*ਸਿਂਖ ਸੇਵਕ ਸੁਸਾਇਟੀ ਕਾਰਣ ਗਰੀਬ ਸਿੱਖ ਬੱਚੀ ਹਰਪ੍ਰੀਤ ਕੌਰ ਨੂੰ ਮਿਲੀ ਅੱਖਾਂ ਦੀ ਨਵੀਂ ਜ਼ਿੰਦਗੀ – ਖਾਲਸਾ*

Uncategorized
Spread the love

ਜਲੰਧਰ/ਸ਼ਾਹਕੋਟ (ਜਸਪਾਲ ਕੈਂਥ )ਪੰਜਾਬ ਦੇ ਨਿੱਕੇ ਜਿਹੇ ਪਿੰਡ ਮੰਡਾਲਾ ਛੰਨਾ ਵਿੱਚ, ਜਿੱਥੇ ਹੜ੍ਹਾਂ ਨੇ ਬਾਰ-ਬਾਰ ਤਬਾਹੀ ਮਚਾਈ ਸੀ, ਉੱਥੇ ਬੀਤੇ ਦਿਨੀਂ ਇੱਕ ਮਾਸੂਮ ਗਰੀਬ ਬੱਚੀ ਨੂੰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਕਾਰਣ ਰੌਸ਼ਨੀ ਮਿਲੀ ਹੈ। 11 ਸਾਲਾਂ ਦੀ ਹਰਪ੍ਰੀਤ ਕੌਰ, ਜਿਸ ਨੂੰ ਜਨਮ ਤੋਂ ਹੀ ਅੱਖਾਂ ਦੀ ਅਧੂਰੀ ਰੌਸ਼ਨੀ ਨੇ ਇਸ ਸੋਹਣੀ ਦੁਨੀਆਂ ਨੂੰ ਵੇਖਣ ਤੋਂ ਵਾਂਝਾ ਰੱਖਿਆ ਸੀ, ਨੂੰ ਆਪ੍ਰੇਸ਼ਨ ਰਾਹੀਂ ਨਵੀਂ ਜ਼ਿੰਦਗੀ ਮਿਲ ਗਈ ਹੈ। ਇਹ ਸਫਲ ਆਪ੍ਰੇਸ਼ਨ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਸ. ਪਰਮਿੰਦਰ ਪਾਲ ਸਿੰਘ ਖਾਲਸਾ ਦੀ ਹਦਾਇਤ ਉਪਰ ਪੰਜਾਬ ਦੇ ਨਾਮਵਰ ਅੱਖਾਂ ਦੇ ਸਪੈਸ਼ਲਿਸਟ ਡਾ. ਐਮ.ਪੀ.ਐਸ. ਭਾਟੀਆ ਕੋਲੋਂ ਕਰਵਾਇਆ ਗਿਆ ਸੀ । ਡਾ. ਭਾਟੀਆ, ਜੋ ਭਾਟੀਆ ਆਈ ਹਸਪਤਾਲ ਅਤੇ ਲੈਸਿਕ ਲੇਜ਼ਰ ਸੈਂਟਰ ਦੇ ਲੀਡਿੰਗ ਸਰਜਨ ਹਨ, ਨੇ ਨਾ ਸਿਰਫ ਬੱਚੀ ਹਰਪ੍ਰੀਤ ਕੌਰ, ਪੁੱਤਰੀ ਸ. ਚੰਨਾ ਸਿੰਘ ਨੂੰ ਨਵੀਂ ਰੌਸ਼ਨੀ ਦਿੱਤੀ, ਸਗੋਂ ਆਪਣੇ 24 ਸਾਲਾਂ ਦੇ ਤਜਰਬੇ ਨਾਲ ਹਜ਼ਾਰਾਂ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਰਾਹਤ ਪਹੁੰਚਾਈ ਹੈ।

ਇਥੇ ਜ਼ਿਕਰਯੋਗ ਹੈ ਕਿ ਪਿੰਡ ਮੰਡਾਲਾ ਛੰਨਾ, ਤਹਿਸੀਲ ਸ਼ਾਹਕੋਟ ਅਧੀਨ ਆਉਣ ਵਾਲਾ ਇਹ ਪਿੰਡ, ਪੰਜਾਬ ਦੇ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਕੁਦਰਤੀ ਆਫ਼ਤਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਿਛਲੇ ਛੇ ਸਾਲਾਂ ਵਿੱਚ ਹੜ੍ਹਾਂ ਨੇ ਇੱਥੇ ਨਾ ਸਿਰਫ ਫਸਲਾਂ ਤਬਾਹ ਕੀਤੀਆਂ ਹਨ, ਸਗੋਂ ਗਰੀਬ ਪਰਿਵਾਰਾਂ ਨੂੰ ਭੁੱਖਮਰੀ ਅਤੇ ਬਿਮਾਰੀਆਂ ਦੇ ਮੂੰਹ ਵਿੱਚ ਧੱਕ ਦਿੱਤਾ ਸੀ। ਅਜਿਹੇ ਮੁਸ਼ਕਲ ਵੇਲੇ ਵਿੱਚ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇੱਥੇ ਆਪਣਾ ਡੇਰਾ ਜਮਾਇਆ ਹੈ ਤੇ ਗੁਰਦੁਆਰੇ ਨੂੰ ਨਵੀਨ ਬਣਾਕੇ ਸਿਖੀ ਪ੍ਰਚਾਰ ਤੇ ਸੇਵਾ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਸੋਸਾਇਟੀ ਨੇ ਹੜ੍ਹ ਪੀੜਤਾਂ ਦੀ ਬਿਂਹ ਫੜੀ ਹੈ।

ਜਥੇਦਾਰ ਪਰਮਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਜਨਮ ਤੋਂ ਹੀ ਉਸ ਨੂੰ ਅੱਖਾਂ ਦੀ ਬਿਮਾਰੀ ਨੇ ਘੇਰ ਲਿਆ ਸੀ। ਉਸ ਦੀ ਖੱਬੀ ਅੱਖ ਵਿੱਚ ਕੋਈ ਵਿਕਾਸ ਨਹੀਂ ਹੋਇਆ ਸੀ, ਜਿਸ ਕਾਰਨ ਉੱਥੇ ਰੌਸ਼ਨੀ ਦੀ ਕੋਈ ਕਿਰਨ ਵੀ ਨਹੀਂ ਪਹੁੰਚ ਸਕਦੀ ਸੀ। ਜਦਕਿ ਸੱਜੀ ਅੱਖ ਵਿੱਚ ਚਿੱਟਾ ਮੋਤੀਆ (ਕੈਟਾਰੈਕਟ) ਸੀ ਜਿਸ ਕਾਰਣ ਉਸਨੂੰ ਧੁੰਦਲਾ ਦਿਖਦਾ ਸੀ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਸੀ ਕਿ ਚੰਨਾ ਸਿੰਘ, ਜੋ ਖੇਤੀਬਾੜੀ ਨਾਲ ਗੁਜ਼ਾਰਾ ਕਰਦੇ ਹਨ, ਇਲਾਜ ਦਾ ਸੁਪਨਾ ਵੀ ਨਹੀਂ ਵੇਖ ਸਕਦੇ ਸਨ। 

ਉਨ੍ਹਾਂ ਦਸਿਆ ਕਿ ਇੱਥੇ ਹੀ ਸਿੱਖ ਸੇਵਕ ਸੋਸਾਇਟੀ ਨੇ ਤੁਰੰਤ ਫੈਸਲਾ ਲਿਆ ਕਿ ਬੱਚੀ ਨੂੰ ਭਾਟੀਆ ਆਈ ਹਸਪਤਾਲ ਜਲੰਧਰ ਵਿਖੇ ਲਿਜਾ ਕੇ ਜਾਂਚ ਕਰਵਾਈ, ਜਿੱਥੇ ਡਾ. ਐਮ.ਪੀ.ਐਸ. ਭਾਟੀਆ ਨੇ ਬੱਚੀ ਦੀ ਪੂਰੀ ਜਾਂਚ ਕੀਤੀ ਅਤੇ ਇੱਕ ਅੱਖ ਦੇ ਮਾਡਲ ਨਾਲ ਪਰਿਵਾਰ ਨੂੰ ਸਮਝਾਇਆ ਕਿ ਖੱਬੀ ਅੱਖ ਵਿੱਚ ਵਿਕਾਸ ਨਾ ਹੋਣ ਕਾਰਨ ਇਹ ਅੰਨ੍ਹੀ ਹੀ ਰਹੇਗੀ, ਪਰ ਸੱਜੀ ਅੱਖ ਵਿੱਚ ਚਿੱਟਾ ਮੋਤੀਆ ਅਤੇ ਲੈਂਸ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨਾ ਜ਼ਰੂਰੀ ਹੈ। ਨਹੀਂ ਤਾਂ ਇਹ ਬਿਮਾਰੀ ਦੂਜੀ ਅੱਖ ਵਿੱਚ ਵੀ ਫੈਲ ਸਕਦੀ ਹੈ ਅਤੇ ਬੱਚੀ ਸਦਾ ਲਈ ਅੰਨ੍ਹੀ ਹੋ ਜਾਵੇਗੀ। ਆਪ੍ਰੇਸ਼ਨ ਦਾ ਖਰਚਾ ਸਿੱਖ ਸੇਵਕ ਸੁਸਾਇਟੀ ਨੇ ਕੀਤਾ।ਡਾਕਟਰ ਜੀ ਨੇ ਸਸਤਾ ਇਲਾਜ ਕਰਕੇ ਇਸ ਸੇਵਾ ਵਿਚ ਯੋਗਦਾਨ ਪਾਇਆ।

