੇ ਆਪਣੇ ਦਬੇ ਕੁਚਲੇ ਭਾਈਚਾਰੇ ਨੇ ਖਲੌਤੀ ਹੈ। ਉਹਨਾਂ ਕਿਹਾ ਕਿ ਅਸੀਂ ਸਿਖ ਪੰਥ ਵਾਲੇ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਲਈ ਸੁਰੱਖਿਆ ਤੇ ਨਿਆਂ ਨੂੰ ਮਜ਼ਬੂਤ ਕਰਨ ਦੇ ਹਕ ਵਿਚ ਹਾਂ।
ਗਵਰਨਰ ਗੈਵਿਨ ਨਿਊਸਮ ਨੂੰ ਅਪੀਲ ਕਰਦਿਆਂ ਖਾਲਸਾ ਨੇ ਕਿਹਾ ਕਿ ਇਸ ਬਿੱਲ ਨੂੰ ਜਲਦ ਤੋਂ ਜਲਦ ਮਨਜ਼ੂਰੀ ਦਿੱਤੀ ਜਾਵੇ ਤੇ ਮਨੁੱਖੀ ਅਧਿਕਾਰਾਂ ਦੀ ਰਖਿਆ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹ ਇਸ ਸੰਬੰਧ ਵਿਚ ਗਵਰਨਰ ਨੂੰ ਜਲਦੀ ਬੇਨਤੀ ਪੱਤਰ ਲਿਖਣਗੇ ਤੇ ਮਿਲਣਗੇ ਵੀ। ਉਹਨਾਂ ਕਿਹਾ ਕਿ ਸਿੱਖ ਸਿਧਾਂਤ ਦੀ ਨਜ਼ਰ ਵਿੱਚ ਸਿਖ ਪੰਥ ਜਾਤੀ ਵਿਤਕਰਾ ਕਰਨ ਵਾਲੇ ਵਿਚਾਰ ਨਾਲ ਨਹੀਂ ਖੜ੍ਹ ਸਕਦਾ। ਉਹਨਾਂ ਕਿਹਾ ਕਿ ਸਾਰੇ ਗੁਰਦੂਆਰਿਆਂ ਦੇ ਪ੍ਰਬੰਧਕ ਅਮਰੀਕਨ ਸਿਖ ਜਥੇਬੰਦੀਆਂ ਬਿੱਲ ਦੀ ਹਮਾਇਤ ਵਿਚ ਹਨ।ਖਾਲਸਾ ਨੇ ਅਮਰੀਕਨ ਹਿੰਦੂ ਜਥੇਬੰਦੀਆਂ ਤੇ ਹਿੰਦੂ ਫਾਊਂਡੇਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਵਿਰੋਧ ਨਾ ਕਰਨ ਸਿਖ ਪੰਥ ਦੀ ਹਮਾਇਤ ਕਰਨ ਤਾਂ ਜੋ ਏਕਤਾ ਬਣੀ ਰਹੇ ਤੇ ਗੁਰੂ ਸਾਹਿਬਾਨ ਦਾ ਸਾਂਝੀਵਾਲਤਾ ਦਾ ਸਿਧਾਂਤ ਤੇ ਭਾਈਚਾਰਾ ਉਜਾਗਰ ਹੋਵੇ।ਉਹਨਾਂ ਪੰਜਾਬ ਦੇ ਸਿਖਾਂ ਨੂੰ ਅਪੀਲ ਕੀਤੀ ਖੰਡੇ ਦੇ ਨਿਸ਼ਾਨ ਸਾਹਿਬ ਤੇ ਗੁਰੂ ਗਰੰਥ ਸਾਹਿਬ ਨੂੰ ਮੰਨਣ ਵਾਲੇ ਪਿੰਡਾਂ ਵਿਚ ਗੁਰਦੁਆਰੇ ਇਕ ਕਰਨ।ਇਸ ਨਾਲ ਸਿਖ ਪੰਥ ਦੀ ਏਕਤਾ ਮਜਬੂਤ ਹੋਵੇਗੀ।ਉਹਨਾਂ ਕਿਹਾ ਕਿ ਅਸੀਂ ਸੰਸਾਰ ਨੂੰ ਸੁਨੇਹਾ ਦੇਣਾ ਹੈ ਕਿ ਸਿਖ ਪੰਥ ਜਾਤੀਵਾਦ ਤੇ ਨਸਲਵਾਦ ਵਿਰੋਧੀ ਪੰਥ ਹੈ।
ਖਾਲਸਾ ਨੇ ਕਿਹਾ ਕਿ ਸਿਖਾਂ ਨੂੰ ਪੰਜਾਬ ਵਿਚ ਪੰਜਾਬ ਦੇ ਹਕਾਂ ,ਪੰਥਕ ਨੁਮਾਇੰਦਗੀ ਲਈ ਮਜਬੂਤ ਰਾਜਸੀ ਸਿਖ ਜਥੇਬੰਦੀ ਦੀ ਲੋੜ ਹੈ ਤਾਂ ਜੋ ਪੰਜਾਬ ਤੇ ਸਿਖ ਕੇਂਦਰੀ ਪਾਰਟੀਆਂ ਦੀ ਲੁਟ ਤੋਂ ਬਚ ਸਕਣ।ਉਹਨਾਂ ਕਿਹਾ ਕਿ ਬਾਦਲ ਦਲ ਨਾ ਪੰਥ ਦੀ ਨੁਮਾਇੰਦਗੀ ਕਰਦਾ ਹੈ ਨਾ ਪੰਜਾਬ ਦਾ ਪ੍ਰਤੀਨਿਧ ਹੈ।