ਫਾਈਲ ਫੋਟੋ—- ਰਣਜੀਤ ਸਿੰਘ
ਪੈਰਿਸ 18 ਨਵੰਬਰ ( ਭੱਟੀ ਫਰਾਂਸ ) ਫਰਾਂਸ ‘ਚ ਰਜਿਸਟਰਡ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਸੀਨੀਅਰ ਅਹੁਦੇਦਾਰ ਰਾਜੀਵ ਚੀਮਾ ਅਤੇ ਬਲਵਿੰਦਰ ਸਿੰਘ ਥਿੰਦ ਦੁਆਰਾ ਭੇਜੀ ਗਈ ਜਾਣਕਾਰੀ ਅਨੁਸਾਰ ਪੰਜਾਬ ਨਾਲ ਸਬੰਧਿਤ ਪਿੰਡ ਲਿਟਾ ਜਿਲਾ ਕਪੂਰਥਲੇ ਦੇ ਛਿਆਲੀ ਸਾਲਾ ਨੌਜਵਾਨ ਰਣਜੀਤ ਸਿੰਘ ਪੁੱਤਰ ਰਜਵੰਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ , ਜਿਹੜਾ ਕਿ ਹਫ਼ਤੇ ਭਰ ਤੋਂ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ। ਪ੍ਰੀਵਾਰਿਕ ਸੂਤਰਾਂ ਦੇ ਹਵਾਲੇ ਮੁਤਾਬਿਕ ਸਵਰਗ ਸਿਧਾਰ ਚੁੱਕੇ ਰਣਜੀਤ ਸਿੰਘ ਦੇ ਅਜੇ ਤੱਕ ਕੁਆਰੇ ਰਹਿਣ ਦਾ ਕਾਰਨ ਇਹ ਸੀ ਕਿ ਉਹ ਪੱਕਾ ਹੋ ਕੇ ਪੰਜਾਬ ਆਉਣਾ ਚਾਹੁੰਦਾ ਸੀ ,ਇਸ ਕਰਕੇ ਜਿੰਦਗੀ ਦੇ ਸੋਲਾਂ ਸਤਾਰਾਂ ਸਾਲ ਪੇਪਰ ਪ੍ਰਾਪਤ ਕਰਦੇ ਨੇ ਗਾਲ ਦਿੱਤੇ ਸਨ। ਹੁਣ ਜਦ ਉਸਨੂੰ ਪੇਪਰ ਮਿਲੇ ਤਾਂ ਉਹ ਘਰ ਵਾਪਿਸ ਆਉਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਹੈ। ਰਣਜੀਤ ਸਿੰਘ ਦੀ ਮਾਤਾ ਦਾ ਵੀ ਦਿਹਾਂਤ ਹੋ ਚੁੱਕਾ ਹੈ , ਜਦਕਿ ਬਜੁਰਗ ਬਾਪ ਚੱਲਣ ਫਿਰਨ ਤੋਂ ਵੀ ਅਸਮਰਥ ਹੈ । ਉਸਦੇ ਫਰਾਂਸ ਰਹਿੰਦੇ ਯਾਰਾਂ ਦੋਸਤਾਂ ਵੱਲੋਂ ਸੰਸਥਾ ਔਰਰ–ਡਾਨ ਦੇ ਸਹਿਯੋਗ ਨਾਲ ਮ੍ਰਿਤਕ ਰਣਜੀਤ ਸਿੰਘ ਦੀ ਦੇਹ ਨੂੰ ਉਸਦੇ ਜੱਦੀ ਪਿੰਡ ਭੇਜਣ ਦੀਆਂ ਕਾਗਜੀ ਕਾਰਵਾਈਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਹੋ ਸਕਦੈ ਨਵੰਬਰ ਮਹੀਨਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਸਦੀ ਮ੍ਰਿਤਕ ਦੇਹ ਅੰਮ੍ਰਿਤਸਰ ਏਅਰ ਪੋਰਟ ਰਾਹੀਂ ਉਸਦੇ ਪ੍ਰੀਵਾਰਿਕ ਮੈਬਰਾਂ ਤੱਕ ਪਹੁੰਚ ਜਾਵੇ, ਜਿਸਦੀ ਪੂਰੀ ਪੂਰੀ ਤਸੱਲੀ ਸੰਸਥਾ ਦੇ ਪ੍ਰਬੰਧਕਾਂ ਨੇ ਪ੍ਰੀਵਾਰ ਨੂੰ ਦੇ ਦਿੱਤੀ ਹੈ ।
