ਕਰਤਾਰਪੁਰ (ਜਸਪਾਲ ਕੈਂਥ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਹਲਕਾ ਕਰਤਾਰਪੁਰ ਤਹਿਤ ਆਉਂਦੇ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੀਂਹ ਨਾਲ ਜਿੱਥੇ ਫਸਲਾਂ ਖਰਾਬ ਹੋ ਗਈਆਂ ਹਨ, ਉਥੇ ਘਰਾਂ ਦੀਆਂ ਛੱਤਾਂ ਡਿਗਣ ਨਾਲ ਲੋਕ ਬੇਘਰ ਹੋ ਚੁੱਕੇ ਹਨ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਮੁਹੱਲਿਆਂ ਵਿੱਚ ਪਹੁੰਚੇ।
ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ, ਪਿੰਡ ਧੀਰਪੁਰ, ਦਿਆਲਪੁਰ, ਬੱਲਾਂ ਸਮੇਤ ਕਈ ਥਾਵਾਂ ’ਤੇ ਪਹੁੰਚੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਪੀੜਤ ਪਰਿਵਾਰਾਂ ਦਾ ਹਾਲ ਜਾਣਿਆ। ਇਸ ਦੌਰਾਨ ਮੀਂਹ ਤੋਂ ਪ੍ਰਭਾਵਿਤ ਲੋਕਾਂ ਨੇ ਆਪਣੇ ਘਰਾਂ ਨੂੰ ਹੋਏ ਨੁਕਸਾਨ ਬਾਰੇ ਉਨ੍ਹਾਂ ਨੂੰ ਜਾਣੂ ਕਰਾਇਆ। ਐਡਵੋਕੇਟ ਬਲਵਿੰਦਰ ਕੁਮਾਰ ਨੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਹਰਸੰਭਵ ਸਹਿਯੋਗ ਦੀ ਵੀ ਗੱਲ ਕਹੀ। ਉਨ੍ਹਾਂ ਕਰਤਾਰਪੁਰ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਬਰਸਾਤਾਂ ਦੌਰਾਨ ਪਾਣੀ ਭਰਨ ਦੀ ਲਗਾਤਾਰ ਆ ਰਹੀ ਸਮੱਸਿਆ ਦਾ ਮੁੱਦਾ ਵੀ ਚੁੱਕਿਆ। ਇਸਦੇ ਨਾਲ ਹੀ ਕਰਤਾਰਪੁਰ ਸ਼ਹਿਰ ਦੇ ਚੰਦਨ ਨਗਰ ਦਾ ਵੀ ਦੌਰਾ ਕੀਤਾ, ਜਿੱਥੇ ਗਲੀ ਨਾ ਬਣਨ ਕਾਰਨ ਤੇ ਪਾਣੀ ਭਰਨ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਆਰੀਆ ਨਗਰ ਦਾ ਦੌਰਾ ਕੀਤਾ, ਜਿੱਥੇ ਟਾਹਲੀ ਸਾਹਿਬ ਰੋਡ ’ਤੇ ਮੀਂਹ ਕਾਰਨ ਘਰ ਡਿੱਗ ਗਏ ਹਨ। ਇਸ ਮੌਕੇ ਲੋਕਾਂ ਨੇ ਗਲੀਆਂ ਵਿੱਚ ਪਾਣੀ ਭਰਨ ਤੇ ਮੀਂਹ ਨਾਲ ਘਰ ਡਿੱਗਣ ਕਰਕੇ ਹੋਏ ਨੁਕਸਾਨ ਆਦਿ ਸਮੱਸਿਆਵਾਂ ਬਾਰੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮੀਂਹ ਨਾਲ ਲੋਕਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇੱਕ ਤਾਂ ਮੀਂਹ ਕਾਰਨ ਲੋਕਾਂ ਕੋਲ ਪਹਿਲਾਂ ਹੀ ਕੰਮਕਾਜ ਨਹੀਂ ਹੈ, ਉਪਰੋਂ ਘਰ ਟੁੱਟਣ ਕਾਰਨ ਲੋਕ ਬੇਘਰ ਹੋ ਚੁੱਕੇ ਹਨ। ਪ੍ਰਸ਼ਾਸਨ ਤੇ ਸਰਕਾਰ ਨੂੰ ਇਨ੍ਹਾਂ ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸ਼ਹਿਰ ਵਿੱਚ, ਖਾਸ ਕਰਕੇ ਬਜ਼ਾਰਾਂ ਵਿੱਚ ਬਰਸਾਤਾਂ ਦੌਰਾਨ ਪਾਣੀ ਭਰਨ ਤੇ ਸੀਵਰੇਜ ਜਾਮ ਦੀ ਸਮੱਸਿਆ ਨੂੰ ਨਾ ਤਾਂ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਹੱਲ ਕੀਤਾ ਤੇ ਨਾ ਹੀ ਮੌਜ਼ੂਦਾ ਆਪ ਸਰਕਾਰ ਇਸਨੂੰ ਲੈ ਕੇ ਗੰਭੀਰ ਦਿਖਾਈ ਦਿੰਦੀ ਹੈ। ਲੋਕਾਂ ਨੂੰ ਚੰਗਾ ਸਿਸਟਮ ਦੇਣ ਵਿੱਚ ਇਹ ਸਰਕਾਰਾਂ ਫੇਲ੍ਹ ਸਾਬਿਤ ਹੋਈਆਂ ਹਨ। ਇਸ ਮੌਕੇ ਬਸਪਾ ਆਗੂ ਸ਼ਾਦੀ ਲਾਲ ਬੱਲਾਂ, ਗਿਆਨ ਚੰਦ ਕਰਤਾਰਪੁਰ, ਪ੍ਰਭਜਿੰਦਰ ਸਿੰਘ ਪੱਤੜ, ਸ਼ਾਮ ਲਾਲ ਮਹਿਤੋਂ, ਜਸਪਾਲ ਕੁੱਕੂ, ਵਿਜੇ ਚੰਦਨ ਨਗਰ, ਬਲਵਿੰਦਰ ਸਿੰਘ, ਰੋਕੀ, ਕੁਲਦੀਪ ਕੁਮਾਰ, ਨਰਿੰਦਰ, ਬਲਦੇਵ ਰਾਜ ਆਦਿ ਵੀ ਮੌਜ਼ੂਦ ਸਨ।