ਜਲੰਧਰ (ਜਸਪਾਲ ਕੈਂਥ)-ਵਿਧਾਨਸਭਾ ਹਲਕਾ ਕਰਤਾਰਪੁਰ ਵਿੱਚ ਆਪ ਸਰਕਾਰ ਦੇ ਰਾਜ ਵਿੱਚ ਪੁਲਿਸ ਵੱਲੋਂ ਲੋਕਾਂ ‘ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ, ਨਜਾਇਜ਼ ਗ੍ਰਿਫ਼ਤਾਰੀਆਂ ਤੇ ਬੇਗੁਨਾਹ ਲੋਕਾਂ ਨੂੰ ਨਜਾਇਜ਼ ਤੌਰ ‘ਤੇ ਅਦਾਲਤੀ ਪ੍ਰਕਿਰਿਆ ਵਿੱਚ ਉਲਝਾਉਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅਗਵਾਈ ਵਿੱਚ ਥਾਣਾ ਮਕਸੂਦਾਂ ਅੱਗੇ ਅੱਜ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤੀ। ਉਨ੍ਹਾਂ ਨਾਲ ਬਸਪਾ ਆਗੂ ਸਲਵਿੰਦਰ ਕੁਮਾਰ, ਵਿਜੈ ਯਾਦਵ, ਸੁਖਵਿੰਦਰ ਬਿੱਟੂ, ਕਮਲ ਬਾਦਸ਼ਾਹਪੁਰ, ਸ਼ਾਦੀ ਲਾਲ, ਅਮਰਜੀਤ ਸਿੰਘ ਨੰਗਲ ਵੀ ਹਾਜ਼ਰ ਸਨ।
ਇਸ ਮੌਕੇ ਧਰਨੇ ਨੂੰ ਸੰਬੋਧਿਤ ਕਰਦਿਆਂ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਲਗਾਤਾਰ ਲੋਕਾਂ ‘ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।ਤਾਜ਼ਾ ਮਾਮਲਾ ਥਾਣਾ ਮਕਸੂਦਾਂ ਵਿੱਚ ਪੈਂਦੇ ਪਿੰਡ ਨੰਗਲ ਸਲੇਮਪੁਰ ਦਾ ਹੈ, ਜਿੱਥੇ ਪਿੰਡ ਦੀ ਸਰਪੰਚ, ਉਸਦੇ ਪਤੀ ਤੇ ਦੋ ਹੋਰ ਬੇਗੁਨਾਹ ਲੋਕਾਂ ਦਿਨੇਸ਼ ਪਾਸਵਾਨ ਤੇ ਚਮਨ ਲਾਲ ‘ਤੇ ਕੁੱਟਮਾਰ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਉਨ੍ਹਾਂ ਲੋਕਾਂ ਵੱਲੋਂ ਕਰਾਇਆ ਗਿਆ ਹੈ, ਜਿਨ੍ਹਾਂ ‘ਤੇ ਪਿੰਡ ਵਿੱਚ ਚੋਰੀਆਂ ਕਰਨ ਦੇ ਦੋਸ਼ ਸਨ। ਬਸਪਾ ਆਗੂਆਂ ਨੇ ਕਿਹਾ ਕਿ ਪਿੰਡ ਵਿੱਚ ਦਿਨੇਸ਼ ਪਾਸਵਾਨ ਤੇ ਚਮਨ ਲਾਲ ਦੇ ਘਰ ਚੋਰੀ ਹੋਈ ਸੀ। ਇਸ ਸੰਬੰਧ ਵਿੱਚ ਇਨ੍ਹਾਂ ਨੇ ਮਾਮਲਾ ਸਰਪੰਚ ਦੇ ਧਿਆਨ ਵਿੱਚ ਲਿਆਂਦਾ ਸੀ। ਸਰਪੰਚ ਤੇ ਉਸਦਾ ਪਤੀ ਪੀੜਤ ਲੋਕਾਂ ਨਾਲ ਉਨ੍ਹਾਂ ਨਾਲ ਗੱਲ ਕਰਨ ਗਏ ਸਨ, ਜਿਨ੍ਹਾਂ ‘ਤੇ ਚੋਰੀ ਕਰਨ ਦੇ ਦੋਸ਼ ਸਨ। ਉਨ੍ਹਾਂ ਨੇ ਸਰਪੰਚ ਨਾਲ ਤਕਰਾਰ ਕਰ ਲਈ। ਇਸ ਸਬੰਧ ਵਿੱਚ ਥਾਣਾ ਮੁਖੀ ਬਿਕਰਮ ਸਿੰਘ ਨੇ ਪਿੰਡ ਦੀ ਸਰਪੰਚਣੀ, ਉਸਦੇ ਪਤੀ ਅਤੇ ਉਨ੍ਹਾਂ ਨਾਲ ਦਿਨੇਸ਼ ਪਾਸਵਾਨ ਤੇ ਚਮਨ ਲਾਲ ਦਾ ਨਾਂ ਵੀ ਝੂਠੇ ਤੌਰ ‘ਤੇ ਮਾਮਲੇ ਵਿੱਚ ਨਾਮਜ਼ਦ ਕਰ ਦਿੱਤਾ, ਜਦਕਿ ਥਾਣਾ ਮੁਖੀ ਇਹ ਜਾਣਦਾ ਸੀ ਕਿ ਇਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਹੁਣ ਇਨ੍ਹਾਂ ਲੋਕਾਂ ਦਾ ਇਸ ਝੂਠੇ ਪਰਚੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਬਸਪਾ ਵੱਲੋਂ ਆਪ ਸਰਕਾਰ, ਜਲੰਧਰ ਦਿਹਾਤੀ ਪੁਲਿਸ ਪ੍ਰਸ਼ਾਸਨ ਤੇ ਥਾਣਾ ਮੁਖੀ ਮਕਸੂਦਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ।





