*ਦਿੱਲੀ ਦੇ ਸਿੱਖ ਗੋਲਕ ਦੇ ਡਾਕੂਆਂ ਤੋ ਸੁਚੇਤ ਰਹਿਣ- ਕੋਛੜ*

पंजाब
Spread the love

ਅੰਮ੍ਰਿਤਸਰ 12 ਅਗਸਤ (ਜਸਬੀਰ ਸਿੰਘ ਪੱਟੀ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕੜੀ ਟੱਕਰ ਦੇ ਰਹੇ ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ ਕਰਤਾਰ ਸਿੰਘ ਕੋਛੜ ਨੇ ਦਿੱਲੀ ਦੇ ਸਿੱਖ ਭਾਈਚਾਰੇ ਤੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਮਤਦਾਨ ਦਾ ਇਸਤੇਮਾਲ ਸਿਰਫ ਉਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਹੀ ਕਰਨ ਜਿਹੜੇ ਗੁਰੂ ਦੀ ਗੋਲਕ ਦੀ ਰਾਖੀ ਪਹਿਰੇਦਾਰ ਬਣ ਕੇ ਕਰਨ ਦੀ ਸਮੱਰਥਾ ਰੱਖਦੇ ਹੋਣ ਕਿਉਕਿ ਗੁਰੂ ਦੀ ਗੋਲਕ ਨੂੰ ਲੁੱਟਣ ਵਾਲੇ ਵੀ ਬਹੂਰੂਪੀਏ ਬਣ ਕੇ ਚੋਣ ਮੈਦਾਨ ਵਿੱਚ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਚੋਣ ਲੜਨ ਵਾਲਿਆ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਗੁਰੂ ਘਰ ਦੀ ਗੋਲਕ ਨੂੰ ਸਬਜ਼ੀ ਘੁਟਾਲੇ ਕਰਕੇ ਲੁੱਟਿਆ, ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਕਨੇਡਾ ਤੋ ਆਈ ਲੱਖਾਂ ਰੁਪਏ ਦੀ ਦਾਨ ਦੀ ਰਕਮ ਸਿੱਧੀ ਜੇਬ ਵਿੱਚ ਪਾਈ ਤੇ ਅੱਜ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਅਤੇ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਗੁਰੂ ਦੀ ਗੋਲਕ ਨੂੰ ਤੰਬੂ ਖਰੀਦਣ ਦੇ ਬਹਾਨਾ ਕਰਕੇ ਲੁੱਟਿਆ ਤੇ ਦੋਹਰੇ ਦੋਹਰੇ ਬਿੱਲ ਪਾ ਕੇ ਗੋਲਕ ਨੂੰ ਵੱਡੀ ਸੰਨ ਲਗਾਈ। ਪੰਥ ਦੋਖੀ ਅਮਤਾਬ ਬਚਨ ਤੋ 12 ਕਰੋੜ ਲੈ ਕੇ ਡਕਾਰ ਤੱਕ ਵੀ ਨਹੀ ਮਾਰੇ। ਉਹਨਾਂ ਕਿਹਾ ਕਿ ਅਜਿਹੀ ਲੁੱਟ ਕਰਨ ਵਾਲਿਆ ਦੇ ਖਿਲਾਫ ਪੁਲੀਸ ਕੇਸ ਵੀ ਬਣੇ ਤੇ ਅੱਜ ਕਲ੍ਹ ਇਹ ਲੋਕ ਅਦਾਲਤਾਂ ਦੀ ਪਰਕਰਮਾ ਕਰ ਰਹੇ ਹਨ ਤੇ ਪੁਲੀਸ ਉਹਨਾਂ ਦੀ ਭਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਇੱਕ ਲੁੱਟਣ ਵਾਲਾ ਦਿੱਲੀ ਸਿੱਖਾਂ ਨੂੰ ਜਾਗਦੇ ਰਹੋ ਦਾ ਹੋਕਾ ਦੇ ਕੇ ਸਿੱਖ ਵੋਟਰਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਦ ਕਿ ਦੂਜਾ ਆਪਣੇ ਆਪ ਨੂੰ ਲੋਕ ਸੇਵਾਦਾਰ ਦੱਸ ਕੇ ਕਰੋਨਾ ਪੀੜਤ ਮਰੀਜਾਂ ਦਾ ਮਸੀਹਾ ਹੋਣ ਦਾ ਪਾਖੰਡ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਹੀ ਨਹੀ ਕਰ ਰਿਹਾ ਸਗੋ ਉਸ ਦੀ ਗੋਲਕ ਦੀ ਲੁੱਟ ਨੂੰ ਲੈ ਕੇ ਅਦਾਲਤ ਨੇ ਉਸ ਦੇ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵੇਲੇ ਮਨਜੀਤ ਸਿੰਘ ਜੀ ਕੇ ਜਾਗੋ ਪਾਰਟੀ ਬਣਾ ਕੇ ਸਿੱਖ ਸੰਗਤਾਂ ਨੂੰ ਜਾਗਦੇ ਰਹੋ ਦਾ ਹੋਕਾ ਦੇ ਰਿਹਾ ਹੈ ਤੇ ਮਨਜਿੰਦਰ ਸਿੰਘ ਸਿਰਸਾ ਕਰੋਨਾ ਦੀ ਜੰਗ ਦੇ ਸਿਪਾਹੀ ਦੀ ਮਖੋਟਾ ਪਾ ਕੇ ਗੁੰਮਰਾਹ ਕਰ ਰਿਹਾ ਹੈ। ਦੋਵੇ ਹੀ ਭ੍ਰਿਸ਼ਟਾਚਾਰ ਦੇ ਕੋਸਾਂ ਵਿੱਚ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਤੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਦਿੱਲੀ ਦੇ ਸਿੱਖਾਂ ਨੇ ਵੇਖਣਾ ਹੈ ਕਿ ਦਿੱਲੀ ਕਮੇਟੀ ਵਿੱਚ ਗਾਲ੍ਹਾ ਕੱਢਣ ਵਾਲੇ ਤੇ ਸਬਜ਼ੀ ਚੋਰੀ ਕਰਨ ਵਾਲਿਆ ਨੂੰ ਦਿੱਲੀ ਕਮੇਟੀ ਦੀ ਸੱਤਾ ਸੋਂਪਣੀ ਹੈ ਜਾਂ ਫਿਰ ਦੋ ਦਿੱਲੀ ਕਮੇਟੀ ਦੇ ਨਟਵਰ ਲਾਲਾ ਨੂੰ ਸੋਂਪਣੀ ਹੈ ਜਿਹਨਾਂ ਦੀ ਲੁੱਟ ਦਾ ਕਿੱਸਾ ਕੰਧ ਤੇ ਲਿਖਿਆ ਸਾਫ ਸਾਫ ਪੜਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੱਤਾ ਦੇ ਭੁੱਖੇ ਕੁਝ ਲੋਕ ਅੱਜ ਸਾਫ ਸੁਥਰੀ ਸੇਵਾ ਨੂੰ ਛੱਡ ਕੇ ਗੋਲਕ ਚੋਰਾਂ ਦਾ ਸਾਥ ਦੇ ਰਹੇ ਹਨ , ਉਹਨਾਂ ਦੀ ਬਿੱਲੀ ਵੀ ਥੈਲਿਊ ਬਾਹਰ ਆ ਗਈ ਹੈ ਕਿ ਗੋਲਕ ਵੇਖ ਕੇ ਉਹਨਾਂ ਦੀਆਂ ਵੀ ਲਾਲਾਂ ਡਿੱਗ ਰਹੀਆ ਹਨ। ਉਹਨਾਂ ਇੱਕ ਵਾਰੀ ਫਿਰ ਦਿੱਲੀ ਦੇ ਸਿੱਖਾਂ ਨੂੰ ਸੁਚੇਤ ਕਰਦਿਆ ਅਪੀਲ ਕੀਤੀ ਕਿ ਉਹ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਚੋਣ ਕਰਨ ਜਿਹੜੇ ਸਿਰਫ ਗੋਲਕ ਦੀ ਪਹਿਰੇਦਾਰੀ ਕਰਨ ਦੀ ਸਮੱਰਥਾ ਰੱਖਦੇ ਹੋਣ ਤੇ ਧਾਰਮਿਕ ਬਿਰਤੀ ਵਾਲੇ ਹੋਣ ਦੇ ਨਾਲ ਨਾਲ ਧਰਮ ਪ੍ਰਚਾਰ ਕਰਨ ਦੀ ਸਮੱਰਥਾ ਰੱਖਦੇ ਹੋਣ।

Leave a Reply

Your email address will not be published. Required fields are marked *