ਤਲਵਾਡ਼ਾ,19 ਅਗਸਤ (ਦੀਪਕ ਠਾਕੁਰ)-ਬਲਾਕ ਹਾਜੀਪੁਰ ‘ਚ ਲੰਘੇ ਬੁਧਵਾਰ ਦੀ ਰਾਤ ਇੱਕ ਟੈਂਪੂ ਚਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਹਾਜੀਪੁਰ ਪੁਲੀਸ ਨੇ ਕਤਲ ਮਾਮਲੇ ‘ਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪਿੰਡ ਗੋਧਾਂ ਦੇ ਨਵੀਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਹਾਜੀਪੁਰ ਵਿਖੇ ਮ੍ਰਿਤਕ ਸੰਜੀਵ ਕੁਮਾਰ ਦੀ ਪਤਨੀ ਪੂਨਮ ਨੇ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸਦਾ ਪਤੀ ਬੁਧਵਾਰ ਦੀ ਸ਼ਾਮ ਸਬਜ਼ੀ ਦੇਣ ਘਰ ਆਇਆ ਤੇ ਮੁਡ਼ ਵਾਪਿਸ ਚਲਾ ਗਿਆ। ਰੋਜ਼ਾਨਾ ਦੀ ਤਰ੍ਹਾਂ ਸੰਜੀਵ ਕੁਮਾਰ ਆਪਣਾ ਟੈਂਪੂ ਨਰਿੰਦਰ ਕੁਮਾਰ ਦੀ ਹਵੇਲੀ ਖਡ਼੍ਹਾ ਕਰਨ ਗਿਆ, ਪਰ ਵਾਪਿਸ ਨਹੀਂ ਆਇਆ। ਰੌਲ੍ਹਾ ਪੈਣ ਤੋਂ ਉਸਨੇ ਆਪਣੇ ਟੈਂਪੂ ਕੋਲ਼ ਦੇਖਿਆ ਤਾਂ ਉਸਦਾ ਪਤੀ (ਸੰਜੀਵ ਕੁਮਾਰ) , ਜਿਸ ਦੇ ਸਿਰ ’ਤੇ ਕੱਟ ਲੱਗੇ ਹੋਏ ਸਨ, ਪਿਆ ਹੋਇਆ ਸੀ, ਅਤੇ ਮੌਕਾ ਏ ਵਾਰਦਾਤ ਪਰ ਹੀ ਮੌਤ ਹੋ ਗਈ ਸੀ। ਉਸਦੇ ਪਤੀ ਨੇ ਦੱਸਿਆ ਸੀ ਕਿ ਲੰਘੀ 16 ਤਾਰੀਕ ਨੂੰ ਨਵੀ ਵਾਸੀ ਗੋਧਾਂ ਤੇ ਸਾਥੀਆਂ ਨਾਲ ਉਸਦਾ ਲਡ਼ਾਈ ਝਗਡ਼ਾ ਹੋਇਆ ਸੀ, ਜਿਸ ਨੇ ਉਸਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਹਾਜੀਪੁਰ ਪੁਲੀਸ ਨੇ ਪੂਨਮ ਦੇ ਬਿਆਨਾਂ ’ਤੇ ਨਵੀ ਵਾਸੀ ਗੋਧਾਂ ਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।





