ਜਲੰਧਰ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਤੁਰੰਤ ਮਾਫੀ ਮੰਗਣ, ਇਹ ਨਾ ਹੋਵੇ ਕਿ ਲੋਕ ਉਸਦਾ ਚਿਹਰਾ ਦੇਖਣਾ ਵੀ ਪਸੰਦ ਨਾ ਕਰਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸੰਸਦ ਮੈਂਬਰ ਪਦਮਸ਼੍ਰੀ ਹੰਸਰਾਜ ਹੰਸ ਨੇ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਨਕੋਦਰ ਜ਼ਿਲ੍ਹਾ ਜਲ਼ੰਧਰ ਵਿਖੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ (ਆਮ ਆਦਮੀ ਪਾਰਟੀ ) ਵੱਲੋਂ ਆਪਣੇ ਗਲ਼ੇ ਵਿੱਚੋਂ ਹਾਰ ਲਾਹ ਕੇ ਬਾਬਾ ਸਾਹਿਬ ਭੀਮ ਰਾਉਂ ਅੰਬੇਡਕਰ ਜੀ ਦੇ ਗਲ਼ ਵਿੱਚ ਪਾਕੇ ਉਨ੍ਹਾਂ ਦਾ ਨਿਰਾਦਰ ਕੀਤਾ ਗਿਆ ਹੈ । ਜਿਸ ਨਾਲ ਦਲਿਤ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਸਦੇ ਖ਼ਿਲਾਫ਼ ਕਾਨੂੰਨੀ ਤਰੁੰਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਕੇ ਪਦਮ ਸ੍ਰੀ ਹੰਸਰਾਜ ਹੰਸ ਨਾਲ ਭਾਜਪਾ ਪੰਜਾਬ ਦੇ ਉੱਪ-ਪ੍ਰਧਾਨ ਸ੍ਰੀ ਰਾਜੇਸ਼ ਬਾਘਾ, ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਸਮੇਤ ਪਾਰਟੀ ਦੇ ਹੋਰ ਵੀ ਸੀਨੀਅਰ ਲੀਡਰ ਹਾਜਰ ਸਨ।
ਸ੍ਰੀ ਹੰਸਰਾਜ ਹੰਸ ਨੇ ਕਿਹਾ ਕਿ ਭਗਵੰਤ ਮਾਨ ਖ਼ਿਲਾਫ਼ ਹੁਣ ਤਕ 15 ਤੋਂ ਬਾਅਦ ਸ਼ਿਕਾਇਤਾਂ ਪੁਲਿਸ ਨੂੰ ਪਹੁੰਚ ਚੁੱਕੀਆਂ ਹਨ, ਇਸ ਤੋਂ ਇਲਾਵਾ ਐਸ ਸੀ ਕਮਿਸ਼ਨ ਵੱਲੋਂ ਵੀ ਜਲੰਧਰ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਭਗਵੰਤ ਮਾਨ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਖ਼ਿਲਾਫ਼ ਜਲਦ ਤੋਂ ਜਲਦ ਪਰਚਾ ਦਰਜ ਹੋਣਾ ਚਾਹੀਦਾ ਹੈ। ਨਹੀਂ ਤਾਂ ਇਹ ਕਹਾਵਤ ਸੱਚੀ ਹੋਣ ਨੂੰ ਦੇਰ ਨਹੀਂ ਲੱਗੇਗੀ ਕੇ “ਦਲਿਤ ਬੋਲਿਆ , ਸਿੰਘਾਸਨ ਡੋਲਿਆ”।





