*ਖੇਤੀ ਕਾਨੂੰਨਾਂ ਦਾ ਸੇਕ- ਪੰਜਾਬ ਸਰਕਾਰ ਨੇ ਬਾਹਰੀ ਰਾਜਾਂ ਤੋਂ ਝੋਨੇ ਦੀ ਆਮਤ ’ਤੇ ਲਗਾਈ ਰੋਕ , ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖ਼ੇਤਰ ਦੇ ਕਿਸਾਨ ਚਿੰਤਤ*

पंजाब
Spread the love

ਤਲਵਾਡ਼ਾ,13 ਅਕਤੂਬਰ (ਦੀਪਕ ਠਾਕੁਰ)-ਕੇਂਦਰੀ ਖੇਤੀ ਕਾਨੂੰਨ ਅਜੇ ਭਾਵੇਂ ਲਾਗੂ ਨਹੀਂ ਹੋਏ ਪਰ ਉਸਦਾ ਅਸਰ ਧਰਾਤਲ ’ਤੇ ਦੇਖਣ ਨੂੰ ਮਿਲਣ ਲੱਗ ਪਿਆ ਹੈ। ਇਹ ਸ਼ਬਦ ਸਰਹੱਦੀ ਕਸਬਾ ਠਾਕੁਰਦੁਆਰਾ ਹਿਮਾਚਲ ਪ੍ਰਦੇਸ਼ ਤੋਂ ਕਿਸਾਨ ਸੰਘ ਦੇ ਆਗੂ ਵਿਜੈ ਕੁਮਾਰ ਨੇ ਸਾਂਝੇ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਆਪਣੀਆਂ ਫ਼ਸਲਾਂ ਪੰਜਾਬ ਦੀਆਂ ਮੰਡੀਆਂ ‘ਚ ਵੇਚਦੇ ਆ ਰਹੇ ਸਨ। ਪਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਵਿਵਾਦਤ ਖੇਤੀ ਕਾਨੂਨਾਂ ਕਾਰਨ ਇਸ ਵਰ੍ਹੇ ਉਨ੍ਹਾਂ ਨੂੰ ਪੰਜਾਬ ਦੀਆਂ ਮੰਡੀਆਂ ‘ਚ ਆਪਣੀ ਫਸਲ ਵੇਚਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਣਕ ਦੀ ਫ਼ਸਲ ਤਾਂ ਉਨ੍ਹਾਂ ਔਖੇ ਸੌਖੇ ਵੇਚ ਲਈ ਸੀ, ਪਰ ਹਾਡ਼ੀ ਦੀ ਫ਼ਸਲ ਉਨ੍ਹਾਂ ਲਈ ਮੁਸੀਬਤ ਬਣ ਗਈ ਹੈ। ਪੰਜਾਬ ਸਰਕਾਰ ਨੇ ਬਾਹਰੀ ਰਾਜਾਂ ਤੋਂ ਆਉਣ ਵਾਲੇ ਝੋਨੇ ’ਤੇ ਰੋਕ ਲਗਾ ਦਿੱਤੀ ਹੈ, ਪੰਜਾਬ ਦੀਆਂ ਸੀਮਾਂ ਸੀਲ ਹਨ, ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਰਹੱਦੀ ਵਿਧਾਨ ਸਭਾ ਹਲ਼ਕਾ ਇੰਦੌਰਾ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਖਰੀਦਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨ ਆਪਣੀ ਫ਼ਸਲ ਵੇਚਣ ਲਈ ਚਿੰਤਤ ਹਨ। ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਮੰਡ ਸਨੌਰ ‘ਚ ਜਾ ਵਸੇ ਸੇਵਾ ਮੁਕਤ ਮਾਸਟਰ ਹੰਸ ਰਾਜ ਨੇ ਦੱਸਿਆ ਕਿ ਉਹ ਖ਼ੇਤਰ ‘ਚ ਮੰਡੀ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਹਲ਼ਕਾ ਵਿਧਾਇਕ ਤੋਂ ਲੈ ਕੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੱਕ ਮਿਲ ਚੁੱਕੇ ਹਨ, ਝੋਨੇ ਫ਼ਸਲ ਦੀ ਕਟਾਈ ਸਿਰ ’ਤੇ ਖਡ਼੍ਹੀ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਸ਼ਾਸਨ ਨੇ ਲੰਘੀ 10 ਤਾਰੀਕ ਨੂੰ ਮੰਡੀ ਖੋਲ੍ਹਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਪ੍ਰਸ਼ਾਸਨ 15 ਤਾਰੀਕ ਨੂੰ ਖਰੀਦ ਕਰਨ ਦੀ ਗੱਲ ਕਰ ਰਿਹਾ ਹੈ। ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਠਾਕੁਰ ਅਨੂਪ ਸਿੰਘ ਨੇ ਦੱਸਿਆ ਕਿ ਹਾਡ਼ੀ ਦੀ ਫ਼ਸਲ ਮੌਕੇ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਪਿੰਡ ਤਿਓਡ਼ਾ ਵਿਖੇ ਇੱਕ ਆਰਜੀ ਮੰਡੀ ਸਥਾਪਿਤ ਕਰ ਕਿਸਾਨੀ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਪ੍ਰਸ਼ਾਸਨ ਨੇ ਕਿਸਾਨਾਂ ਤੋਂ ਐਮਐਸਪੀ ਤੋਂ ਘੱਟ ਭਾਅ ’ਤੇ ਕਣਕ ਦੀ ਖਰੀਦ ਕੀਤੀ। ਹੁਣ ਖਤਾਨਾਂ ‘ਚ ਝੋਨੇ ਦੀ ਫ਼ਸਲ ਤਿਆਰ ਖਡ਼੍ਹੀ ਹੈ, ਪਰ ਅਜੇ ਤੱਕ ਸਰਕਾਰ ਵੱਲੋਂ ਫ਼ਸਲ ਖਰੀਦ ਲਈ ਕੋਈ ਬੰਦੋਬਸਤ ਨਹੀਂ ਕੀਤਾ ਗਿਆ, ਖ਼ੇਤਰ ਦੇ ਕਿਸਾਨਾਂ ‘ਚ ਬੇਚੈਨੀ ਹੈ। ਕਿਸਾਨ ਆਗੂ ਲਾਲ ਹੁੈਸਨ ਨੇ ਦੱਸਿਆ ਮੰਡ ਖੇਤਰ ਨਾਲ ਜਾਣਿਆ ਜਾਂਦਾ ਹਿਮਾਚਲ ਪ੍ਰਦੇਸ਼ ਦੇ ਇਸ ਖ਼ੇਤਰ ਦਾ 35 ਗੁਣਾ 8 ਕਿਲੋਮੀਟਰ ਲੰਬੇ ਰੱਕਬੇ ‘ਤੇ ਕਿਸਾਨ ਕਣਕ, ਝੋਨਾ ਤੇ ਗੰਨੇ ਦੀ ਕਾਸ਼ਤ ਕਰਦੇ ਹਨ, ਇਹ ਹਿਮਾਚਲ ਪ੍ਰਦੇਸ਼ ਦਾ ਅਤਿ ਉਪਜਾਊ ਖ਼ੇਤਰ ਹੈ। ਪਰ ਪ੍ਰਦੇਸ਼ ਸਰਕਾਰ ਖ਼ੇਤਰ ‘ਚ ਕਿਸਾਨਾਂ ਦੀ ਮੰਗ ’ਤੇ ਐਗਰੋ ਇੰਡਸਟਰੀ ਲਾਉਣ ‘ਚ ਨਾਕਾਮ ਰਹੀ ਹੈ। ਫ਼ਸਲ ਨਾ ਵਿਕਣ ’ਤੇ ਕਿਸਾਨੀ ਦਾ ਲੱਕ ਟੁੱਟਣ ਦੀ ਗੱਲ ਆਖੀ। ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਦੀ ਫ਼ਸਲ ’ਤੇ ਲਗਾਈ ਰੋਕ ਤੋਂ ਦੁਖੀ ਦੇਸ ਰਾਜ, ਵਿਸ਼ਾਲ, ਮਲਕੀਅਤ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਪੰਜਾਬ ਨਾਲ ਉਨ੍ਹਾਂ ਦੀ ਰੋਟੀ ਬੋਟੀ ਦੀ ਸਾਂਝ ਹੈ। ਪਰ ਕਾਰਪੋਰੇਟ ਦੇ ਕਠਪੁਤਲੀਆਂ ਬਣੀਆਂ ਹਾਕਮ ਜਮਾਤਾਂ ਨੇ ਆਪਣੇ ਸੌਡ਼ੇ ਸਿਆਸੀ ਹਿੱਤਾਂ ਖ਼ਾਤਰ ਭਾਈਚਾਰਕ ਸਾਂਝ ਨੂੰ ਖੌਰ੍ਹਾ ਲਾਇਆ ਹੈ। ਮਾ ਹੰਸ ਰਾਜ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਦੀ ਖਰੀਦ ਲਈ ਪਿੰਡ ਤਿਓਡ਼ਾ ‘ਚ ਇੱਕ ਖਰੀਦ ਕੇਂਦਰ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਖ਼ੇਤਰ ‘ਚ 18 ਲੱਖ ਕੁਇੰਟਲ ਝੋਨੇ ਦੀ ਪੈਦਾਵਾਰ ਹੋਣ ਦਾਅਵਾ ਕੀਤਾ ਗਿਆ। ਅਜਿਹੇ ਹਾਲਾਤਾਂ ‘ਚ ਇੱਕ ਖਰੀਦ ਕੇਂਦਰ ਕਿਸਾਨਾਂ ਲਈ ਨਾਕਾਫ਼ੀ ਹੈ।

