ਤਲਵਾਡ਼ਾ, 30 ਜਨਵਰੀ( ਦੀਪਕ ਠਾਕੁਰ)-ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲ਼ਕਾ ਦਸੂਹਾ ‘ਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਕਾਂਗਰਸ, ਭਾਜਪਾ, ਅਕਾਲੀ- ਬਸਪਾ ਗਠਜੋਡ਼, ਆਪ ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਇਸ ਵਾਰ ਹਲ਼ਕਾ ਦਸੂਹਾ ਬਹੁਕੌਨੀ ਮੁਕਾਬਲਾ ਬਣ ਗਿਆ ਹੈ। ਆਮ ਆਦਮੀ ਪਾਰਟੀ ਨੂੰ ਛੱਡ ਬਾਕੀ ਸਿਆਸੀ ਧਿਰਾਂ ਨੇ ਇਸ ਵਾਰ ਕੰਢੀ ਖ਼ੇਤਰ ਤੋਂ ਉਮੀਦਵਾਰ ਚੋਣ ਦੰਗਲ ‘ਚ ਉਤਾਰੇ ਹਨ, ਸਿਆਸੀ ਮਾਹਿਰ ਕੰਢੀ ਦੀ ਵੋਟ ਵੰਡ ਅਤੇ ਬਲਾਕ ਦਸੂਹਾ ਦੀ ਵੋਟ ਫੈਸਲਾਕੁੰਨ ਸਾਬਤ ਹੋਣ ਦੀ ਗੱਲ ਕਰ ਰਹੇ ਹਨ। ਕਾਂਗਰਸ ਪਾਰਟੀ ਨੇ ਕੰਢੀ ਖ਼ੇਤਰ ਦੇ ਜੰਮਪਲ ਸਾਬਕਾ ਕੈਬਨਿਟ ਮੰਤਰੀ ਮਰਹੂਮ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਅਤੇ ਮੌਜ਼ੂਦਾ ਵਿਧਾਇਕ ਅਰੁਣ ਕੁਮਾਰ ਡੋਗਰਾ ਨੂੰ ਟਿਕਟ ਦਿੱਤੀ ਹੈ, ਅਕਾਲੀ ਬਸਪਾ ਗਠਜੋਡ਼ ਨੇ ਭਾਜਪਾ ਛੱਡ ਬਸਪਾ ‘ਚ ਸ਼ਾਮਲ ਹੋਏ ਤਲਵਾਡ਼ਾ ਦੇ ਪ੍ਰਸਿੱਧ ਠੇਕੇਦਾਰ ਸੁਸ਼ੀਲ ਕੁਮਾਰ ਸ਼ਰਮਾ ਉਰਫ਼ ਪਿੰਕੀ, ਭਾਜਪਾ ਨੇ ਸਰਹੱਦੀ ਪਿੰਡ ਭਵਨੌਰ ਦੇ ਜੰਮਪਲ ਪ੍ਰਸਿੱਧ ਉਦਯੋਗਪਤੀ ਅਤੇ ਲਘੂ ਤੇ ਦਰਮਿਆਨੀ ਸਨਅਤ ਦੇ ਸਾਬਕਾ ਚੇਅਰਮੈਨ ਠਾ. ਰਘੂਨਾਥ ਸਿੰਘ ਰਾਣਾ ਅਤੇ ਸੰਯੁਕਤ ਸਮਾਜ ਮੋਰਚੇ ਨੇ ਦਾਤਾਰਪੁਰ ਦੇ ਜੰਮਪਲ ਤੇ ਪਾਵਰਕਾਮ ਵਿਭਾਗ ‘ਚੋਂ ਬਤੌਰ ਚੀਫ਼ ਇੰਜਨਿਅਰ ਸੇਵਾਮੁਕਤ ਹੋਏ ਰਾਮ ਲਾਲ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਲਾਕ ਦਸੂਹਾ ਦੇ ਨੌਜਵਾਨ ਆਗੂ ਐਡ. ਕਰਮਵੀਰ ਘੁੰਮਣ ਚੋਣ ਮੈਦਾਨ ’ਚ ਹਨ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਚੋਣ ਕਮਿਸ਼ਨ ਵੱਲੋਂ ਚੋਣ ਰੈਲ਼ੀਆਂ ’ਤੇ ਰੋਕ ਲਗਾਈ ਗਈ ਹੈ, ਉਮੀਦਵਾਰ ਘਰ ਘਰ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਹਨ। ਬਦਲੇ ਹਲਾਤਾਂ ‘ਚ ਸਿਆਸੀ ਧਿਰਾਂ ਦੇ ਆਗੂ ਤੇ ਸਮਰਥਕ ਚੋਣ ਰੈਲ਼ੀਆਂ, ਸਪੀਕਰਾਂ ਆਦਿ ਦੇ ਰੌਲ਼ੇ ਗੋਲ਼ੇ ਤੋਂ ਦੂਰ ਆਪਣੇ ਨਿੱਜੀ ਸੰਪਰਕਾਂ ਰਾਹੀਂ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਚੋਣ ਪ੍ਰਚਾਰ ਚਿਹਰਿਆਂ ਤੱਕ ਸੀਮਤ ਹੋਣ ਕਾਰਨ ਲੋਕ ਮੁੱਦੇ ਗਾਇਬ ਹਨ। ਸੱਤਾਧਾਰੀ ਧਿਰ ਪਿੰਡਾਂ ‘ਚ ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਆਪਣੀ ਪ੍ਰਾਪਤੀ ਦਸ ਰਹੀ ਹੈ, ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਹਰਾ ਬਣਾ ਕੇ ਕੇਂਦਰ ਸਰਕਾਰ ਵੱਲੋਂ ਪੰਚਾਇਤਾਂ ਨੂੰ ਵਿੱਤ ਕਮਿਸ਼ਨਾਂ ਰਾਹੀਂ ਦਿੱਤੀਆਂ ਗ੍ਰਾਂਟਾਂ ਨੂੰ ਆਪਣੇ ਹੱਕ ‘ਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਵੱਲੋਂ ਦਿੱਲੀ ਮਾਡਲ ਨੂੰ ਚੋਣ ਪ੍ਰਚਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਨਵੇਂ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ। ਪਰ ਸਥਾਨਕ ਮੁੱਦੇ ਗਾਇਬ ਹਨ। ਬਲਾਕ ਤਲਵਾਡ਼ਾ ਦੇ ਨੀਮ ਪਹਾਡ਼ੀ ਪਿੰਡ ਧਾਰ ਦੇ ਵਸਨੀਕ ਬਚਿੱਤਰ ਸਿੰਘ ਨੇ ਦੱਸਿਆ ਕਿ ਬਰਸਾਤ ‘ਚ ਉਸਦਾ ਮਕਾਨ ਡਿੱਗ ਗਿਆ ਸੀ, ਪਿਛਲੇ ਦੋ ਸਾਲ ਤੋਂ ਉਹ ਕਿਸੇ ਦੇ ਮਕਾਨ ‘ਚ ਰਹਿ ਰਿਹਾ ਹੈ। ਇਸੇ ਤਰ੍ਹਾਂ ਮੁਹੱਲਾ ਹਰਡ਼ਵਾਡ਼ਾ ਦੇ ਨੌਜਵਾਨ ਨੀਰਜ ਸ਼ਰਮਾ ਨੇ ਦੱਸਿਆ ਕਿ ਪਿੰਡ ਸੁਖਚੈਨਪੁਰ ਤੇ ਭੋਲ ਬਦਮਾਣੀਆਂ ‘ਚ ਪਹਾਡ਼ਾਂ ਦੀ ਕਥਿਤ ਕਟਾਈ ਜਾਰੀ ਹੈ। ਸਵਾਂ ਦਰਿਆ ਵਿੱਚ ਵੀ ਨਾਜਾਇਜ਼ ਖਣਨ ਦਾ ਕੰਮ ਬੇ ਰੋਕ ਚੱਲ ਰਿਹਾ ਹੈ। ਪਿੰਡ ਲਾਖਡ਼ ਪੱਲੀ ਤੇ ਹੀਰ ਬਹਿ ਦੇ ਟੈਟੱ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਪਵਨ ਕੁਮਾਰ ਤੇ ਰਮਨੀਕ ਕੁਮਾਰ ਨੇ ਕਿਹਾ ਕਿ ਕੰਢੀ ਖ਼ੇਤਰ ‘ਚ ਨੌਜਵਾਨ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਘੁੰਮ ਰਹੇ ਹਨ, ਕੋਈ ਵੀ ਸਿਆਸੀ ਆਗੂ ਰੁਜ਼ਗਾਰ ਦੀ ਗੱਲ ਨਹੀਂ ਕਰ ਰਿਹਾ, ਵੱਡੀ ਗਿਣਤੀ ਨੌਜਵਾਨ ਫੋਜ਼ ਦਾ ਫਿਜ਼ੀਕਲ ਟੈਸਟ ਪਾਸ ਕਰ ਲਿਖਤੀ ਪ੍ਰੀਖਿਆ ਦਾ ਪਿਛਲੇ ਕਰੀਬ ਡੇਢ ਸਾਲ ਤੋਂ ਇੰਤਜ਼ਾਰ ਕਰ ਰਹੇ ਹਨ, ਕਰੋਨਾ ਮਹਾਂਮਾਰੀ ਦੌਰਾਨ ਚੋਣਾਂ ਹੋ ਸਕਦੀਆਂ ਹਨ, ਪਰ ਲਿਖਤੀ ਟੈਸੱਟ ਨਹੀਂ। ਨੌਜਵਾਨ ਆਗੂ ਅਕਸ਼ਤ ਸ਼ਰਮਾ ਨੇ ਕਿਹਾ ਕਿ ਕੰਢੀ ਖ਼ੇਤਰ ‘ਚ ਸਿਹਤ ਸਹੂਲਤਾਂ ਦੀ ਬਦਤਰ ਹਾਲਤ ਹੈ, ਪਰ ਸਿਆਸੀ ਪਾਰਟੀਆਂ ਦੇ ਏਜੰਡੇ ’ਤੇ ਮਿਆਰੀ ਸਿਹਤ ਸਹੂਲਤਾਂ ਦਾ ਮੁੱਦਾ ਹੀ ਨਹੀਂ ਹੈ।





