ਜਲੰਧਰ (ਜਸਪਾਲ ਕੈਂਥ)- ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ’ਤੇ ਅੱਜ ਵੀਰਵਾਰ ਨੂੰ ਫਿਲੌਰ ਵਿਖੇ ਪਾਰਟੀ ਵੱਲੋਂ ਸੂਬਾ ਪੱਧਰੀ ਮਹਾਰੈਲੀ ਕੀਤੀ ਗਈ, ਜਿਸ ’ਚ ਲੋਕਾਂ ਦਾ ਹੜ੍ਹ ਆ ਗਿਆ। ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਦੇ ਬੈਨਰ ਹੇਠ ਹੋਈ ਇਸ ਇਤਿਹਾਸਕ ਰੈਲੀ ਦੌਰਾਨ ਭਾਰੀ ਇਕੱਠ ਵਿਚਕਾਰ ਪੰਜਾਬ ’ਚ ਸੱਤਾ ਪਰਿਵਰਤਨ ਦਾ ਸੰਕਲਪ ਲਿਆ ਗਿਆ। ਮਹਾਰੈਲੀ ’ਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ 2027 ’ਚ ਬਸਪਾ ਪੰਜਾਬ ’ਚ ਸਰਕਾਰ ਬਣਾਏਗੀ। ਇਸ ਦੌਰਾਨ ਬਸਪਾ ਦੇ ਸੂਬਾ ਕੋਆਰਡੀਨੇਟਰ ਡਾ. ਨਛੱਤਰ ਪਾਲ ਐਮਐਲਏ, ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਚੌਧਰੀ ਗੁਰਨਾਮ ਸਿੰਘ ਤੇ ਤੀਰਥ ਰਾਜਪੁਰਾ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਭੈਣ ਕੁਲਵੰਤ ਕੌਰ ਜੀ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਸਨ। ਮੰਚ ਦਾ ਸੰਚਾਲਨ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤਾ।
ਸਭ ਤੋਂ ਪਹਿਲਾਂ ਸਾਹਿਬ ਕਾਂਸ਼ੀ ਰਾਮ ਜੀ ਨੂੰ ਪਰਿਨਿਰਵਾਣ ਦਿਵਸ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮਹਾਰੈਲੀ ਨੂੰ ਸੰਬੋਧਿਤ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਸਰਕਾਰਾਂ ਦੌਰਾਨ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਗਈਆਂ। ਇਨ੍ਹਾਂ ਸਰਕਾਰਾਂ ਦੌਰਾਨ ਫੈਲੇ ਨਸ਼ੇ ਨੇ 2 ਲੱਖ ਲੋਕਾਂ ਦੀ ਜਾਨ ਲੈ ਲਈ। ਇਨ੍ਹਾਂ ਦੇ ਰਾਜ ’ਚ ਹੀ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ, ਸਿੱਖਾਂ ਖਿਲਾਫ ਹਿੰਸਾ ਕੀਤੀ ਗਈ, ਮੁਸਲਿਮ ਤੇ ਇਸਾਈ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਹੋਈਆਂ। ਬਟਾਲਾ ’ਚ ਸਤਿਗੁਰੂ ਕਬੀਰ ਮਹਾਰਾਜ ਦੇ ਗੁਰੂ ਘਰ ਤੇ ਬਠਿੰਡਾ ’ਚ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸੇ ਤਰ੍ਹਾਂ ਭਗਵਾਨ ਵਾਲਮੀਕੀ ਮਹਾਰਾਜ ਜੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਆਪ ਸਰਕਾਰ ਦੌਰਾਨ ਫਿਲੌਰ ਦੇ ਧੁਲੇਤਾ ਪਿੰਡ ’ਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ’ਤੇ ਹਮਲਾ ਹੋਇਆ। ਇਸ ਬੇਅਦਬੀ ਦਾ ਵਿਰੋਧ ਕਰਨ ਵਾਲੀਆਂ ਬਜ਼ੁਰਗ ਮਹਿਲਾਵਾਂ ਨੂੰ ਪੁਲਿਸ ਨੇ ਥਾਣੇ ’ਚ ਬੰਦ ਕਰ ਦਿੱਤਾ ਗਿਆ। ਹਾਲਾਂਕਿ ਬਸਪਾ ਵੱਲੋਂ ਕੀਤੇ ਗਏ ਅੰਦੋਲਨ ਤੋਂ ਬਾਅਦ ਆਪ ਸਰਕਾਰ ਨੂੰ ਝੁਕਣਾ ਪਿਆ ਤੇ ਗੁਰੂ ਘਰ ਦੀਆਂ ਕੰਧਾਂ ਉਸੇ ਸਥਾਨ ’ਤੇ ਬਣਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਇਸ ਬੇਅਦਬੀ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਆਫੀ ਮੰਗਣ ਅਤੇ ਕਾਰਵਾਈ ਕਰਨ ਵਾਲੇ ਅਫਸਰਾਂ ’ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸ੍ਰੀ ਖੁਰਾਲਗੜ੍ਹ ਸਾਹਿਬ ’ਚ ਆਪ ਸਰਕਾਰ ਵੱਲੋਂ ਸ਼ਰਾਬ ਠੇਕੇ ਖੋਲੇ ਜਾਣ, ਜਲੰਧਰ ਤੇ ਹੁਸ਼ਿਆਰਪੁਰ ’ਚ ਗੁਰੂ ਘਰਾਂ ਨੂੰ ਮੁਹੱਲਾ ਕਲੀਨਿਕ ਤੇ ਪੰਚਾਇਤ ਘਰ ’ਚ ਤਬਦੀਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵੀ ਮਹਾਰੈਲੀ ਦੌਰਾਨ ਚੁੱਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ’ਚ ਦੋਸ਼ੀਆਂ ਨੂੰ ਆਪ ਸਰਕਾਰ ਅੱਜ ਤੱਕ ਸਜਾ ਨਹੀਂ ਦੇ ਸਕੀ।
ਬਸਪਾ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਕੀਤੀ ਗਈ, ਜਿਸਦੇ ਵਿਰੋਧ ’ਚ ਬਸਪਾ ਨੇ ਪ੍ਰਦਰਸ਼ਨ ਕੀਤੇ, ਪਰ ਕਾਂਗਰਸ, ਭਾਜਪਾ ਤੇ ਅਕਾਲੀ ਦਲ ਚੁੱਪ ਰਹੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਸੰਗਰੂਰ ’ਚ ਸੰਘਰਸ਼ ਕਰਨ ਵਾਲੇ ਬੇਜ਼ਮੀਨੇ ਲੋਕਾਂ ਨੂੰ ਜੇਲ੍ਹਾਂ ’ਚ ਸੁੱਟਿਆ ਗਿਆ। ਇਸੇ ਤਰ੍ਹਾਂ ਪਟਿਆਲਾ ਦੇ ਬਠੋਈ ਕਲਾਂ ’ਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਹ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਹੱਕ ਖੋਹਣ ਲੱਗੀ ਹੋਈ ਹੈ, ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਪਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਹਨ। ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਿੱਖਿਆ ਦਾ ਮੁੱਦਾ ਚੁੱਕਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ 2009 ਤੋਂ ਲੈ ਕੇ ਹੁਣ ਤੱਕ ਦੇ 16 ਸਾਲਾਂ ’ਚ ਸੂਬੇ ’ਚ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਰਹੀਆਂ, ਪਰ ਇਸ ਦੌਰਾਨ ਬਣੇ ਚਾਰੇ ਮੁੱਖ ਮੰਤਰੀਆਂ ਨੇ ਮੁਫਤ ਸਿੱਖਿਆ ਦੇ ਕਾਨੂੰਨ ਨੂੰ ਲਾਗੂ ਨਹੀਂ ਕੀਤਾ। ਇਸੇ ਤਰ੍ਹਾਂ ਰੁਜ਼ਗਾਰ ਦੇਣ ’ਚ ਵੀ ਇਹ ਸਰਕਾਰਾਂ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ, ਜਿਸ ਕਰਕੇ ਲੋਕਾਂ ਨੂੰ ਕੰਮਕਾਜ ਲਈ ਘਰ-ਪਰਿਵਾਰ ਛੱਡ ਕੇ ਵਿਦੇਸ਼ਾਂ ’ਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਤੇ ਉਹ 2027 ’ਚ ਬਸਪਾ ਦੀ ਸਰਕਾਰ ਬਣਾਉਣਗੇ।
ਉਨ੍ਹਾਂ ਕਿਹਾ ਕਿ ਸੂਬੇ ’ਚ ਸਰਕਾਰ ਬਣਨ ’ਤੇ ਲੋਕਾਂ ਲਈ ਮੁਫਤ ਸਿੱਖਿਆ ਤੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਉਤਰ ਪ੍ਰਦੇਸ਼ ’ਚ ਬਸਪਾ ਸਰਕਾਰ ਦੌਰਾਨ 12.50 ਲੱਖ ਨੌਕਰੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਪੰਜਾਬ ’ਚ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਸਕੂਲਾਂ ’ਚ 100 ਫੀਸਦੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।
ਇਸ ਮਹਾਰੈਲੀ ਨੂੰ ਸੂਬਾ ਕੋਆਰਡੀਨੇਟਰ ਡਾ. ਨਛੱਤਰ ਪਾਲ ਐਮਐਲਏ, ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਚੌਧਰੀ ਗੁਰਨਾਮ ਸਿੰਘ ਤੇ ਤੀਰਥ ਰਾਜਪੁਰਾ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਡਾ. ਮੱਖਣ ਸਿੰਘ, ਚਮਕੌਰ ਸਿੰਘ, ਤਰਸੇਮ ਥਾਪਰ, ਹਰਭਜਨ ਸਿੰਘ ਬਜਹੇੜੀ, ਲਾਲ ਸਿੰਘ ਸੁਲਹਾਣੀ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਬਲਜੀਤ ਸਿੰਘ ਸਲਹਾਣਾ, ਪ੍ਰਵੀਨ ਬੰਗਾ, ਮਾਸਟਰ ਹਰਭਜਨ ਬਲਾਲੋਂ, ਲੇਖਰਾਜ ਜਮਾਲਪੁਰੀ, ਠੇਕੇਦਾਰ ਭਗਵਾਨ ਦਾਸ ਸਿੱਧੂ, ਬਲਦੇਵ ਮਹਿਰਾ, ਖੁਸ਼ੀ ਰਾਮ ਰਿਟਾ. ਆਈਏਐਸ, ਖੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ, ਜਗਦੀਸ਼ ਸ਼ੇਰਪੁਰੀ, ਦਲਜੀਤ ਰਾਏ, ਡਾ. ਜਸਵੰਤ, ਰਾਕੇਸ਼ ਦਾਤਾਰਪੁਰੀ, ਜਸਵੰਤ ਰਾਏ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਬਲਵਿੰਦਰ ਬਿੱਟਾ, ਤੇਜਪਾਲ ਬਸਰਾ, ਗੁਰਬਖਸ਼ ਮਹੇ, ਜਸਵਿੰਦਰ ਬਿੱਟੂ ਭੁਲੱਥ, ਸੁਸ਼ੀਲ ਵਿਰਦੀ, ਜਤਿੰਦਰ ਹੈਪੀ, ਜਸਵਿੰਦਰ ਝੱਲੀ, ਦੇਵਰਾਜ ਸੁਮਨ, ਕੌਂਸਲਰ ਮਦਨ ਮੱਦੀ, ਹਰਜਿੰਦਰ ਬਿੱਲਾ, ਜਗਦੀਸ਼ ਦੀਸ਼ਾ, ਰਾਕੇਸ਼ ਬੱਗਾ, ਹਰਮੇਸ਼ ਖੁਰਲਾ ਕਿੰਗਰਾ, ਕੌਂਸਲਰ ਚਿਰੰਜੀ ਕਾਲਾ, ਕੌਂਸਲਰ ਅਮਨਦੀਪ, ਕੌਂਸਲਰ ਦਵਿੰਦਰ ਗੋਗਾ, ਅਮਨਦੀਪ ਨਵਾਂ ਪਿੰਡ ਨੇਚਾ ਆਦਿ ਆਗੂ ਵੀ ਮੌਜ਼ੂਦ ਸਨ।