ਇੱਥੇ ਇਹ ਦੱਸਣ ਯੋਗ ਹੈ ਕਿ ਇਸ ਸੰਸਥਾ ਦੁਆਰਾ ਦੋ ਹਜਾਰ ਤਿੰਨ ਤੋਂ ਲੈ ਕੇ ਹੁਣ ਤੱਕ ਟੋਟਲ ਤਿੰਨ ਸੌਅ ਤੇਰਾਂ ਮ੍ਰਿਤਕ ਦੇਹਾਂ ਦੀ ਕਾਗਜੀ ਕਾਰਵਾਈ ਹੋ ਚੁੱਕੀ ਹੈ । ਇਨ੍ਹਾਂ ਤਿੰਨ ਸੌਅ ਤੇਰਾਂ ਮ੍ਰਿਤਕ ਦੇਹਾਂ ਵਿੱਚੋਂ ਸਤਾਸੀ ਜਣਿਆ ਦਾ ਅੰਤਿਮ ਸਸਕਾਰ ਸਬੰਧਿਤ ਪ੍ਰੀਵਾਰਿਕ ਮੈਬਰਾਂ ਦੀ ਸਹਿਮਤੀ ਨਾਲ ਫਰਾਂਸ ‘ਚ ਕੀਤਾ ਜਾ ਚੁੱਕਾ ਹੈ, ਜਦਕਿ ਦੋ ਸੌਅ ਛੱਬੀ ਮ੍ਰਿਤਕ ਦੇਹਾਂ ਫਰਾਂਸ ਤੋਂ ਭਾਰਤ ਦੇ ਵੱਖੋ ਵੱਖ ਪ੍ਰਾਂਤਾਂ ਵਿੱਚ ਭੇਜੀਆ ਗਈਆਂ ਹਨ ਅਤੇ ਅਗਲੇ ਹਫ਼ਤੇ ਜਾਣ ਵਾਲੀ ਮ੍ਰਿਤਕ ਦੇਹ ਉਪਰੰਤ ਇਹ ਗਿਣਤੀ ਤਿੰਨ ਸੌਅ ਚੌਦਾਂ ਹੋ ਜਾਵੇਗੀ। ਦੂਸਰਾ ਇਨਾਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕਰਨ ਵਿੱਚ ਮਾਇਕ ਸਹਾਇਤਾ ਭਾਰਤ ਸਰਕਾਰ ਵੱਲੋਂ ਸਥਾਪਿਤ ਫਰਾਂਸ ਸਥਿੱਤ ਭਾਰਤੀ ਅੰਬੈਸੀ, ਗੁਰਦਆਰਾ ਬਾਬਾ ਮੱਖਣ ਸ਼ਾਹ ਲੁਬਾਣਾ , ਗੁਰਦੁਆਰਾ ਸਿੰਘ ਸਭਾ ਫਰਾਂਸ , ਗੁਰਦੁਆਰਾ ਸੱਚਿਖੰਡਿ ਗੁਰੂ ਤੇਗੁ ਬਹਾਦੁਰ , ਗੁਰਦੁਆਰਾ ਰਵੀਦਾਸ ਸਭਾ ਲਾ-ਕੋਰਨਵ ਅਤੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਸਾਹਿਤ ਫਰਾਂਸ ਦੀਆਂ ਸੰਗਤਾਂ ਦੁਆਰਾ ਕੀਤੀ ਜਾਂਦੀ ਹੈ। ਸੰਸਥਾ ਹਮੇਸ਼ਾਂ ਹੀ ਫਰਾਂਸ ਦੇ ਗੁਰਦੁਆਰਿਆਂ , ਭਾਰਤੀ ਅੰਬੈਸੀ ਅਤੇ ਮਹਾਦਾਨੀਆ ਦੀ ਸਦਾ ਰਿਣੀ ਰਹੇਗੀ, ਜਿਹੜੇ ਇਹੋ ਜਿਹੀ ਇਨਸਾਨੀਅਤ ਵਾਲੇ ਕੰਮਾਂ ਵਿੱਚ ਦਿਲ ਖੋਲ ਕੇ ਮਦਦ ਕਰਦੇ ਹਨ ।