ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਜੁਨੇਜਾ ਸੋਪ ਨਾਮਕ ਫੈਕਟਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ show cause notice ਜਾਰੀ ਕੀਤਾ ਹੈ । ਫੈਕਟਰੀ ਨੂੰ 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ , ਜੇਕਰ ਫੈਕਟਰੀ ਜਵਾਬ ਨਹੀਂ ਦਿੰਦੀ ਤਾਂ ਸਖ਼ਤ ਕਾਰਵਾਈ ਕਰਨ ਨੂੰ ਲਿਖਿਆ ਗਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਨੋਟਿਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੁਨੇਜਾ ਸਾਬਣ ਫੈਕਟਰੀ ਐਕਟ 1986 ਅਤੇ ਐਕਟ 1974 ਦੀ ਪਾਲਣਾ ਨਹੀਂ ਕਰ ਰਹੀ ਹੈ ਇਸ ਲਈ ਇਸ ਖਿਲਾਫ਼ ਸਖਤ ਕਾਰਵਾਈ ਬਣਦੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਸੈਂਟਰਲ ਟਾਊਨ ਦੇ ਰਿਹਾਇਸ਼ੀ ਇਲਾਕੇ ਵਿਚ ਚਲ ਰਹੀ ਹੈ ਉਕਤ ਫੈਕਟਰੀ ਬੁਰੀ ਤਰ੍ਹਾਂ ਪਰਦੂਸ਼ਣ ਫੈਲਾ ਰਹੀ ਹੈ। ਫੈਕਟਰੀ ਵਿਚ ਬਹੁਤ ਵੱਡਾ ਬੁਆਇਲਰ ਲੱਗਾ ਹੋਇਆ ਹੈ ਜੋ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ । ਕੁਝ ਸਾਲ ਪਹਿਲਾਂ ਇਸੇ ਹੀ ਜੁਨੇਜਾ ਸੋਪ ਫੈਕਟਰੀ ਵਿਚ ਬੁਆਇਲਰ ਫਟਣ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ।
ਕੁਝ ਦਿਨ ਪਹਿਲਾਂ ਮੀਡੀਆ ਟੀਮ ਵੱਲੋਂ ਉਕਤ ਫੈਕਟਰੀ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਮਜ਼ਦੂਰਾਂ ਦੀ ਸੁਰੱਖਿਆ ਲਈ ਉਕਤ ਫੈਕਟਰੀ ਵਿਚ ਕੋਈ ਵੀ ਸਹੂਲਤ ਨਹੀਂ ਹੈ। ਉਕਤ ਫੈਕਟਰੀ ਵਿੱਚ ਮਜ਼ਦੂਰ ਬਿਨਾ ਸੁਰੱਖਿਆ ਸੂਟ ,ਬੂਟ ਤੋਂ ਬੁਆਇਲਰ ਦੇ ਲਾਗੇ ਕੰਮ ਕਰਨ ਲਈ ਮਜ਼ਬੂਰ ਸਨ। ਫੈਕਟਰੀ ਦਾ ਧੂੰਆਂ ਰਿਹਾਇਸ਼ੀ ਇਲਾਕੇ ਵਿੱਚ ਘੁੰਮ ਰਿਹਾ ਸੀ ਅਤੇ ਹਵਾ ਨੂੰ ਦੂਸ਼ਿਤ ਕਰ ਰਿਹਾ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ਵਿਚ ਇਕ ਇਲਾਕਾ ਨਿਵਾਸੀ ਨੇ ਦੱਸਿਆ ਕਿ ਉਕਤ ਸਾਬਣ ਫੈਕਟਰੀ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਵਿੱਚ ਚੱਲ ਰਹੀ ਹੈ ਅਤੇ ਸਾਡੇ ਇਲਾਕੇ ਵਿਚ ਪ੍ਰਦੂਸ਼ਣ ਫੈਲਾ ਰਹੀ ਹੈ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ। ਫੈਕਟਰੀ ਦੇ ਅੰਦਰ ਕੰਮ ਕਰ ਰਹੇ ਮਜ਼ਦੂਰ ਵੀ ਸੁਰੱਖਿਅਤ ਨਹੀਂ ਹਨ।





