*ਪੰਜਾਬ ਪੁਲਿਸ ਵੱਲੋ ਭਾਰਤ ਸਰਕਾਰ ਦੁਆਰਾ ‘ਗੈਰ-ਕਾਨੂੰਨੀ ਘੋਸ਼ਿਤ ਕੀਤੇ ਗਏ ਅਮਰੀਕਾ ਅਧਾਰਤ ਸੰਗਠਨ ਐਸ.ਐਫ.ਜੇ. ਦੁਆਰਾ ਸਥਾਪਤ ਮਾਡਿਊਲ ਦਾ ਕੀਤਾ ਪਰਦਾਫਾਸ਼*

क्राइम पंजाब
Spread the love

ਚੰਡੀਗੜ੍ਹ, 17 ਸਤੰਬਰ (ਦਾ ਮਿਰਰ ਪੰਜਾਬ) – ਪੰਜਾਬ ਪੁਲਿਸ ਵੱਲੋਂ ਅੱਜ ਪਾਬੰਦੀਸ਼ੁਦਾ ‘ਗੈਰ-ਕਾਨੂੰਨੀ ਐਸੋਸੀਏਸ਼ਨ’ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਵੱਖਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਜਿਸਦੇ ਤਿੰਨ ਮੈਂਬਰਾਂ ਦੀ ਖੰਨਾ ਦੇ ਪਿੰਡ ਰਾਮਪੁਰ ਵਿੱਚ ਗ੍ਰਿਫਤਾਰੀ ਹੋਈ ਅਤੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ‘ਰੈਫਰੈਂਡਮ 2020’ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਾਲੇ ਲੱਖਾਂ ਦੇ ਹਿਸਾਬ ਨਾਲ ਵੱਖਵਾਦੀ ਪੈਂਫਲੇਟ ਵੀ ਬਰਾਮਦ ਕੀਤੇ ਗਏ। ਐਸ.ਐਫ.ਜੇ. ਨੂੰ ਭਾਰਤ ਸਰਕਾਰ ਵੱਲੋਂ ਜੁਲਾਈ 2019 ਵਿੱਚ ਯੂ.ਏ.(ਪੀ) ਐਕਟ ਤਹਿਤ ਪੰਜਾਬ ਵਿੱਚ ਵੱਖਵਾਦ ਅਤੇ ਹਿੰਸਕ ਅੱਤਵਾਦ ਦੇ ਨਾਲ-ਨਾਲ ਸਿੱਖ ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਕੇ ਪਾਬੰਦੀ ਲਗਾ ਦਿੱਤੀ ਗਈ ਸੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਰਾਮਪੁਰ ਖੰਨਾ, ਜਗਵਿੰਦਰ ਸਿੰਘ ਅਤੇ ਸੁਖਦੇਵ ਸਿੰਘ, ਦੋਵੇਂ ਰੋਪੜ ਦੇ ਮੋਰਿੰਡਾ ਦੇ ਵਾਸੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ, ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਸਹਾਏ ਮਖੂ, ਸਾਰੇ ਅਮਰੀਕਾ ਅਧਾਰਤ ਅਤੇ ਖੰਨਾ ਦੇ ਜਗਜੀਤ ਸਿੰਘ ਮਾਂਗਟ ਵਿਰੁੱਧ ਵੀ ਕੇਸ ਦਰਜ ਕੀਤਾ ਹੈ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਖੰਨਾ ਦੇ ਪਿੰਡ ਰਾਮਪੁਰ ਵਿੱਚ ਛਾਪੇਮਾਰੀ ਕੀਤੀ ਅਤੇ ਰੈਫਰੈਂਡਮ 2020 ਦੀਆਂ ਗਤੀਵਿਧੀਆਂ ਨੂੰ ਲੈ ਕੇ 2.84 ਲੱਖ ਤੋਂ ਵੱਧ ਪੈਂਫਲੇਟ ਬਰਾਮਦ ਕੀਤੇ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ ਕੈਨਨ ਪ੍ਰਿੰਟਰ, ਦਿਵਾਰਾਂ ‘ਤੇ ਚਿੱਤਰਕਾਰੀ ਲਈ ਸਪਰੇਅ ਪੰਪ ਅਤੇ ਸਪਰੇਲ ਬੋਤਲਾਂ, ਇੱਕ ਲੈਪਟਾਪ, ਤਿੰਨ ਮੋਬਾਈਲ ਫ਼ੋਨ ਅਤੇ ਇੱਕ ਹੌਂਡਾ ਸਿਟੀ ਕਾਰ ਵੀ ਬਰਾਮਦ ਕੀਤੀ ਹੈ।

