ਤਲਵਾਡ਼ਾ,27 ਜੁਲਾਈ (ਦੀਪਕ ਠਾਕੁਰ)-ਸਬ ਡਵੀਜ਼ਨ ਮੁਕੇਰੀਆਂ ਅਧੀਨ ਬਲਾਕ ਤਲਵਾਡ਼ਾ ਤੇ ਹਾਜੀਪੁਰ ‘ਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਮਾਈਨਿੰਗ ਦਾ ਕੰਮ ਜ਼ਾਰੀ ਹੈ। ਮਾਈਨਿੰਗ ਤੇ ਸਿਵਲ ਪ੍ਰਸ਼ਾਸਨ ਦੇ ਕਾਗਜਾਂ ‘ਚ ਜੂਨ ਤੋਂ ਸਤੰਬਰ ਤੱਕ ਮਾਈਨਿੰਗ ’ਤੇ ਬੰਦ ਹੈ, ਪਰ ਬਾਵਜੂਦ ਇਸਦੇ ਹਾਜੀਪੁਰ ਤੇ ਤਲਵਾਡ਼ਾ ਖ਼ੇਤਰਾਂ ‘ਚ ਵਾਹੀਯੋਗ ਜ਼ਮੀਨਾਂ ਸਮੇਤ ਬਿਆਸ ਤੇ ਸਵਾਂ ਦਰਿਆ ‘ਚ ਮਾਈਨਿੰਗ ਦਾ ਗ਼ੈਰ ਕਾਨੂੰਨੀ ਕੰਮ ਬੇਰੋਕ ਜ਼ਾਰੀ ਹੈ। ਖ਼ੇਤਰ ‘ਚ ਸਥਿਤ ਕਰੀਬ ਡੇਢ ਦਰਜਨ ਸਟੋਨ ਕਰੱਸ਼ਰ ਬਰਸਾਤ ਦੇ ਮੌਸਮ ‘ਚ ਵੀ ਲਗਾਤਾਰ ਚੱਲ ਰਹੇ ਹਨ, ਜਦਕਿ ਨੀਮ ਪਹਾਡ਼ੀ ਪਿੰਡ ਸੁਖਚੈਨਪੁਰ ਵਿਖੇ ਪਹਾਡ਼ੀਆਂ ਨੂੰ ਕੱਟਣ ਦਾ ਵੀ ਕੰਮ ਨਿਰੰਤਰ ਜ਼ਾਰੀ ਹੈ। ਉੱਥੇ ਹੀ ਦੂਜੇ ਪਾਸੇ ਬਲਾਕ ਤਲਵਾਡ਼ਾ ਦੇ ਪਿੰਡ ਰਾਮਗਡ਼੍ਹ ਸੀਕਰੀ ‘ਚ ਸਵਾਂ ਦਰਿਆ ਦੇ ਦੂਜੇ ਬੰਨ੍ਹੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗਡ਼ਾ ਦੇ ਪਿੰਡ ਰਣੋਹ ‘ਚ ਲੱਗੇ ਸਟੋਨ ਕਰੱਸ਼ਰ ’ਤੇ ਪੰਜਾਬ ਸੀਮਾ ਅੰਦਰ ਵਡ਼ ਸੀਕਰੀ ਪੰਚਾਇਤ ਦੀ ਜ਼ਮੀਨ ’ਤੇ ਪੁਟਾਈ ਕਰਨ ਦੇ ਦੋਸ਼ ਲੱਗੇ ਹਨ। ਸੀਕਰੀ ਦੀ ਪੰਚਾਇਤ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਲਈ ਬੀਡੀਪੀਓ ਤਲਵਾਡ਼ਾ ਤੇ ਨਾਇਬ ਤਹਿਸੀਲਦਾਰ ਨੂੰ ਲਿਖਣ ਦੇ ਬਾਵਜੂਦ ਮਾਮਲਾ ਪੱਤਰ ਵਿਹਾਰ ‘ਚ ਹੀ ਉਲਝਿਆ ਹੋਇਆ ਹੈ। ਇਸ ਸਬੰਧੀ ਪਿੰਡ ਰਾਮਗਡ਼੍ਹ ਸੀਕਰੀ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਵਾਂ ਦਰਿਆ ‘ਚ ਪੰਚਾਇਤ ਦੀ 429 ਕਨਾਲ ਦੇ ਕਰੀਬ ਜ਼ਮੀਨ ਪੈਂਦੀ ਹੈ, ਜੋ ਕਿ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੀ ਹੈ। ਹਿਮਾਚਲ ਪ੍ਰਦੇਸ਼ ਦੇ ਪਿੰਡ ਰਣੋਹ ‘ਚ ਲੱਗੇ ਸਟੋਨ ਕਰੱਸ਼ਰ ਵੱਲੋਂ ਸਵਾਂ ਦਰਿਆ ‘ਚ ਪੁਟਾਈ ਕੀਤੀ ਜਾ ਰਹੀ ਹੈ, ਇਹ ਖਦਸ਼ਾ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ, ਜਿਸ ਦੀ ਨਿਸ਼ਾਨਦੇਹੀ ਲਈ ਪੰਚਾਇਤ ਵੱਲੋਂ ਪਿਛਲੇ ਇੱਕ ਸਾਲ ਤੋਂ ਬੀਡੀਪੀਓ ਦਫ਼ਤਰ ਤਲਵਾਡ਼ਾ ਅਤੇ ਨਾਇਬ ਤਹਿਸੀਲਦਾਰ ਦਫ਼ਤਰ ਨਾਲ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ। ਪਰ ਕੋਈ ਹੱਲ ਨਹੀਂ ਨਿਕਲਿਆ।
ਨਾਇਬ ਤਹਿਸੀਲਦਾਰ ਤਲਵਾਡ਼ਾ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆਇਆ ਦੋ ਕੁ ਮਹੀਨੇ ਹੀ ਹੋਏ ਹਨ। ਉਕਤ ਮਾਮਲਾ ਉਨ੍ਹਾਂ ਦੇ ਧਿਆਨ ‘ਚ ਨਹੀਂ ਹੈ, ਉਨ੍ਹਾਂ ਭਲਕ ਹੀ ਪਤਾ ਕਰਵਾ ਕੇ ਜ਼ਲਦ ਨਿਸ਼ਾਨਦੇਹੀ ਕਰਵਾਉਣ ਦਾ ਭਰੋਸਾ ਦਿੱਤਾ।
ਮਾਈਨਿੰਗ ਵਿਭਾਗ ਦੇ ਜਨਰਲ ਮੈਨਜ਼ਰ ਸਰਤਾਜ ਸਿੰਘ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਮਾਈਨਿੰਗ ’ਤੇ ਮੁਕੰਮਲ ਰੋਕ ਹੈ, ਪਰ ਕਰੱਸ਼ਰ ਬੰਦ ਹਨ ਜਾਂ ਨਹੀਂ ਇਸਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਹ ਵਿਭਾਗ ‘ਚ ਨਵੇਂ ਹਨ।