ਇਸਨੇ ਵੰਨ ਨੇਸ਼ਨ ਵੰਨ ਇਲੈਕਸ਼ਨ ਦੀ ਹਮਾਇਤ ਕਰਕੇ ਸਿਖ ਨਾਲ ਧੋਖਾ ਕੀਤਾ ਹੈ। ਪੰਜਾਬ ਦੀ ਖੁਦਮੁਖਤਿਆਰੀ ਜੋ ਅਨੰਦਪੁਰ ਮਤੇ ਵਿਚ ਦਰਜ ਸੀ,ਉਸ ਤੋਂ ਵੀ ਇਹ ਭਟਕ ਕੇ ਹਿੰਦੂ ਰਾਸ਼ਟਰਵਾਦ ਦੀ ਸੰਘੀ ਗੁਰੂ ਗੋਲਵਰਕਰ ,ਸਰਵਰਕਰ ਦੀ ਸੋਚ ਅਪਨਾ ਬੈਠਾ ਹੈ ,ਜਿਸ ਅਨੁਸਾਰ ਸਿਖ ਵੀ ਹਿੰਦੂ ਹਨ।ਸਮੂਹ ਪੰਥ ਨੂੰ ਬਾਦਲ ਦਲ ਦਾ ਬਾਈਕਾਟ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਮਨੀਪੁਰ ਦੀ ਹਿੰਸਾ ਲਈ ਸਰਕਾਰ ਜਿੰਮੇਵਾਰ ਹੈ।
ਮਨੀਪੁਰ ਹਿੰਸਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਥੇ ਦੋ ਫਿਰਕਿਆਂ ਵਿੱਚ ਜਾਰੀ ਹਿੰਸਾ ਨੂੰ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਪੂਰਾ ਵਿਸ਼ਵ ਜਾਣਦਾ ਹੈ ਕਿ ਇਸ ਹਿੰਸਾ ਪਿੱਛੇ ਭਾਜਪਾ ਦੀ ਬੀਰੇਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਹੱਥ ਸੀ। ਇਸ ਸੱਚ ਨੂੰ ਜੋ ਵੀ ਉਜਾਗਰ ਕਰਦਾ ਹੈ, ਮਨੀਪੁਰ ਦਾ ਪ੍ਰਸ਼ਾਸਨ ਉਸ ਦੇ ਪਿੱਛੇ ਹੱਥ ਧੋ ਕੇ ਪੈ ਜਾਂਦਾ ਹੈ।ਇਸ ਬਾਰੇ ਵਖ ਵਖ ਦੇਸ ਇਸ ਹਿੰਸਾ ਦੀ ਨਿੰਦਾ ਕਰ ਰਹੇ ਹਨ। ਮਨੀਪੁਰ ਸਰਕਾਰ ਨੇ ਇਸ ਬਾਰੇ ਸਹੀ ਰਿਪੋਰਟ ਜਾਰੀ ਕਰਨ ਵਾਲੇ ਚਾਰ ਨਾਮੀ ਪੱਤਰਕਾਰਾਂ ਐਡੀਟਰਜ਼ ਗਿਲਡ ਆਫ਼ ਇੰਡੀਆ ਦੀ ਪ੍ਰਧਾਨ ਸੀਮਾ ਮੁਸਤਫ਼ਾ, ਸੀਮਾ ਗੂਹਾ, ਭਾਰਤ ਭੂਸ਼ਣ ਤੇ ਸੰਜੇ ਕਪੂਰ ਵਿਰੁੱਧ ਕੇਸ ਦਰਜ ਕਰਕੇ ਮਨੁੱਖੀ ਅਧਿਕਾਰਾਂ ਤੇ ਜਮਹੂਰੀਅਤ ਦਾ ਅਪਮਾਨ ਕੀਤਾ ਹੈ।
ਉਹਨਾਂ ਕਿਹਾ ਕਿ ਸੱਚ ਨੂੰ ਛੁਪਾਉਣ ਲਈ ਮਨੀਪੁਰ ਦੀ ਰਾਜ ਸਰਕਾਰ ਦੀ ਇਹ ਕਾਰਵਾਈ ਮੀਡੀਆ ਨੂੰ ਡਰਾਉਣ-ਧਮਕਾਉਣ ਦੀ ਯੋਜਨਾ ਦਾ ਹਿੱਸਾ ਹੈ।ਉਹਨਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਹਿੰਸਾ ਨਾਲ ਸੜ ਰਹੇ ਮਨੀਪੁਰ ਵੱਲ ਮੋਦੀ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਰਾਜ ਸਰਕਾਰ ਦੇ ਅਜਿਹੇ ਕਦਮ ਮਾਮਲੇ ਨੂੰ ਹੋਰ ਵਿਗਾੜਨਗੇ।