*ਸਿਖ ਚਿੰਤਕਾਂ ਵਲੋਂ ਬੇਨਤੀ ਕਿ ਸਿੰਘ ਸਾਹਿਬਾਨ ਪੰਥਕ ਸੋਚ ਅਨੁਸਾਰ ਨੁਮਾਇੰਦਾ ਇਕਠ ਬੁਲਾਕੇ ਦਾਗੀ ਅਕਾਲੀ ਲੀਡਰਾਂ ਬਾਰੇ ਫੈਸਲਾ ਲੈਣ*

देश पंजाब
Spread the love

ਜਲੰਧਰ (ਜਸਪਾਲ ਕੈਂਥ)- ਸਿਖ ਪੰਥ ਦੇ ਚਿੰਤਕ ਗੁਰਤੇਜ ਸਿੰਘ ਆਈਏਐਸ,ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਸਿਖ ਚਿੰਤਕ ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਸਿੰਘ ਸਾਹਿਬਾਨਾਂ ਉਪਰ ਬੇਨਤੀ ਕਰਦਿਆਂ ਕਿਹਾ ਕਿ ਅਕਾਲੀ ਸੰਕਟ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜੋ 30 ਅਗਸਤ ਨੂੰ ਹੋਣੀ ਹੈ,ਉਸ ਸਬੰਧ ਵਿਚ ਜਥੇਦਾਰ ਸਾਹਿਬਾਨ ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਪੰਥਕ ਇਛਾ ਤੇ ਗੁਰੂ ਸਿਧਾਂਤ ਅਨੁਸਾਰ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਅਕਾਲ ਤਖਤ ਸਾਹਿਬ ਤੋਂ 1920 ਵਾਲੇ ਰਵਾਇਤੀ ਅਕਾਲੀ ਦਲ ਦੀ ਪੁਨਰ ਉਸਾਰੀ ਅਤੇ ਅਕਾਲ ਤਖਤ ਦੀ ਆਜ਼ਾਦ ਹਸਤੀ ਦੀ ਮੁੜ ਬਹਾਲੀ ਕਰਨ ਤਾਂ ਜੋ ਸਿਖ ਪੰਥ ਨੂੰ ਨਵੀਂ ਦਿਸ਼ਾ ਮਿਲ ਸਕੇ।

 ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਿਖ ਪੰਥ ਦੇ ਵਡੇ ਦੋਸ਼ੀ ਤੇ ਗੁਨਾਹਗਾਰ ਹਨ ਜਿਸ ਵਿਚ ਦੋਵੇਂ ਅਕਾਲੀ ਧੜਿਆਂ ਦੇ ਕੁਝ ਪ੍ਰਮੁਖ ਦਾਗੀ ਲੀਡਰ ਵੀ ਇਸ ਗੁਨਾਹ ਵਿਚ ਸ਼ਾਮਲ ਹਨ । ਬਾਦਲ ਪਰਿਵਾਰ ਦੀ ਅਗਵਾਈ ਵਿਚ ਅਕਾਲੀ ਰਾਜ ਦੌਰਾਨ ਸਤਾ ਦੀ ਲਾਲਸਾ ਵਿਚ ਬਹਿਬਲ ਗੋਲੀ ਕਾਂਡ,ਕੋਟਕਪੂਰਾ ਗੋਲੀ ਕਾਂਡ ਦਾ ਆਰਡਰ ਦਿਤਾ। ਇਜਹਾਰ ਆਲਮ,ਸੁਮੇਧ ਸੈਣੀ ਨੂੰ ਸਰਕਾਰੀ ਉਚ ਪ੍ਰਸ਼ਾਸਨਿਕ ਅਹੁਦਿਆਂ ਉਪਰ ਨਿਵਾਜਿਆ ਗਿਆ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਖ ਪੰਥ ਨਾਲ ਸਿਖ ਸੰਤਾਪ ਦੀ ਜਾਂਚ ਦਾ ਵਾਅਦਾ ਕਰਕੇ ਸਤਾ ਪ੍ਰਾਪਤ ਕੀਤੀ ਪਰ ਸਤਾ ਪ੍ਰਾਪਤੀ ਬਾਅਦ ਜਾਂਚ ਤੋਂ ਇਨਕਾਰੀ ਹੋਏ,ਗੁਨਾਹਗਾਰ ਪੁਲਿਸ ਅਫਸਰਾਂ ਦੇ ਹਕ ਵਿਚ ਭੁਗਤੇ।ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਅਨੰਦਪੁਰ ਮਤੇ ਦਾ ਕਤਲ ਕਰਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਸਿਰਜਿਆ।ਬਾਦਲ ਰਾਜ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਵੇਲੇ ਪੰਥਕ ਏਕਤਾ ਦੇ ਹੁਕਮਨਾਮੇ ਤੇ ਭਾਈ ਰਣਜੀਤ ਸਿੰਘ ਵੇਲੇ ਖਾਲਸਾ ਸ਼ਤਾਬਦੀ ਤਕ ਮਤਭੇਦ ਭੁਲਾਉਣ ਦੇ ਹੁਕਮਨਾਮੇ ਤੇ ਜਥੇਦਾਰ ਵੇਦਾਂਤੀ ਸਮੇਂ ਸੰਘ ਪਰਿਵਾਰ ਦੇ ਵਿਰੁਧ ਹੁਕਮਨਾਮੇ ਦਾ ਉਲੰਘਣ ਕੀਤਾ ਤੇ ਅਕਾਲ ਤਖਤ ਸਾਹਿਬ ਨੂੰ ਟਿਚ ਜਾਣਕੇ ਪੰਥਕ ਰਵਾਇਤਾਂ ਦਾ ਅਪਮਾਨ ਕੀਤਾ।

ਪਰ ਇਸ ਦੇ ਬਾਵਜੂਦ ਅਕਾਲ ਤਖਤ ਸਾਹਿਬ ਤੋਂ ਬਾਦਲ ਨੂੰ ਦੋਸ਼ੀ ਨਹੀਂ ਠਹਿਰਾਇਆ।ਉਸ ਸਮੇਂ ਦੇ ਜਥੇਦਾਰ ਗੁਰਬਚਨ ਸਿੰਘ ਨੇ ਫਖਰੇ ਕੌਮ ਦਾ ਅਕਾਲ ਤਖਤ ਸਾਹਿਬ ਅਵਾਰਡ ਦੇਕੇ ਇਤਿਹਾਸਕ ਗੁਨਾਹ ਕੀਤਾ।ਇਹ ਅਵਾਰਡ ਵਾਪਸ ਲਿਆ ਜਾਣਾ ਚਾਹੀਦਾ ਹੈ।

ਇਨ੍ਹਾਂ ਦੋਸ਼ਾਂ ਵਿਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ,ਗਿਆਨੀ ਇਕਬਾਲ ਸਿੰਘ ਭਾਈਵਾਲ ਹਨ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਸਦਕੇ ਪੰਥ ਦੇ ਸਾਹਮਣੇ ਬੀਤੇ ਸਮੇਂ ਦੌਰਾਨ ਸਿਖ ਪੰਥ ਵਿਰੁੱਧ ਕੀਤੇ ਅਪਰਾਧਾਂ ਦਾ ਸਚ ਰਖਣਾ ਚਾਹੀਦਾ ਹੈ। ਇਸ ਬਾਰੇ ਅਕਾਲ ਤਖਤ ਸਾਹਿਬ ਤੋਂ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਤੇ ਸਿਖ ਪੰਥ ਨੂੰ ਖੁਆਰ ਕਰਨ ਦੇ ਦੋਸ਼ੀ ਕੋਣ ਹਨ।ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਉਨ੍ਹਾਂ ਤੋਂ ਸਚ ਪੁਛਿਆ ਜਾਣਾ ਚਾਹੀਦਾ ਹੈ ਤਾਂ ਜੋ ਹਕੀਕਤ ਸਾਹਮਣੇ ਆ ਸਕੇ।