ਪੱਤਰਕਾਰ ਵਲੋਂ ਪਿੰਡ ਤਿਓਡ਼ਾ ‘ਚ ਨਿਰਮਾਣ ਅਧੀਨ ਫੈਕਟਰੀ ਦਾ ਦੌਰ੍ਹਾ ਕੀਤਾ, ਜਿੱਥੇ ਖਰੀਦ ਕੇਂਦਰ ਦਾ ਸਥਾਪਿਤ ਕੀਤਾ ਜਾਣਾ ਹੈ। ਉੱਥੇ ਮੌਜ਼ੂਦ ਬਿਹਾਰੀ ਲੇਬਰ ਨੇ ਦੱਸਿਆ ਕਿ ਉਹ ਲੰਘੀ 24 ਤਾਰੀਕ ਨੂੰ ਇਹ ਆਖ ਕਿ 10 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣੀ ਹੈ। ਪਰ ਹੁਣ ਅਧਿਕਾਰੀ 15 ਤਾਰੀਕ ਤੋਂ ਸ਼ੁਰੂ ਕਰਨ ਦੀ ਗੱਲ ਕਹਿ ਰਹੇ ਹਨ। ਠੇਕੇਦਾਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਝੋਨੇ ਦੀ ਛਡ਼ਾਈ ਆਦਿ ਲਈ ਪੱਖੇ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਉਧਰ ਅੱਜ ਵੱਡੀ ਗਿਣਤੀ ਕਿਸਾਨਾਂ ਨੇ ਸਰਕਾਰੀ ਖਰੀਦ ਕੇਂਦਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਐਸਡੀਐਮ ਦਫ਼ਤਰ ਇੰਦੌਰਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ। ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਧਰਮਿੰਦਰ ਸਿੰਘ, ਉੱਘੇ ਟ੍ਰੇਡ ਯੂਨੀਅਨ ਆਗੂ ਸਾਥੀ ਨੱਥਾ ਸਿੰਘ ਆਦਿ ਨੇ ਸ਼ਿਰਕਤ ਕੀਤੀ। ਬਡੁਖਰ, ਗੰਗਥ, ਡਮਟਾਲ ਤੇ ਕਾਠਗਡ਼ ਨੂੰ ਜਾਣ ਵਾਲੀ ਸਡ਼ਕ ’ਤੇ ਅੰਸ਼ਿਕ ਜਾਮ ਲਾਇਆ। ਐਸਡੀਐਮ ਇੰਦੌਰਾ ਸੁੋਮਿਲ ਗੌਤਮ ਦੇ 15 ਤਾਰੀਕ ਨੂੰ ਖਰੀਦ ਕੇਂਦਰ ਖੋਲ੍ਹਣ ਦੇ ਲਿਖਤੀ ਭਰੋਸੇ ਮਗਰੋਂ ਕਿਸਾਨਾਂ ਸ਼ੁਕਰਵਾਰ ਨੂੰ ਸਰਕਾਰੀ ਖਰੀਦ ਸ਼ੁਰੂ ਨਾ ਹੋਣ ’ਤੇ ਅਗਲੇ ਦਿਨ ਮੁਡ਼ ਐਸਡੀਐਮ ਦਫ਼ਤਰ ਦੇ ਘਿਰਾਓ ਦੀ ਚੇਤਾਵਨੀ ਦੇ ਕੇ ਧਰਨਾ ਸਮਾਪਤ ਕੀਤਾ। 

ਹਲ਼ਕਾ ਇੰਦਰਾ ਦੀ ਭਾਜਪਾ ਵਿਧਾਇਕਾ ਰੀਟਾ ਧੀਮਾਨ ਨੇ ਕਿਹਾ ਕਿ ਇਹ ਉਨ੍ਹਾਂ ਤੇ ਪ੍ਰਦੇਸ਼ ਸਰਕਾਰ ਲਈ ਨਵਾਂ ਮਾਮਲਾ ਹੈ। ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕਿਸਾਨ ਪੰਜਾਬ ਦੀਆਂ ਮੰਡੀਆਂ ‘ਚ ਆਪਣੀ ਫ਼ਸਲ ਵੇਚਦੇ ਸੀ। ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ‘ਚ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਸ਼ਮੂਲਿਅਤ ਨਾ ਕੀਤੇ ਜਾਣ ਕਾਰਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ’ਤੇ ਰੋਕ ਲਗਾ ਦਿੱਤੀ ਹੈ। ਪ੍ਰਦੇਸ਼ ਸਰਕਾਰ ਨੇ ਤਿਓਡ਼ਾ ਵਿਖੇ ਸਰਕਾਰੀ ਖਰੀਦ ਕੇਂਦਰ ਖੋਲ੍ਹਣ ਦਾ ਨੋਟੀਫ਼ਿਕੇਸ਼ਨ ਜ਼ਾਰੀ ਕਰ ਦਿੱਤਾ ਹੈ, 15 ਤਾਰੀਕ ਤੋਂ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਮੰਡ ਸਨੌਰ, ਡਮਟਾਲ ਤੇ ਠਾਕੁਰਦੁਆਰਾ ਵਿਖੇ ਖਰੀਦ ਕੇਂਦਰ ਸਥਾਪਿਤ ਕੀਤੇ ਜਾਣ ਦੀ ਸਰਕਾਰ ਨੂੰ ਤਜਵੀਜ਼ ਭੇਜੀ ਹੈ।

 

Leave a Reply

Your email address will not be published. Required fields are marked *