ਜਲੰਧਰ (ਜਸਪਾਲ ਕੈਂਥ )-ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਵਿੱਚ ਸਿੱਖ ਨੌਜਵਾਨ ਦੀ ਉੱਚੀ ਪਦਵੀ ਨੂੰ ਪ੍ਰਾਪਤ ਕਰਨ ਵਾਲੀ ਖ਼ਬਰ ਨੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀਆਂ ਦੀ ਲਹਿਰ ਛੇੜ ਦਿੱਤੀ ਹੈ। ਸਵਾਮੀ ਉਦਾਸੀ ਸੰਪਰਦਾ ਦੇ ਮੁਖੀ ਸਵਾਮੀ ਸ਼ਾਂਤਾਨੰਦ ਜੀ ਨੇ ਜਲੰਧਰ ਦੇ ਪ੍ਰਸਿੱਧ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੇ ਪੁੱਤਰ ਸ. ਸਵਰਨਜੀਤ ਸਿੰਘ ਖ਼ਾਲਸਾ ਦੇ ਅਮਰੀਕਾ ਵਿੱਚ ਮੇਅਰ ਬਣਨ ‘ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਡੇਰਾ ਸਵਾਮੀ ਸੰਤਦਾਸ ਗੋਪਾਲ ਨਗਰ ਵਿਖੇ ਹੋਇਆ, ਜਿੱਥੇ ਸਵਾਮੀ ਜੀ ਨੇ ਕਿਹਾ ਕਿ ਸਵਰਨਜੀਤ ਸਿੰਘ ਖ਼ਾਲਸਾ ਸਾਡੇ ਸਕੂਲ ਸਵਾਮੀ ਸੰਤਦਾਸ ਪਬਲਿਕ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ ਜਿਸ ਨੇ ਨਸਲਵਾਦ ਵਿਰੁੱਧ ਲੜਾਈ ਲੜ ਕੇ ਪੰਜਾਬ ਅਤੇ ਪੰਥ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੇ ਕਿਹਾ, “ਇਹ ਵਿਦਿਆਰਥੀ ਅਮਰੀਕਾ ਵਰਗੇ ਦੇਸ਼ ਵਿੱਚ ਪਹੁੰਚ ਕੇ ਮੇਅਰ ਬਣਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਅਸੀਂ ਉਸ ਦੀ ਵਤਨ ਪਰਤਣ ਦੀ ਉਡੀਕ ਕਰ ਰਹੇ ਹਾਂ ਅਤੇ ਆਪਣੇ ਇਸ ਹੋਣਹਾਰ ਵਿਦਿਆਰਥੀ ਨੂੰ ਵਿਸ਼ੇਸ਼ ਤਰੀਕੇ ਨਾਲ ਸਨਮਾਨਿਤ ਕਰਾਂਗੇ।”

ਡੇਰਾ ਵਿੱਚ ਹੋਏ ਇਸ ਸਨਮਾਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਈਚਾਰਕ ਆਗੂਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਬਲਵਿੰਦਰ ਪਾਲ ਸਿੰਘ, ਸਾਹਿਬ ਸਿੰਘ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ, ਗੁਰਪ੍ਰੀਤ ਸਿੰਘ ਰਾਜੂ ਅਤੇ ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ ਵਰਗੀਆਂ ਸਖਸ਼ੀਅਤਾਂ ਸ਼ਾਮਲ ਸਨ।

ਇਸ ਤੋਂ ਵੱਖਰਾ, ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਸਾਬਕਾ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪਵਨ ਕੁਮਾਰ ਟੀਨੂੰ ਨੇ ਵਖ ਵਖ ਬਿਆਨਾਂ ਰਾਹੀਂ ਸ. ਸਵਰਨਜੀਤ ਖ਼ਾਲਸਾ ਨੂੰ ਵਧਾਈ ਦਿੱਤੀ ਹੈ। ਮੇਅਰ ਜਤਿੰਦਰ ਸਿੰਘ ਨੇ ਕਿਹਾ, “ਪੰਜਾਬ ਅਤੇ ਪੰਥ ਨੂੰ ਸ. ਸਵਰਨਜੀਤ ‘ਤੇ ਬਹੁਤ ਮਾਣ ਹੈ। ਉਹਨਾਂ ਨੇ ਅਮਰੀਕਾ ਵਰਗੇ ਦੇਸ਼ ਵਿੱਚ ਝੰਡੇ ਗਡ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਉਧਰ, ਪਵਨ ਟੀਨੂੰ ਨੇ ਜ਼ੋਰ ਦਿੱਤਾ ਕਿ ਇਹ ਸਫਲਤਾ ਨਸਲਵਾਦ ਵਿਰੁੱਧ ਲੜਾਈ ਦੀ ਵੱਡੀ ਜਿੱਤ ਹੈ ਅਤੇ ਪੰਜਾਬ ਸਰਕਾਰ ਨੂੰ ਅਜਿਹੇ ਨੌਜਵਾਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ, ਉੱਘੇ ਸਿੱਖ ਪ੍ਰਚਾਰਕ ਸ. ਭਗਵਾਨ ਸਿੰਘ ਜੋਹਲ ਅਤੇ ਵੱਖ-ਵੱਖ ਜਥੇਬੰਦੀਆਂ ਨੇ ਵੀ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਗੁਰੂ ਕਿਰਪਾ ਨਿਸ਼ਕਾਮ ਸੇਵਾ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਅਰੋੜਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਗਜੀਤ ਸਿੰਘ ਪਰਮਾਰ, ਰਾਮਾਂਮੰਡੀ ਵੈਲਫੇਅਰ ਸੁਸਾਇਟੀ ਤੋਂ ਹਰਮੋਹਨ ਸਿੰਘ ਅਤੇ ਰਾਜਪ੍ਰੀਤ ਸਿੰਘ ਕਨੇਡਾ, ਡਾ. ਰਾਜਿੰਦਰ ਸਿੰਘ, ਗੁਰਬਚਨ ਸਿੰਘ ਅਰੋੜਾ ਅਤੇ ਹੋਰ ਬਹੁਤੇ ਜਲੰਧਰ ਦੇ ਮੈਂਬਰ ਸ਼ਾਮਲ ਸਨ। ਸ. ਭਗਵਾਨ ਸਿੰਘ ਜੋਹਲ ਨੇ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਵੀ ਆਪਣੇ ਪੁੱਤਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਵਰਨ ਜੀਤ ਸਿੰਘ ਖਾਲਸਾ ਨੇ ਹਮੇਸ਼ਾ ਪੰਥਕ ਮੁੱਲਾਂ ਨੂੰ ਅੱਗੇ ਰੱਖਿਆ ਹੈ ਅਤੇ ਅਮਰੀਕਾ ਵਿੱਚ ਵੀ ਲੋਕਾਂ ਨਾਲ ਜੁੜੇ ਰਹੇ ਹਨ।ਇਸ ਸਫਲਤਾ ਨੇ ਪੰਜਾਬ ਵਿੱਚ ਵਿਦੇਸ਼ਾਂ ਜਾਣ ਵਾਲੇ ਨੌਜਵਾਨਾਂ ਨੂੰ ਨਵਾਂ ਜੋਸ਼ ਭਰ ਦਿੱਤਾ ਹੈ।