ਸਿਖ ਚਿੰਤਕਾਂ ਨੇ ਕਿਹਾ ਕਿ ਨਿੰਰਕਾਰੀ ਕਾਂਡ ਤੋਂ ਸੌਦਾ ਸਾਧ ਕਾਂਡ ਤੇ ਮਾਫੀਨਾਮੇ ਤੋਂ ਲੈਕੇ ਹੁਣ ਤਕ ਸਤਾ ਦੀ ਖਾਤਰ ਇਸ ਬਾਦਲ ਪਰਿਵਾਰ ਦੀ ਲੀਡਰਸ਼ਿਪ ਨੇ ਵਡੇ ਅਪਰਾਧ ਤੇ ਗੁਨਾਹ ਕੀਤੇ ਹਨ।ਉਨ੍ਹਾਂ ਕਿਹਾ ਕਿ ਇਹਨਾਂ ਗੁਨਾਹਗਾਰ ਅਕਾਲੀ ਲੀਡਰਾਂ ਦਾ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਕੋਈ ਏਜੰਡਾ ਨਹੀਂ ਹੈ ਜੋ ਕਿ ਪੰਜਾਬ ਦੇ ਹਕਾਂ ਵਿਰੁਧ ਭੁਗਤਦੇ ਰਹੇ ਹਨ,ਕਸ਼ਮੀਰ ਦੀ ਧਾਰਾ 370 ਦਾ ਵਿਰੋਧ ਕਰਕੇ ਇੱਕ ਰਾਸ਼ਟਰ-ਇੱਕ ਚੋਣ ਬਾਰੇ ਕੇਂਦਰ ਦੀ ਹਮਾਇਤ ਕਰਕੇ ਸੰਘੀ ਢਾਂਚੇ ਨਾਲ ਬੇਵਫਾਈ ਕੀਤੀ ਹੈ। ਇਸ ਲਈ ਇਨ੍ਹਾਂ ਨੂੰ ਸਿਆਸੀ ਆਗੂਆਂ ਸਿਖ ਪੰਥ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ। 

ਉਨ੍ਹਾਂ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ 1984 ਵਿਚ ਫੌਜੀ ਹਮਲੇ ਨਵੰਬਰ 84 ਦੌਰਾਨ ਪੰਜਾਬ ਤੋਂ ਬਾਹਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸ ਦਾ ਵੀ ਕੋਈ ਇਨਸਾਫ ਨਹੀਂ ਮਿਲਿਆ।ਉਸ ਦੇ ਲਈ ਸਤਾ ਦੀ ਲਾਲਸਾ ਰਖਣ ਵਾਲੀ ਦਾਗੀ ਅਕਾਲੀ ਲੀਡਰਸ਼ਿਪ ਦੋਸ਼ੀ ਹੈ ਜੋ ਨਿਜੀ ਹਿਤਾਂ ਲਈ,ਪਰਿਵਾਰ ਦੀ ਰਾਜਨੀਤੀ ਠੋਸਣ ਲਈ ਕੇਂਦਰੀ ਸਤਾ ਦੀ ਬਿਨਾਂ ਸ਼ਰਤ ਹਮਾਇਤ ਕਰਦੀ ਰਹੀ ਹੈ ਤੇ ਕੇਂਦਰ ਤੋਂ ਪੰਜਾਬ ਦੇ ਹਕ ਲੈਕੇ ਨਹੀਂ ਦਿਤੇ ਨਾ ਹੀ ਪੰਜਾਬ ਦਾ ਕਰਜਾ ਮਾਫ ਕਰਵਾਇਆ ਜੋ ਪੰਜਾਬ ਸੰਤਾਪ ਤੋ ਹੁਣ ਤਕ ਲਗਾਤਾਰ ਵਧਦਾ ਜਾ ਰਿਹਾ ਹੈ।

