ਤਲਵਾਡ਼ਾ,25 ਨਵੰਬਰ( ਦੀਪਕ ਠਾਕੁਰ)-ਪੰਜਾਬ ‘ਚ ਅਕਾਲੀ -ਬਸਪਾ ਗਠਜੋਡ਼ ਦੀ ਸਰਕਾਰ ਬਣਨ ’ਤੇ ਕੰਢੀ ਖ਼ੇਤਰ ਦੇ ਵਿਕਾਸ ਲਈ ਕੰਢੀ ਵਿਕਾਸ ਬੋਰਡ ਦਾ ਗਠਨ ਕਰ ਵੱਖਰਾ ਮੰਤਰੀ ਬਣਾਇਆ ਜਾਵੇਗਾ। ਇਹ ਮੰਤਰੀ ਕੰਢੀ ਖ਼ੇਤਰ ‘ਚ ਚੁਣ ਕੇ ਆਏ ਵਿਧਾਇਕ ਵਿੱਚੋਂ ਹੀ ਬਣਾਇਆ ਜਾਵੇਗਾ। ਇਹ ਐਲਾਨ ਸ਼੍ਰੋ.ਅ .ਦ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਲਵਾਡ਼ਾ ਵਿਖੇ ਵਿਸ਼ਾਲ ਜਨਤਕ ਰੈਲ਼ੀ ਦੌਰਾਨ ਇਲਾਕਾ ਵਾਸੀਆਂ ਨਾਲ ਮੁਖਾਤਿਬ ਹੁੰਦਿਆਂ ਕੀਤਾ। ਸ੍ਰ ਬਾਦਲ ਗਠਜੋਡ਼ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ‘ਪਿੰਕੀ’ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਆਪਣੇ ਇੱਕ ਰੋਜ਼ਾ ਦੌਰ੍ਹੇ ਤਹਿਤ ਹਲ਼ਕਾ ਦਸੂਹਾ ‘ਚ ਪਹੁੰਚੇ ਸਨ, ਬਾਅਦ ਦੁਪਹਿਰ ਸ਼ਾਮ ਕਰੀਬ ਸਾਢੇ ਚਾਰ ਵਜੇ ਕੰਢੀ ਬਲਾਕ ਤਲਵਾਡ਼ਾ ਦੀ ਖੋਖਾ ਮਾਰੀਕਟ ਗਰਾਉਂਡ ‘ਚ ਪੁੱਜੇ। ਸ੍ਰ ਬਾਦਲ ਨੇ ਆਪਣੇ ਸੰਬੋਧਨ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਸਾਢੇ ਚਾਰ ਸਾਲ ਦੇ ਕੁਕਰਮਾਂ ਦਾ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ‘ਚ ਲੱਗੀ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਏ ਦਿਨ ਕੀਤੇ ਜਾ ਰਹੇ ਐਲਾਨਾਂ ਅਤੇ ਤਿੰਨ ਰੁਪਏ ਪ੍ਰਤੀ ਯੁਨਿਟ ਬਿਜਲੀ ਸਸਤੀ ਕਰਨ ਦੇ ਫੈਸਲੇ ਨੂੰ ਮਹਿਜ਼ ਚੋਣ ਸਟੰਟ ਦੱਸਿਆ। ਸ੍ਰ ਬਾਦਲ ਨੇ ਕਿਹਾ ਮੁੱਖ ਮੰਤਰੀ ਚੰਨੀ ਦੱਸਣ ਕਿ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਰੇਤ ਕਿੱਥੇ ਮਿਲਦੀ ਹੈ? ਸ੍ਰ ਬਾਦਲ ਨੇ ਆਮ ਆਦਮੀ ਪਾਰਟੀ ‘ਆਪ’ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਹਮਲੇ ਕੀਤੇ। ਦਿੱਲੀ ‘ਚ ‘ਆਪ’ ਦੀ ਸਰਕਾਰ ਬਣਿਆ ਨੂੰ 10 ਸਾਲ ਹੋ ਗਏ ਹਨ, ਅਜੇ ਤੱਕ ‘ਆਪ’ ਨੇ ਕਿਸੇ ਵੀ ਔਰਤ ਨੂੰ ਦੋ ਸੌ ਰੁਪਇਆ ਅਤੇ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ। ਪਰ ਪੰਜਾਬ ‘ਚ ਕੇਜਰੀਵਾਲ ਹਰ 25 ਦਿਨਾਂ ਬਾਅਦ ਦੌਰ੍ਹਾ ਕਰ ਇੱਕ ਗਾਰੰਟੀ ਦੇ ਰਹੇ ਹਨ। ਸ੍ਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੋਵੇਂ ਹੀ ਪੰਜਾਬ ‘ਚੋਂ ਪੈਦਾ ਹੋਈਆਂ ਪਾਰਟੀਆਂ ਹਨ, ਜਦਕਿ ਕਾਂਗਰਸ, ਆਪ ਤੇ ਭਾਜਪਾ ਦੀ ਕਮਾਂਡ ਦਿੱਲੀ ਬੈਠੇ ਲੀਡਰਾਂ ਦੇ ਹੱਥਾਂ ‘ਚ ਹੈ। ਪੰਜਾਬ ਵਾਸੀਆਂ ਦੇ ਦੁੱਖ ਦਰਦ ਅਕਾਲੀ ਬਸਪਾ ਭਲੀ ਭਾਂਤੀ ਜਾਣਦੀਆਂ ਹਨ। ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਬਸਪਾ ਗਠਜੋਡ਼ ਦੀ ਸਰਕਾਰ ਬਣਨ ’ਤੇ ਹਰ ਨੀਲਾ ਕਾਰਡ ਹੋਲਡਰ ਪਰਿਵਾਰ ਦੀ ਮਹਿਲਾ ਮੁਖੀ ਦੇ ਖਾਤੇ ‘ਚ ਹਰ ਮਹੀਨੇ ਦੋ ਹਜ਼ਾਰ ਰੁਪਏ ਪਾਏ ਜਾਣਗੇ। ਗਠਜੋਡ਼ ਸਰਕਾਰ ਬਣਨ ’ਤੇ ਪਹਿਲੇ ਦਿਨ ਤੋਂ ਹੀ 13 ਨੁਕਾਤੀ ਪ੍ਰੋਰਗਾਮ ਨੂੰ ਲਾਗੂ ਕੀਤਾ ਜਾਵੇਗਾ। ਪਿਛਲੀ ਵਾਰ ਅਕਾਲੀ ਸਰਕਾਰ ਨੇ ਬਿਜਲੀ ਪੂਰੀ ਕੀਤੀ ਸੀ, ਹੁਣ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ ਹਰ ਵਰਗ ਨੂੰ ਪਹਿਲੀਆਂ ਚਾਰ ਸੌ ਯੂਨਿਟਾਂ ਮੁਫ਼ਤ ਕੀਤੀਆਂ ਜਾਣਗੀਆਂ। ਆਮ ਲੋਕਾਂ ਨੂੰ ਵਧੀਆ ਸਿੱਖਿਆ ਮੁੱਹਇਆ ਕਰਵਾਉਣ ਲਈ 25 ਹਜ਼ਾਰ ਦੀ ਅਬਾਦੀ ਪਿੱਛੇ ਪੰਜ ਹਜ਼ਾਰ ਵਿਦਿਆਰਥੀਆਂ ਦੀ ਸਰਮਰਥਾ ਵਾਲਾ ਇੱਕ ਮੈਗਾ ਸਕੂਲ ਖੋਲ੍ਹਿਆ ਜਾਵੇਗਾ, ਜਿਸ ਵਿੱਚ ਅਧਿਆਪਕਾਂ ਦੀ ਸਕੂਲ ਵਿੱਚ ਹੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਦੇ ਪਡ਼੍ਹੇ ਵਿਦਿਆਰਥੀਆਂ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ 33 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਦਸੂਹਾ ਤੋਂ ਅਕਾਲੀ ਬਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ‘ਪਿੰਕੀ’ ਨੇ ਸੁਖਬੀਰ ਬਾਦਲ ਦਾ ਤਲਵਾਡ਼ਾ ਆਉਣ ‘ਤੇ ਸਵਾਗਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ‘ਚ ਗਠਜੋਡ਼ ਸਰਕਾਰ ਬਣਨ ’ਤੇ ਕੰਢੀ ਦੀਆਂ ਸੱਮਸਿਆਵਾਂ ਦੇ ਹੱਲ ਦੇ ਨਾਲ ਨਾਲ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ।
ਸ੍ਰ ਬਾਦਲ ਨੇ ਹਲ਼ਕੇ ਦੇ ਵਿਕਾਸ ਲਈ ਸੁਸ਼ੀਲ ਕੁਮਾਰ ‘ਪਿੰਕੀ ’ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ।
ਸ੍ਰ ਬਾਦਲ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ‘ਤੇ ਲੱਗੀ ਇਲਾਕੇ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ ਪ੍ਰਤੀਮਾ ਅੱਗੇ ਨਤਮਸਤਕ ਹੋਏ। ਉਨ੍ਹਾਂ ਸੁਸ਼ੀਲ ਕੁਮਾਰ ‘ਪਿੰਕੀ’ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਮੇਨ ਬਜ਼ਾਰ ‘ਚ ਰੋਡ ਸ਼ੋਅ ਕੱਢਿਆ।
ਬਾਕਸ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਤਲਵਾਡ਼ਾ ਫ਼ੇਰੀ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਤੋਂ ਬੱਚਦੇ ਨਜ਼ਰ ਆਏ, ਹਾਲਾਂਕਿ ਉਨ੍ਹਾਂ ਨੂੰ ਭੀਡ਼ ‘ਚ ਕਈ ਵਾਰ ਸਿੱਖਿਆ, ਸਿਹਤ, ਟਰਾਂਸਪੋਰਟ ਆਦਿ ਕਈ ਵਾਰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ





