ਜਲੰਧਰ (ਜਸਪਾਲ ਕੈਂਥ)-ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਸੰਕਟ ਦੀ ਇਸ ਘੜੀ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਪੀੜਤ ਲੋਕਾਂ ਦੀ ਹਰਸੰਭਵ ਮਦਦ ਕਰ ਰਹੀ ਹੈ। ਇਸੇ ਲੜੀ ਤਹਿਤ ਬਸਪਾ ਵੱਲੋਂ ਅੱਜ ਵੀਰਵਾਰ ਨੂੰ ਰਾਹਤ ਸਮੱਗਰੀ ਲੁਧਿਆਣਾ ਤੋਂ ਅੰਮ੍ਰਿਤਸਰ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੇਜੀ ਗਈ। ਇਹ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਰਵਾਨਾ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ ਹੜ੍ਹਾਂ ਤੇ ਮੀਂਹ ਨਾਲ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਾਣੀ ਵਿੱਚ ਫਸਲਾਂ ਦੇ ਡੁੱਬਣ ਨਾਲ ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਇਮਾਰਤਾਂ ਤੇ ਦੁਕਾਨਾਂ ਵੀ ਪਾਣੀ ਦੀ ਚਪੇਟ ਵਿੱਚ ਆ ਚੁੱਕੀਆਂ ਹਨ। ਸੂਬੇ ਵਿੱਚ ਵੱਡੇ ਪੱਧਰ ’ਤੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮੁਸ਼ਕਿਲ ਘੜੀ ਵਿੱਚ ਬਸਪਾ ਪੀੜਤ ਲੋਕਾਂ ਦੇ ਨਾਲ ਖੜੀ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੂਬੇ ਭਰ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਹਰਸੰਭਵ ਮਦਦ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸਦੇ ਤਹਿਤ ਬਸਪਾ ਵਰਕਰ ਪੀੜਤ ਲੋਕਾਂ ਨੂੰ ਮਦਦ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਡਾ. ਕਰੀਮਪੁਰੀ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੇ ਅੰਮ੍ਰਿਤਸਰ ਪਹੁੰਚ ਕੇ ਹੜ੍ਹ ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਸੀ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਬਸਪਾ ਵਰਕਰਾਂ ਵੱਲੋਂ ਰਾਹਤ ਸਮੱਗਰੀ ਵੰਡੀ ਗਈ ਸੀ। ਇਸਦੇ ਤਹਿਤ ਅੱਜ ਲੁਧਿਆਣਾ ਤੋਂ ਬਸਪਾ ਵੱਲੋਂ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਅੰਮ੍ਰਿਤਸਰ ਲਈ ਭੇਜੀ ਗਈ ਹੈ।
ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਹੜ੍ਹ ਤੇ ਮੀਂਹ ਕਰਕੇ ਲੋਕਾਂ ਦੇ ਕੰਮਕਾਜ ਠੱਪ ਹੋ ਚੁੱਕੇ ਹਨ, ਫਸਲਾਂ ਬਰਬਾਦ ਹੋ ਗਈਆਂ ਹਨ, ਕਿਰਤੀਆਂ ਕੋਲ ਕੰਮਕਾਜ ਨਹੀਂ ਹੈ, ਉਪਰੋਂ ਪਾਣੀ ਲੋਕਾਂ ਦੇ ਘਰਾਂ ਵਿੱਚ ਤਬਾਹੀ ਬਣ ਕੇ ਦਾਖਲ ਹੋ ਚੁੱਕਾ ਹੈ। ਅਜਿਹੀ ਗੰਭੀਰ ਸਥਿਤੀ ਵਿੱਚ ਸੂਬਾ ਸਰਕਾਰ ਨੂੰ ਤੁਰੰਤ ਇਨ੍ਹਾਂ ਪੀੜਤ ਲੋਕਾਂ ਲਈ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ।
ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਬਲਵਿੰਦਰ ਬਿੱਟਾ, ਗੁਰਮੇਲ ਗੇਲੀ, ਅਮਿਤ ਕੁਮਾਰ, ਬਲਵਿੰਦਰ ਜੱਸੀ, ਪਰਗਨ ਬਿਲਗਾ, ਰਜਿੰਦਰ ਨਿੱਕਾ, ਕਮਲ ਘਈ, ਨਿਰਮਲ ਸਿੰਘ ਸਾਇਆਂ ਆਦਿ ਆਗੂ ਵੀ ਮੌਜ਼ੂਦ ਸਨ।