*ਸਰਦਾਰ ਭੱਟੀ ਨੂੰ ਹੁਣ ਤੱਕ, ਸੱਤ ਗੋਲਡ ਮੈਡਲ, ਇੱਕ ਅਵਾਰਡ ਭਾਰਤ ਸਰਕਾਰ ਵੱਲੋਂ ਅਤੇ ਅਲੱਗ ਅਲੱਗ ਸੰਸਥਾਵਾਂ ਕੋਲ਼ੋਂ ਗਿਆਰਾਂ ਸਨਮਾਨ ਪੱਤਰ ਵੀ ਮਿਲ ਚੁੱਕੇ ਹਨ——–ਜਸਮੇਨ ਸਿੰਘ ਨੋਨੀ*
*ਗੁਗਲ ਦੇ ਰਿਕਾਰਡ ਮੁਤਾਬਿਕ ਪ੍ਰੋਫੈਸਰ ਭੁੱਲਰ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚੁਰਾਸੀ ‘ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ 57 ਦਿਨ ਦੀ ਭੁੱਖ ਹੜਤਾਲ ਰੱਖਣੀ ਭੱਟੀ ਦੀ ਜਿੰਦਗੀ ਦਾ ਅਹਿਮ ਹਿੱਸਾ – ਮੀਡੀਆ ਰਿਪੋਰਟ*
ਦਿੱਲੀ 2 ਫਰਵਰੀ (ਦਾ ਮਿਰਰ ਪੰਜਾਬ) ਦਿੱਲੀ ਸਿੱਖ ਗੁਰਦੁਆਰਾ ਮੇਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਮੌਜੂਦਾ ਜੁਆਇੰਟ ਸੈਕਟਰੀ ਜਸਮੇਨ ਸਿੰਘ ਨੋਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਾਂਸ ਨਿਵਾਸੀ ਇਕਬਾਲ ਸਿੰਘ ਭੱਟੀ, ਜਿਹੜੇ ਕਿ ਫਰਾਂਸ ਵਿੱਚੋਂ ਵਿਛੁੜ ਚੁੱਕੀਆਂ ਰੂਹਾਂ ਦੇ ਮਿਰਤਕ ਸਰੀਰਾਂ ਨੂੰ ਉਨ੍ਹਾਂ ਦੇ ਘਰ ਦਿਆਂ ਤੱਕ ਪਹੁੰਚਾਉਣਾ ਜਾਂ ਫਿਰ ਉਨ੍ਹਾਂ ਵਿੱਚੋਂ ਕਈਆਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਲਾਹ ਨਾਲ ਉਨ੍ਹਾਂ ਦਾ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਨੂੰ, ਸਬੰਧਿਤ ਪਰਿਵਾਰਾਂ ਕੋਲ, ਘਰ ਘਰ ਜਾ ਕੇ ਪਹੁੰਚਾਉਣਾ , ਬਹੁਤ ਵੱਡੀ ਅਤੇ ਅਨੋਖੀ ਸੇਵਾ ਹੈ, ਜੋ ਕਿ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੀ ਹੈ | ਸਾਨੂੰ ਮਿਲੀ ਜਾਣਕਾਰੀ ਮੁਤਾਬਿਕ ਭੱਟੀ ਸਾਹਿਬ 2003 ਤੋਂ ਲੈ ਕੇ ਹੁਣ ਤੱਕ 371 ਮਿਰਤਕ ਦੇਹਾਂ ਦਾ ਕਿਰਿਆ ਕਰਮ ਆਪਣੇ ਹੱਥੀਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਅਤੇ ਫਰਾਂਸ ਦੇ ਚਾਰ ਪ੍ਰਮੁੱਖ ਗੁਰਦੁਆਰਿਆਂ ਦੀ ਸਾਧ ਸੰਗਤ ਵੱਲੋਂ ਗਾਹੇ ਬਗਾਹੇ ਦਿੱਤੀ ਜਾ ਰਹੀ ਮਾਇਕ ਸਹਾਇਤਾ ਨਾਲ ਕਰ ਚੁੱਕੇ ਹਨ | ਇਨ੍ਹਾਂ 371 ਦੇਹਾਂ ਵਿੱਚੋਂ 122 