ਸਿਖ ਚਿੰਤਕਾਂ ਨੇ ਗੁਨਾਹਗਾਰ ਅਕਾਲੀ ਲੀਡਰਸ਼ਿਪ ਤੋਂ ਸਿੰਘ ਸਾਹਿਬਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿੱਪ, ਜੋ ਸੱਤਾ ਜਾਣ ਕਾਰਨ ਨਿਰਾਸ਼ ਹੈ ਅਤੇ ਮੁੜ ਸੱਤਾ ਪਰਾਪਤੀ ਲਈ ਅਕਾਲ ਤਖਤ ਸਾਹਿਬ ਨੂੰ ਜਰੀਆ ਬਣਾਕੇ ਡਰਾਮੇ ਕਰ ਰਹੀ ਹੈ।ਇਸੇ ਕਰਕੇ ਅਕਾਲ ਤਖਤ ਨੂੰ ਮੁੜ ਆਪਣੇ ਸਿਆਸੀ ਝਮੇਲੇ ਦਾ ਅਖਾੜਾ ਬਣਾ ਲਿਆ ਹੈ। ਇਹਨਾਂ ਕਾਰਣ ਅਕਾਲ ਤਖਤ ਸਾਹਿਬ ਦਾ ਅਕਸ ਫਿਰ ਦਾਅ ਉਪਰ ਲਗ ਗਿਆ ਹੈ।ਸਿੰਘ ਸਾਹਿਬ ਭਾਵੇਂ ਇਨ੍ਹਾਂ ਨੂੰ ਧਾਰਮਿਕ ਸਜ਼ਾ ਲਗਾ ਦੇਣਗੇ ਪਰ ਪੰਥ ਵਿਰੋਧੀ ਗੁਨਾਹਾਂ,ਸਿਆਸੀ ਅਤੇ ਕਾਨੂੰਨੀ ਉਕਾਈਆਂ ਦਾ ਫੈਸਲਾ ਕਿੰਝ ਹੋਵੇਗਾ ਜਿਸਦੇ ਦਾਗੀ ਅਕਾਲੀ ਲੀਡਰ ਜ਼ਿੰਮੇਵਾਰ ਹਨ ,ਜਿਸ ਕਾਰਣ ਸਿਖ ਪੰਥ ਸੰਤਾਪ ਭੋਗ ਰਿਹਾ ਹੈ? ਉਨ੍ਹਾਂ ਕਿਹਾ ਕਿ ਸਾਨੂੰ ਚਿੰਤਾ ਹੈ ਕਿ ਇਸ ਸਿਆਸੀ ਡਰਾਮੇ ਤੇ ਅਕਾਲੀ ਲੀਡਰਸ਼ਿਪ ਦੀਆਂ ਚਤੁਰਾਈਆਂ’ ਕਾਰਨ ਅਕਾਲ ਤਖਤ ਦੀ ਸੰਸਥਾ ਨੂੰ ਖੋਰਾ ਨਾ ਲਗ ਜਾਵੇ।

ਉਨ੍ਹਾਂ ਕਿਹਾ ਕਿ ਇਹ ਮਸਲਾ ਹਲ ਕਰਨਾ ਜਾਂ ਤਨਖਾਹ ਲਗਾਕੇ ਨਿਪਟਾਉਣਾ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਪਰੰਪਰਾ ਅਨੁਸਾਰ ਠੀਕ ਨਹੀਂ ਹੋਵੇਗਾ।ਇਸ ਸਬੰਧ ਵਿਚ ਪੰਥ ਦੀ ਰਵਾਇਤੀ ਇਤਿਹਾਸਕ ਪਰੰਪਰਾ ਅਨੁਸਾਰ ਚੋਣਵੀਆਂ ਪੰਥਕ ਸੰਸਥਾਵਾਂ ਤੇ ਸਿਖ ਬੁਧੀਜੀਵੀਆਂ ਦਾ 150 -200 ਕਰੀਬ ਇਕਠ ਸਦਕੇ ਰਾਇ ਲੈਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਫੈਸਲਾ ਉਹ ਲੈਣਾ ਚਾਹੀਦਾ ਹੈ ਜੋ ਸਿਖ ਪੰਥ ਨੂੰ ਮਨਜੂਰ ਹੋਵੇ ਤੇ ਜਿਸ ਨਾਲ ਅਕਾਲ ਤਖਤ ਸਾਹਿਬ ਦਾ ਅਕਸ ਇਤਿਹਾਸ ਵਿਚ ਚਮਕਦਾ ਰਹੇ।

Leave a Reply

Your email address will not be published. Required fields are marked *