*ਜੰਗਲਾਤ ਐਕਟ ਦੀ ਅਸਪੱਸ਼ਟਤਾ ਲਕੱਡ਼ ਮਾਫੀਏ ਦੇ ਆਈ ਰਾਸ, ਨੀਮ ਪਹਾਡ਼ੀ ਇਲਾਕਿਆਂ ‘ਚ ਚੀਲ ਦੇ ਦਰੱਖਤ ਹੋਏ ਗਾਇਬ*

पंजाब
Spread the love

ਤਲਵਾਡ਼ਾ, 31 ਮਾਰਚ (ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ ਪੰਜਾਬ ਭੂਮੀ ਰੱਖਿਆ ਐਕਟ ਪੀਐਲਪੀਏ ਦੀ ਅਸਪੱਸ਼ਟਤਾ ਲੱਕਡ਼ ਮਾਫੀਏ ਨੂੰ ਖੂਬ ਰਾਸ ਆ ਰਹੀ ਹੈ। ਖ਼ੇਤਰ ਦਾ ਭੂ ਭਾਗ ਜੰਗਲਾਤ ਐਕਟ ਦੀ ਦਫ਼ਾ 4 ਅਤੇ 5 ਅਧੀਨ ਆਉਂਦਾ ਹੈ। ਜਦਕਿ ਕੁਝ ਰੱਕਬਾ ਖੁੱਲ੍ਹਾ ਹੈ, ਖੁੱਲ੍ਹੇ ਰੱਕਬੇ ‘ਚ ਵਿਸ਼ੇਸ਼ ਹਾਲਾਤਾਂ ਵਿੱਚ ਹੀ ਲੱਕਡ਼ ਦੀ ਕਟਾਈ ਦੀ ਆਗਿਆ ਦਿੱਤੀ ਜਾ ਸਕਦੀ ਹੈ। ਪਰ ਪੀਐਲਪੀਏ ਦੀ ਅਸਪੱਸ਼ਟਤਾ ਤੇ ਲੱਕਡ਼ ਮਾਫੀਏ ਅਤੇ ਜੰਗਲਾਤ ਵਿਭਾਗ ਦੀ ਮਿਲੀਭੁਗਤ ਨਾਲ ਖ਼ੇਤਰ ਦੇ ਜੰਗਲਾਂ ਦੀ ਕਥਿਤ ਕਟਾਈ ਦਾ ਗੋਰਖ ਧੰਦਾ ਲੰਮੇ ਸਮੇਂ ਤੋਂ ਨਿਰੰਤਰ ਚੱਲ ਰਿਹਾ ਹੈ। ਖ਼ੇਤਰ ‘ਚ ਜੰਗਲਾਤ ਐਕਟ ਦੀ ਅਸਪੱਸ਼ਟਤਾ ਕਾਰਨ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਬੇਸ਼ਕੀਮਤੀ ਚੀਲ ਦੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਪਿੰਡ ਭੋਲ ਬਦਮਾਣੀਆਂ ਦਾ ਹੈ, ਲੱਕਡ਼ ਮਾਫੀਆ ਨੇ 39 ਹਰੀਆਂ ਚੀਲਾਂ ਵੱਢ ਲਈਆਂ ਹਨ। ਜੰਗਲਾਤ ਵਿਭਾਗ ਵੱਢੀਆਂ ਚੀਲਾਂ ਦਾ ਪਰਮਿਟ ਜ਼ਾਰੀ ਕੀਤਾ ਹੋਣ ਦੀ ਗੱਲ ਕਰ ਰਿਹਾ ਹੈ। ਦਰਅਸਲ ਚੀਲ ਦੀ ਲੱਕਡ਼ ਨੂੰ ਕੱਚਾ ਕੋਲਾ ਬਣਾਉਣ ਲਈ ਵਰਤਿਆ ਜਾਂਦਾ ਹੈ। ਬਲਾਕ ਦੇ ਨੀਮ ਪਹਾਡ਼ੀ ਇਲਾਕਿਆਂ ‘ਚ ਜੰਗਲ ਵਿੱਚ ਹੀ ਕੋਲੇ ਦੀਆਂ ਭੱਠੀਆਂ ਬਾਲ਼ ਕੇ ਕੋਲਾ ਬਣਾਇਆ ਜਾਂਦਾ ਹੈ। ਚੀਲ ਦੀ ਕਥਿਤ ਕਟਾਈ ਕਾਰਨ ਨੀਮ ਪਹਾਡ਼ੀ ਪਿੰਡਾਂ ਸੁਖਚੈਨਪੁਰ, ਭੋਲ ਬਦਮਾਣੀਆਂ, ਧਰਮਪੁਰ ਆਦਿ ‘ਚ ਦਰੱਖਤ ਲਗਭਗ ਖ਼ਤਮ ਹੋਣ ਕੰਢੇ ਪੁੱਜ ਗਏ ਹਨ। ਜੰਗਲਾਤ ਵਿਭਾਗ ‘ਚੋਂ ਹੀ ਇੱਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਕੰਢੀ ਖ਼ੇਤਰ ‘ਚ ਖੁੱਲ੍ਹੇ ਰੱਕਬੇ ਵਿੱਚੋਂ ਵੀ ਵਿਭਾਗ ਸੀਮਿਤ ਮਾਤਰਾ ਵਿੱਚ ਹੀ ਲੱਕਡ਼ ਦੇ ਕਟਾਨ ਦੀ ਆਗਿਆ ਦੇ ਸਕਦਾ ਹੈ, ਉਸਦੇ ਲਈ ਵੀ ਨਿਯਮਾਂ ਅਤੇ ਸ਼ਰਤਾਂ ਹਨ। ਪਰ ਬਡ਼ੀ ਚਤੁਰਾਈ ਨਾਲ ਬਿਨ੍ਹਾਂ ਜਾਂਚ ਅਤੇ ਨਿਸ਼ਾਨਦੇਹੀ ਤੋਂ ਫ਼ਰਦ ਅਤੇ ਖਸਰਾ ਨੰਬਰਾਂ ਦੇ ਸਹਾਰੇ ਕੰਢੀ ਖ਼ੇਤਰ ‘ਚ ਲੱਕਡ਼ ਦੀ ਕਥਿਤ ਕਟਾਈ ਕਰਕੇ ਕੁਦਰਤੀ ਵਣ ਸੰਪਦਾ ਨੂੰ ਤਬਾਹ ਕੀਤਾ ਜਾ ਰਿਹਾ ਹੈ।
ਡੀਐਫਓ ਦਸੂਹਾ ਅਟਲ ਮਹਾਜਨ ਨੇ ਕਿਹਾ ਕਿ ਭੋਲ ਬਦਮਾਣੀਆਂ ‘ਚ 39 ਚੀਲਾਂ ਵੱਢਣ ਲਈ ਪਰਮਿਟ ਜ਼ਾਰੀ ਕੀਤਾ ਗਿਆ ਸੀ, ਚਾਰ ਚੀਲਾਂ ਜੋ ਜਡ਼੍ਹਾਂ ਤੋਂ ਨੰਗੀਆਂ ਹੋਣ ਕਾਰਨ ਡਿੱਗ ਗਈਆਂ ਹੋਣਗੀਆਂ ਦੀ ਡੈਮੇਜ਼ ਰਿਪੋਰਟ ਵਿਭਾਗ ਨੇ ਕੱਟੀ ਹੈ । ਸ਼੍ਰੀ ਮਹਾਜਨ ਨੇ ਕਿਹਾ ਕਿ ਫਾਇਰ ਸੀਜ਼ਨ 15 ਅਪ੍ਰੈਲ ਤੋਂ 30 ਜੂਨ ਤੱਕ ਹੁੰਦਾ ਹੈ, ਇਸ ਅਰਸੇ ਦੌਰਾਨ ਸੁੱਕੇ ਦਰੱਖਤਾਂ ਦੀ ਕਟਾਈ 15 ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਪਰ ਹਰੇ ਦਰਖਤਾਂ ਦੀ ਕਟਾਈ 28 ਫਰਵਰੀ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ।

Leave a Reply

Your email address will not be published. Required fields are marked *