ਸਸਕਾਰ ਫਰਾਂਸ ਵਿੱਚ ਜਦਕਿ ਬਾਕੀ ਮਿਰਤਕ ਦੇਹਾਂ ਭਾਰਤ ਵਿੱਚ ਅਲੱਗ ਅਲੱਗ ਸੂਬਿਆਂ ਵਿੱਚ ਉਨ੍ਹਾਂ ਦੇ ਵਾਰਿਸਾਂ ਕੋਲ ਭੇਜੀਆਂ ਜਾ ਚੁੱਕੀਆਂ ਹਨ | ਹੁਣ ਤੱਕ ਫਰਾਂਸ ਵਿੱਚ ਹੋਏ 122 ਸਕਕਾਰਾਂ ਵਿੱਚੋਂ ਤੇਰਾਂ ਪ੍ਰਾਣੀਆਂ ਦੀਆਂ ਅਸਥੀਆਂ ਉਨ੍ਹਾਂ ਦੇ ਸਬੰਧਿਤ ਪਰਿਵਾਰ ਖੁੱਦ ਆਪ ਲੈ ਕੇ ਫਰਾਂਸ ਤੋਂ ਭਾਰਤ ਲਿਜਾ ਚੁੱਕੇ ਹਨ, ਜਦਕਿ 109 ਜਣਿਆਂ ਦੀਆਂ ਅਸਥੀਆਂ ਭੱਟੀ ਸਾਹਿਬ ਆਪਣੇ ਹੱਥੀਂ ਭਾਰਤ ਲਿਜਾ ਚੁੱਕੇ ਹਨ | ਮਿਰਤਕ ਦੇਹ ਨੂੰ ਭਾਰਤ ਭੇਜਨ ਦਾਂ ਖਰਚਾ ਕਰੀਬਨ ਪੰਜ ਹਜਾਰ ਯੂਰੋ ਜਦਕਿ ਫਰਾਂਸ ਵਿੱਚ ਸਸਕਾਰ ਕਰਨ ਦਾਂ ਖਰਚਾ ਪੱਚੀ ਸੌਅ ਯੂਰੋ ਆਉਂਦਾ ਹੈ | ਇਨ੍ਹਾਂ ਸਾਰਿਆਂ ਮਿਰਤਕ ਦੇਹਾਂ ਦਾ ਸਸਕਾਰ ਕਰਨ ਅਤੇ ਭਾਰਤ ਭੇਜਣ ਦੇ ਖਰਚੇ ਦਾ ਸਾਰਾ ਪ੍ਰਬੰਧ ਸੰਸਥਾ ਹੀ ਕਰਦੀ ਹੈ, ਸਬੰਧਿਤ ਪਰਿਵਾਰ ਕੋਲ਼ੋਂ ਕਿਸੇ ਵੀ ਕਿਸਮ ਦਾ ਖਰਚ ਨਹੀਂ ਲਿਆ ਜਾਂਦਾ, ਸੰਸਥਾ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਪੈਸਿਆਂ ਦਾਂ ਪ੍ਰਬੰਧ ਕਿਵੇਂ ਅਤੇ ਕਿੱਥੋਂ ਕਰੇ | ਇਨ੍ਹਾਂ ਮਿਰਤਕ ਦੇਹਾਂ ਦਾਂ ਕਿਰਿਆ ਕਰਮ ਉਸਦੇ ਧਰਮ ਮੁਤਾਬਿਕ ਧਾਰਮਿਕ ਰਸਮਾਂ ਨਿਭਾਉਣ ਉਪਰੰਤ ਕੀਤਾ ਜਾਂਦਾ ਹੈ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ | ਇਹ ਸੰਸਥਾ ਸਮੁਚੇ ਭਾਰਤੀਆਂ ਵਾਸਤੇ ਨਿਰਸੁਆਰਥ ਸੇਵਾ ਕਰਦੀ ਹੈ, ਨਾ ਕਿ ਕਿਸੇ ਇੱਕ ਧਰਮ ਵਾਸਤੇ |
ਇਨ੍ਹਾਂ 371 ਮਿਰਤਕ ਦੇਹਾਂ ਵਿੱਚੋਂ 99 ਮਿਰਤਕ ਦੇਹਾਂ ਦਾ ਸਾਰਾ ਖਰਚਾ ਫਰਾਂਸ ਸਥਿਤ, ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੋਇਆ ਹੈ | ਜਦਕਿ ਕੋਵਿਡ ਦੇ ਦਿਨਾਂ ਵਿੱਚ ਜਿਹੜੇ 19 ਵਿਅਕਤੀ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਟੋਟਲ ਖਰਚਾ 42370 € ਆਇਆ ਸੀ, ਜਦਕਿ ਫਰਾਂਸ ਵਿੱਚ ਵੱਸਦੇ ਪੰਜਾਬੀ ਭਰਾਵਾਂ ਨੇ ਆਪਣੇ ਘਰਾਂ ਵਿੱਚ ਬੁਲਾ ਬੁਲਾ ਕੇ (ਕਿਉਂਕਿ ਕੋਵਿਡ ਦੇ ਕਾਰਨ ਲੋਕ ਘਰਾਂ ਵਿੱਚ ਬੰਦ ਸਨ, ਉਨ੍ਹਾਂ ਕੋਲ਼ੋਂ 32940 € ਇਕੱਠੇ ਹੋਏ ਸਨ | ਇਹ ਸਾਰੇ ਪੈਸੇ ਉਨ੍ਹਾਂ ਪਰਿਵਾਰਾਂ ਨੇ ਦਿੱਤੇ ਸਨ, ਜਿਨ੍ਹਾਂ ਦੀ ਗਿਣਤੀ ਮੋਹਤਬਾਰ ਬੰਦਿਆਂ ਵਿੱਚ ਭਾਵੇਂ ਨਹੀਂ ਆਉਂਦੀ, ਲੇਕਿਨ ਦਰਿਆਦਿਲੀ ਅਤੇ ਦਾਨੀ ਪਰਿਵਾਰ ਜਰੂਰ ਹਨ, ਜਿਨ੍ਹਾਂ ਨੇ ਆਪਣੇ ਨਾਵਾਂ ਦੀ ਮਸ਼ਹੂਰੀ ਵੀ ਨਹੀਂ ਕੀਤੀ ਅਤੇ ਨਾ ਹੀ ਕੋਈ ਅੱਜ ਤੱਕ ਕੋਈ ਸੁਆਲ ਕੀਤਾ ਹੈ| ਬਾਕੀ 249 ਮਿਰਤਕ ਦੇਹਾਂ ਦਾਂ ਖਰਚਾ ਫਰਾਂਸ ਵਿੱਚ ਵੱਸਦੀ ਕਮੀਉਨਿਟੀ ਦੇ ਲੋਕਾਂ ਨੇ ਸੰਸਥਾ ਦਾ ਸਾਥ ਦਿੰਦੇ ਹੋਏ ਕੀਤਾ ਹੋਇਆ ਹੈ |
ਇਸ ਸੰਸਥਾ ਨੂੰ,ਫਰਾਂਸ ਸਥਿਤ, ਭਾਰਤੀ ਅੰਬੈਸੀ ਸਾਹਿਤ ਫਰਾਂਸ ਦੇ ਚਾਰ ਪ੍ਰਮੁੱਖ ਗੁਰਦੁਆਰਿਆਂ ਦੇ ਨਾਲ ਨਾਲ ਰਾਜੀਵ ਚੀਮਾ, ਰਘੁਬੀਰ ਸਿੰਘ ਕੋਹਾੜ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਬਲਵਿੰਦਰ ਸਿੰਘ ਥਿੰਦ , ਤੇਜਿੰਦਰ ਸਿੰਘ ਜੋਸਨ, ਸਰਬਜੀਤ ਸਿੰਘ ਟਾਂਡਾ, ਸੋਨੀ ਰਾਣੀਪੁਰ, ਹਰਿੰਦਰਪਾਲ ਸਿੰਘ ਸੇਠੀ, ਜੋਗਿੰਦਰ ਕੁਮਾਰ ਅਵਿਨਾਸ਼ ਮਿਸ਼ਰਾ, ਪ੍ਰਿਥੀਪਾਲ ਸਿੰਘ ਵਰ੍ਹਿਆਂਣਾ, ਮੋਹਿੰਦਰ ਸਿੰਘ ਬਰਿਆਰ , ਯਾਦਵਿੰਦਰ ਸਿੰਘ ਬਰਾੜ, ਸਤਨਾਮ ਸਿੰਘ ਬਦੇਸ਼ਾ, ਬਿੱਟੂ ਬੰਗੜ ਅਤੇ ਰਾਜੂ ਚੰਦੀ ਆਦਿ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹਿੰਦਾ ਹੈ |
ਇਸ ਸੰਸਥਾ ਦੀ ਸਮਾਜ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਅਸੀਂ ਦੋਵੇਂ ਜਣੇ ( ਸਿਰਸਾ ਸਾਹਿਬ ਅਤੇ ਨੋਨੀ ) ਦਿਲੋਂ ਸਰਾਹਣਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਕਬਾਲ ਸਿੰਘ ਭੱਟੀ ਅਤੇ ਉਸਦੇ ਸਾਥੀਆਂ ਨੂੰ ਭਾਰਤ ਸਰਕਾਰ ਵੱਲੋਂ ਹੋਰ ਮਾਣ ਸਨਮਾਨ ਮਿਲੇ | ਦੂਸਰਾ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਸੰਸਥਾ ਨੂੰ ਭਾਰਤ ਵਿੱਚ ਵੀ ਸਰਕਾਰੀ ਤੌਰ ਤੇ ਮਾਨਤਾ ਪ੍ਰਾਪਤ ਹੋਵੇ, ਤਾਂ ਕਿ ਮਿਰਤਕ ਦੇਹਾਂ ਭੇਜਣ ਵਿੱਚ ਇਸ ਸੰਸਥਾ ਨੂੰ ਕੋਈ ਕਾਨੂੰਨੀ ਅੜਚਣ ਪੇਸ਼ ਨਾ ਆਵੇ |