ਕਪੂਰਥਲਾ (ਜਸਪਾਲ ਕੈਂਥ)-ਜਦੋਂ ਕਿਸੇ ਮਜਬੂਰ ਦੇ ਪੈਰ ਸਾਥ ਛੱਡ ਦੇਣ ਅਤੇ ਜ਼ਿੰਦਗੀ ਇੱਕੋ ਥਾਂ ਸਿਮਟ ਕੇ ਰਹਿ ਜਾਵੇ, ਤਾਂ ਉਮੀਦ ਦੀ ਇੱਕ ਕਿਰਨ ਹੀ ਉਸ ਲਈ ਨਵਾਂ ਜੀਵਨ ਬਣ ਜਾਂਦੀ ਹੈ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਕਪੂਰਥਲਾ ਵਿਖੇ, ਜਿੱਥੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦਬੇ-ਕੁਚਲੇ ਅਤੇ ਲੋੜਵੰਦ ਕਿਰਤੀ ਪਰਿਵਾਰਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ‘ਵੀਲ੍ਹ-ਚੇਅਰਾਂ’ ਭੇਟ ਕੀਤੀਆਂ। ਇਹ ਸਿਰਫ਼ ਕੁਰਸੀਆਂ ਨਹੀਂ ਸਨ, ਸਗੋਂ ਉਨ੍ਹਾਂ ਲੋਕਾਂ ਲਈ ਮੁੜ ਤੋਂ ਆਪਣੇ ਪੈਰਾਂ ‘ਤੇ ਹੋਣ ਅਤੇ ਆਜ਼ਾਦ ਘੁੰਮਣ-ਫਿਰਨ ਦਾ ਇੱਕ ਅਹਿਸਾਸ ਸੀ।

“ਅਸੀਂ NGO ਨਹੀਂ, ਗੁਰੂ ਦੀ ਸੰਗਤ ਹਾਂ”
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਇਸ ਮੌਕੇ ਬੜੇ ਭਾਵੁਕ ਸ਼ਬਦਾਂ ਵਿੱਚ ਦੱਸਿਆ ਕਿ ਸਿੱਖ ਸੇਵਕ ਸੁਸਾਇਟੀ ਕੋਈ ਪੇਸ਼ੇਵਰ NGO ਨਹੀਂ ਹੈ, ਸਗੋਂ ਇਹ ਇੱਕ ‘ਸੰਗਤੀ ਗਰੁੱਪ’ ਹੈ। ਉਨ੍ਹਾਂ ਕਿਹਾ, “ਸਾਡਾ ਮਕਸਦ ਸਿਰਫ਼ ਅੰਕੜੇ ਇਕੱਠੇ ਕਰਨਾ ਨਹੀਂ, ਸਗੋਂ ਗੁਰੂ ਦੀ ਸੰਗਤ ਵੱਲੋਂ ਦਿੱਤੇ ਦਸਵੰਧ ਰਾਹੀਂ ਉਨ੍ਹਾਂ ਕਿਰਤੀ ਲੋਕਾਂ ਦੇ ਦੁੱਖ ਵੰਡਾਉਣਾ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬਣਦਾ।”ਜਥੇਦਾਰ ਖਾਲਸਾ ਨੇ ਦੱਸਿਆ ਕਿ ਸੁਸਾਇਟੀ ਹਮੇਸ਼ਾ ਪੰਜਾਬ ਉੱਤੇ ਪਈ ਕਿਸੇ ਵੀ ਕੁਦਰਤੀ ਬਿਪਤਾ ਭਾਵੇਂ ਕਰੋਨਾ ਬਿਮਾਰੀ ਯਾਹਿ ਹੜਾ ਦਾ ਨੁਕਸਾਨਿਆ ਪੰਜਾਬ ਹੋਵੇ ਉਸ ਸਮੇਂ ਸਭ ਤੋਂ ਅੱਗੇ ਹੋ ਕੇ ਨਿਤਰਦੀ ਹੈ। ਉਨ੍ਹਾਂ ਦੱਸਿਆ ਕਿ:ਕਪੂਰਥਲਾ ਦੇ 12 ਅਪਾਹਿਜਾ ਨੂੰ ਵੀਲ੍ਹ-ਚੇਅਰਾਂ ਦਿੱਤੀਆਂ ਗਈਆਂ ਤਾਂ ਜੋ ਉਹ ਆਪਣਾ ਰੋਜ਼ਮੱਰਾ ਦਾ ਗੁਜ਼ਾਰਾ ਸੌਖਾ ਕਰ ਸਕਣ।ਬੀਤੇ ਦਿਨੀਂ ਸੁਸਾਇਟੀ ਵੱਲੋਂ 10 ਗਰੀਬ ਅਤੇ ਪੀੜਤ ਕਿਰਤੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਗਏ ਸਨ।ਸੰਸਥਾ ਲਗਾਤਾਰ ਲੋੜਵੰਦਾਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ।ਇਸ ਨੇਕ ਕਾਰਜ ਦੌਰਾਨ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਅਰਵਿੰਦਰਜੀਤ ਸਿੰਘ ਚੱਡਾ (ਐਡਵੋਕੇਟ), ਬਲਜੀਤ ਸਿੰਘ ਮਿਸ਼ਨਰੀ, ਪ੍ਰਿੰਸੀਪਲ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਜੂ ਡਿਲਕਸ ਅਤੇ ਤੇਜਿੰਦਰ ਸਿੰਘ ਲੰਬਾ ਪਿੰਡ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਪ੍ਰਣ ਕੀਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ‘ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਜਾਰੀ ਰੱਖਣਗੇ।

ਇਸ ਮੌਕੇ ਹਾਜ਼ਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੇ ਕਿਹਾ ਕਿ ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਹਰ ਕੋਈ ਆਪਣੇ ਲਈ ਜਿਉਂਦਾ ਹੈ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਸਮਾਜ ਲਈ ਇੱਕ ਚਾਨਣ ਮੁਨਾਰਾ ਹਨ। ਉਨ੍ਹਾਂ ਦਸਿਆ ਕਿ ਵੀਲ੍ਹ-ਚੇਅਰਾਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਉਮੀਦ ਦੀ ਚਮਕ ਇਸ ਗੱਲ ਦੀ ਗਵਾਹ ਸੀ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਸਥਾ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੂਰਾ ਸਹਿਯੋਗ ਦੇ ਰਹੇ ਹਾਂ। ਉਸ ਸਮੇ ਜਥੇਦਾਰ ਡੋਗਰਾਵਾਲਾ ਨਾਲ ਸ : ਐਚ ਐਸ ਵਾਲੀਆ , ਦਲਵਿੰਦਰ ਸਿੰਘ ਸਿਧੂ , ਤਨਵੀਰ ਸਿੰਘ ਢਿਆਲੀ , ਅਜੇ ਬਬਲਾ , ਇੰਦਰਜੀਤ ਸਿੰਘ , ਅਸ਼ੋਕ ਭਗਤ ਅਤੇ ਜਗਜੀਤ ਸਿੰਘ ਹਾਜਰ ਸਨ





