*ਤਲਵਾਡ਼ਾ ਦਾ ਜਸਬੀਰ 10 ਮਹੀਨਿਆਂ ਤੋਂ ਇੰਡੋਨੇਸ਼ੀਆ ਦੀ ਜ਼ੇਲ੍ਹ ’ਚ ਬੰਦ , ਟਰੈਵਲ ਏਜੰਟ ’ਤੇ ਫਰਜ਼ੀ ਵਿਜ਼ਾ ਦੇਣ ਦੇ ਲਗਾਏ ਦੋਸ਼ ਪਰਿਵਾਰ ਨੇ ਸਰਕਾਰ ਕੋਲ਼ ਰਿਹਾਈ ਲਈ ਲਗਾਈ ਗੁਹਾਰ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ,14 ਨਵੰਬਰ -ਇੱਥੇ ਬਲਾਕ ਅਧੀਨ ਆਉਂਦੇ ਪਿੰਡ ਨਾਰਨੌਲ ਦਾ 27 ਸਾਲਾ ਜਸਬੀਰ ਸਿੰਘ ਪਿਛਲੇ 10 ਮਹੀਨਿਆਂ ਤੋਂ ਇੰਡੋਨੇਸ਼ਿਆ ਦੀ ਜ਼ੇਲ੍ਹ ’ਚ ਬੰਦ ਹੈ। ਉਹ ਜਨਵਰੀ ’ਚ ਰੁਜ਼ਗਾਰ ਲਈ ਇੰਡੋਨੇਸ਼ੀਆ ਗਿਆ ਸੀ। ਦਾ ਮਿਰਰ ਪੰਜਾਬ ਨਾਲ ਗੱਲਬਾਤ ਦੌਰਾਨ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪੁਸ਼ਪ ਪਠਾਣੀਆ ਪੁੱਤਰ ਜਗਦੇਵ ਪਠਾਣੀਆ ਵਾਸੀ ਪਿੰਡ ਨਮੋਲੀ ਬਲਾਕ ਤਲਵਾਡ਼ਾ ਨਾਮਕ ਟਰੈਵਲ ਏਜੰਟ ਰਾਹੀਂ ਇੰਡੋਨੇਸ਼ੀਆ ਗਿਆ ਸੀ। ਉਸਨੇ ਟਰੈਵਲ ਏਜੰਟ ਨੂੰ ਦੋ ਲੱਖ ਨੱਬੇ ਹਜ਼ਾਰ ਰੁਪਏ ਦਿੱਤੇ ਸਨ। ਉਹ ਜਨਵਰੀ ਦੀ 19 ਤਾਰੀਕ ਨੂੰ ਦਿੱਲੀ ਏਅਰਪੋਰਟ ਤੋਂ ਸ਼੍ਰੀ ਲੰਕਾ ਏਅਰਲਾਈਨ ਰਾਹੀਂ ਇੰਡੋਨੇਸ਼ੀਆ ਪਹੁੰਚਿਆ ਸੀ। ਜਿੱਥੇ ਇੰਡੋਨੇਸ਼ੀਆ ਪੁਲੀਸ ਨੇ ਫ਼ਰਜ਼ੀ ਵਿਜ਼ੇ ਦੇ ਦੋਸ਼ ਹੇਠਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ। ਜਸਬੀਰ ਸਿੰਘ ਨੇ ਟਰੈਵਲ ਏਂਜਟ ਪੁਸ਼ਪ ਪਠਾਣੀਆ ’ਤੇ ਫਰਜ਼ੀ ਵਿਜ਼ਾ ਦੇਣ ਦੇ ਦੋਸ਼ ਲਗਾਏ । ਉਸਨੇ ਦੱਸਿਆ ਕਿ ਇੰਡੋਨੇਸ਼ੀਆ ਸਰਕਾਰ ਫਰਜ਼ੀ ਵਿਜ਼ੇ ’ਤੇ ਸਫ਼ਰ ਕਰਨ ਦੇ ਦੋਸ਼ ਹੇਠਾਂ ਉਸਨੂੰ ਇੱਕ ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਵਕਤ ਜਸਬੀਰ ਸਿੰਘ ਜਕਾਰਤਾ ਜ਼ੇਲ੍ਹ ’ਚ ਬੰਦ ਹੈ। ਜਸਬੀਰ ਸਿੰਘ ਦੀ ਮਾਤਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ,ਜਦੋਂ ਉਸਨੂੰ ਜਸਬੀਰ ਦੀ ਗ੍ਰਿਫ਼ਤਾਰੀ ਦਾ ਪਤਾ ਚੱਲੀਆ। ਸਾਰਾ ਪਰਿਵਾਰ ਸਦਮੇ ’ਚ ਹੈ, ਅਤੇ ਜਸਬੀਰ ਦੀ ਸੁਰੱਖਿਅਤ ਵਾਪਸੀ ਲਈ ਤਰਲੇ ਮਾਰ ਰਿਹਾ ਹੈ। ਉਸਨੇ ਜਸਬੀਰ ਨੂੰ ਛੁਡਵਾਉਣ ਲਈ ਟਰੈਵਲ ਏਜੰਟ ਨੂੰ ਹੁਣ ਤੱਕ 17 ਲੱਖ ਰੁਪਏ ਹੋਰ ਦੇ ਦੇਣ ਦੀ ਗੱਲ ਆਖੀ। ਪਰ 10 ਮਹੀਨੇ ਬੀਤ ਜਾਣ ਬਾਅਦ ਵੀ ਅਜੇ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਅਜੇ ਸਲਾਖਾਂ ਤੋਂ ਬਾਹਰ ਨਹੀਂ ਆਇਆ। ਉਨ੍ਹਾਂ ਪੁੱਤਰ ਨੂੰ ਛੁਡਵਾਉਣ ਲਈ ਲੋਕ ਸਭਾ ਹਲ਼ਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਵਿਦੇਸ਼ ਮੰਤਰਾਲੇ ਤੱਕ ਵੀ ਫ਼ਰਿਆਦ ਕੀਤੀ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ। ਤ੍ਰਿਪਤਾ ਦੇਵੀ ਨੇ ਨਮ ਅੱਖਾਂ ਨਾਲ ਭਾਰਤ ਤੇ ਪੰਜਾਬ ਸਰਕਾਰ ਤੋਂ ਆਪਣੇ ਪੁੱਤਰ ਦੀ ਸੁਰੱਖਿਅਤ ਵਤਨ ਵਾਪਸੀ ਦੀ ਗੁਹਾਰ ਲਗਾਈ ਹੈ।

Leave a Reply

Your email address will not be published. Required fields are marked *