ਪੰਜਾਬ ਦੇ ‘ਬੈਸਟ ਆਈ ਸਰਜਨ’ ਡਾ. ਐਮ.ਪੀ.ਐਸ. ਭਾਟੀਆ , ਐਮ.ਐੱਸ. (ਓਪਥੈਲਮੋਲੌਜੀ) ਕੀਤੀ ਹੈ। ਉਹ ਗਰੀਬਾਂ ਨੂੰ ਵੀ ਮੁਫ਼ਤ ਜਾਂ ਘੱਟ ਖਰਚੇ ਵਿੱਚ ਇਲਾਜ ਕਰਵਾਉਂਦੇ ਹਨ। ਹਰਪ੍ਰੀਤ ਦੇ ਕੇਸ ਵਿੱਚ ਵੀ ਉਨ੍ਹਾਂ ਨੇ ਵਿਸ਼ੇਸ਼ ਧਿਆਨ ਦਿੱਤਾ ਅਤੇ ਸੋਸਾਇਟੀ ਨਾਲ ਮਿਲ ਕੇ ਇਹ ਆਪ੍ਰੇਸ਼ਨ ਸੰਭਵ ਬਣਾਇਆ ।।ਇਸ ਹਸਪਤਾਲ ਵਿਚ ਅਤਿ-ਆਧੁਨਿਕ ਜਪਾਨੀ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ, ਜਿਵੇਂ ਨਾਈਡੈਕ CxIII ਲੈਸਿਕ ਲੇਜ਼ਰ ਮਸ਼ੀਨ ਅਤੇ ਪੈਂਟਾਕੈਮ ਸਿਸਟਮ, ਜੋ ਆਪ੍ਰੇਸ਼ਨਾਂ ਨੂੰ ਸੁਰੱਖਿਅਤ ਅਤੇ ਸਟੀਕ ਬਣਾਉਂਦੀਆਂ ਹਨ। ਡਾਕਟਰ ਭਾਟੀਆ ਦਾ ਕਹਿਣਾ ਹੈ ਕਿ ਬਚੀ ਦੀ ਫੈਕੋ ਕੈਟਾਰੈਕਟ ਸਰਜਰੀ ਕੀਤੀ ਗਈ ਹੈ, ਜੋ ਬਿਨਾਂ ਇੰਜੈਕਸ਼ਨ ਅਤੇ ਸਟਿੱਚਾਂ ਤੋਂ ਹੁੰਦੀ ਹੈ। ਇਹ ਸਰਜਰੀ ਬਹੁਤ ਸੁਰੱਖਿਅਤ ਹੈ ਅਤੇ ਮਰੀਜ਼ ਤੁਰੰਤ ਰਿਕਵਰੀ ਕਰ ਲੈਂਦੇ ਹਨ।

 ਇਸ ਮੌਕੇ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਡਾ. ਭਾਟੀਆ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, “ਡਾ. ਭਾਟੀਆ ਨੇ ਨਾ ਸਿਰਫ ਸਸਤਾ ਇਲਾਜ ਕੀਤਾ, ਸਗੋਂ ਗਰੀਬ ਪਰਿਵਾਰ ਨੂੰ ਨਵੀਂ ਉਮੀਦ ਦਿੱਤੀ। ਇਸ ਮੌਕੇ ਬਚੀ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਕੀਤੀ ਗਈ।ਇਸ ਕਾਰਜ ਵਿੱਚ ਪ੍ਰੋਫੈਸਰ ਸ. ਬਲਵਿੰਦਰ ਪਾਲ ਸਿੰਘ, ਆਰਟਿਸਟ ਸਾਹਿਬ ਸਿੰਘ ਅਤੇ ਸੋਸਾਇਟੀ ਦੇ ਹੋਰ ਵਰਕਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *