ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸ਼ਿਪ ਨੇ ਜਲੰਧਰ ਵਿੱਚ ਬਸਪਾ ਆਗੂਆਂ ਤੇ ਵਰਕਰਾਂ ’ਤੇ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੇ ਨਜਾਇਜ਼ ਲਾਠੀਚਾਰਜ ਤੇ ਖਿੱਚ ਧੂਹ ਅਤੇ ਝੂਠੇ ਪਰਚਿਆਂ ਦੇ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਕੋਲ ਚੁੱਕਿਆ ਹੈ। ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜੀ, ਸੂਬਾ ਇੰਚਾਰਜ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ ਤੇ ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ ਚਾਰ ਮੈਂਬਰੀ ਵਫਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ। ਇਸ ਸਬੰਧੀ ਵਫਦ ਨੇ ਪੰਜਾਬ ਭਰ ਵਿੱਚ ਦਲਿਤ-ਪੱਛੜੇ ਵਰਗਾਂ ਤੇ ਆਮ ਲੋਕਾਂ ਨਾਲ ਸਬੰਧਤ ਮਸਲਿਆਂ ਬਾਰੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਜਲੰਧਰ ਨਾਲ ਸਬੰਧਤ ਮਸਲਿਆਂ ਨੂੰ ਵੀ ਰਾਜਪਾਲ ਕੋਲ ਚੁੱਕਿਆ ਗਿਆ। ਵਫਦ ਨੇ ਦੱਸਿਆ ਕਿ ਸੂਬੇ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੁਲਿਸ ਰਾਹੀਂ ਦਲਿਤ-ਪੱਛੜੇ ਵਰਗਾਂ ਦਾ ਦਮਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦੀ ਉਦਾਹਰਨ ਜਲੰਧਰ ਹੈ, ਜਿੱਥੇ ਆਪ ਸਰਕਾਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਦਲਿਤਾਂ ਨੂੰ ਦਬਾਉਣ ਤੇ ਉਨ੍ਹਾਂ ਖਿਲਾਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦਲਿਤ-ਪੱਛੜੇ ਵਰਗਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਦਬਾਉਣ ਲਈ ਹੀ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਡਾ. ਅੰਬੇਡਕਰ ਪਾਰਕ, ਸਈਪੁਰ ਵਿੱਚ ਬਸਪਾ ਆਗੂਆਂ ਤੇ ਵਰਕਰਾਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਨਜਾਇਜ਼ ਤੌਰ ’ਤੇ ਖਿੱਚ ਧੂਹ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਦਲਿਤ-ਪੱਛੜੇ ਵਰਗਾਂ ਦੇ ਨੁਮਾਇੰਦਿਆਂ ਨੂੰ ਦਬਾਉਣ ਲਈ ਆਪ ਦੀ ਸ਼ਹਿ ’ਤੇ ਬਸਪਾ ਦੇ 163 ਵਰਕਰਾਂ ’ਤੇ ਹਾਈਵੇ ਐਕਟ ਦਾ ਝੂਠਾ ਪਰਚਾ ਥਾਣਾ ਮਕਸੂਦਾਂ ਵਿਖੇ ਦਰਜ ਕੀਤਾ ਗਿਆ। ਜਿੱਥੇ ਥਾਣਾ ਮਕਸੂਦਾਂ ਪੁਲਿਸ ਨੇ ਖੁਦ ਹੀ ਹਾਈਵੇ ਰੋਕ ਕੇ ਬਸਪਾ ਵਰਕਰਾਂ ’ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਇਸ ਤੋਂ ਇਲਾਵਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੋਸ਼ਲ ਮੀਡੀਏ ’ਤੇ ਬਸਪਾ ਆਗੂਆਂ ਤੇ ਵਰਕਰਾਂ ਨੂੰ ਗਾਲੀ-ਗਲੋਚ ਕਰਨ ਅਤੇ ਉਨ੍ਹਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਸੇ ਕਰਕੇ ਹੀ ਪੁਲਿਸ ਇਨ੍ਹਾਂ ਨੂੰ ਸ਼ੈਲਟਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਸਪਾ ਆਪ ਸਰਕਾਰ ਤੇ ਉਸਦੇ ਪ੍ਰਭਾਵ ਹੇਠ ਚੱਲਣ ਵਾਲੀ ਪੁਲਿਸ ਦੇ ਦਲਿਤਾਂ ਪ੍ਰਤੀ ਦਮਨਕਾਰੀ ਰਵੱਈਏ ਖਿਲਾਫ ਸੜਕਾਂ ’ਤੇ ਉਤਰੇਗੀ।