ਮੁੱਢਲੀ ਪੜਤਾਲ ਦੌਰਾਨ ਇਹ ਪਾਇਆ ਗਿਆ ਹੈ ਕਿ ਦੋਸ਼ੀ ਗੁਰਵਿੰਦਰ ਸਿੰਘ, ਜੇ.ਐਸ. ਧਾਲੀਵਾਲ ਦੁਆਰਾ ਚਲਾਏ ਜਾ ਰਹੇ ‘ਯੂ.ਐਸ. ਮੀਡੀਆ ਇੰਟਰਨੈਸ਼ਨਲ’ ਨਾਂ ਦੇ ਯੂਟਿਊਬ ਚੈਨਲ ਉੱਤੇ ਕੱਟੜਪੰਥੀ ਵੱਲੋਂ ਪ੍ਰੇਰਿਤ ਹੋਇਆ ਸੀ, ਜਿਸ ਨੇ ਉਸ ਦੀ ਅੱਗੇ ਗੁਰਪਤਵੰਤ ਪੰਨੂੰ ਨਾਲ ਜਾਣ-ਪਛਾਣ ਕਰਵਾਈ। ਬੁਲਾਰੇ ਨੇ ਅੱਗੇ ਕਿਹਾ ਕਿ, ਪੰਨੂੰ ਦੀਆਂ ਹਦਾਇਤਾਂ ‘ਤੇ, ਗੁਰਵਿੰਦਰ ਨੇ ਖੰਨਾ ਦੇ ਆਪਣੇ ਪਿੰਡ ਰਾਮਪੁਰ ਵਿੱਚ ਸਰਕਾਰੀ ਸਕੂਲ ਦੀ ਇਮਾਰਤ ‘ਤੇ ਖਾਲਿਸਤਾਨੀ ਝੰਡੇ ਵੀ ਲਗਾਏ ਸਨ।

ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਸਿੱਖ ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਦੇ ਲਈ ਵੋਟ ਪਾਉਣ ਦੇ ਨਾਲ-ਨਾਲ ਦੋਰਾਹਾ, ਲੁਧਿਆਣਾ ਦੇ ਨੇੜਲੇ ਇਲਾਕਿਆਂ ਵਿੱਚ ਵੱਖ-ਵੱਖ ਸਮੂਹਾਂ ਨੂੰ ਪੈਂਫਲੈਟ ਵੰਡਣ ਅਤੇ ਪੰਨੂੰ ਦੇ ਕਹਿਣ ‘ਤੇ ਪੈਸੇ ਮੁਹੱਈਆ ਕਰਵਾਉਣ ਲਈ ਤਕਰੀਬਨ 20-25 ਵਿਅਕਤੀਆਂ ਨੂੰ ਰਜਿਸਟਰਡ ਕੀਤਾ ਸੀ.

ਪੁਲਿਸ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਨੇ ਸਿੱਖ ਰੈਫਰੈਂਡਮ 2020 ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ (ਅੰਗਰੇਜ਼ੀ ਅਤੇ ਪੰਜਾਬੀ ਵਿੱਚ) ਪੁਲਾਂ ਦੇ ਹੇਠਾਂ ਅਤੇ ਸਾਈਨ ਬੋਰਡਾਂ ਉੱਤੇ ਖੰਨਾ ਤੋਂ ਸਿੰਘੂ ਬਾਰਡਰ ਦਿੱਲੀ ਤੱਕ ਵੱਖ-ਵੱਖ ਥਾਵਾਂ ‘ਤੇ ਚਿੱਤਰਕਾਰੀ ਕੀਤੀ ਗਈ ਹੈ।

15 ਅਗਸਤ ਦੀ ਰਾਤ ਨੂੰ, ਉਸਨੇ ਵੱਖ-ਵੱਖ ਥਾਵਾਂ ‘ਤੇ ਸਿੱਖ-ਪੱਖੀ ਰੈਫਰੈਂਡਮ 2020 ਅਤੇ ਭਾਰਤ ਵਿਰੋਧੀ ਨਾਅਰਿਆਂ ਨੂੰ ਸਪਰੇਅ ਨਾਲ ਪੇਂਟ ਵੀ ਕੀਤਾ ਸੀ।
ਬੁਲਾਰੇ ਨੇ ਕਿਹਾ ਕਿ ਵੱਖਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ, ਦੋਸ਼ੀ ਨੇ ਮਨੁੱਖੀ ਕੈਰੀਅਰਾਂ, ਹਵਾਲਾ ਅਤੇ ਐਮ.ਟੀ.ਐਸ.ਐਸ. ਚੈਨਲਾਂ ਰਾਹੀਂ ਪੰਨੂ ਤੋਂ ਬਹੁਤ ਜ਼ਿਆਦਾ ਫੰਡ ਪ੍ਰਾਪਤ ਹੋਏ ਹਨ।

ਇਸ ਦੌਰਾਨ, ਐਫ.ਆਈ.ਆਰ. ਨੰਬਰ 7 ਮਿਤੀ 16-09-2021 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 124 ਏ, 153 ਏ, 153 ਬੀ ਅਤੇ 120 ਬੀ ਅਤੇ ਯੂ.ਏ. (ਪੀ) ਐਕਟ ਦੀ ਧਾਰਾ 17, 18, 20, 40 ਦੇ ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਦਰਜ ਕੀਤੀ ਗਈ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੋਰ ਛਾਪੇਮਾਰੀ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *