ਜਲੰਧਰ (ਦਾ ਮਿਰਰ ਪੰਜਾਬ)-ਵੈਸਟ ਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਮੰਗਲਵਾਰ ਨੂੰ ਸਪੋਰਟਸ ਮਾਰਕੀਟ ‘ਚ ਸਥਿਤ ਬੈਟਾਂ ਦੀ ਪ੍ਰਸਿੱਧ ਕੰਪਨੀ ਸਪਾਰਟਨ ਦੇ ਦਫ਼ਤਰ ਪੁੱਜੇ। ਇਸੇ ਦੌਰਾਨ ਉੱਥੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਆਮ ਆਦਮੀ ਪਾਰਟੀ ਦੇ ਡਾਇਨਮਿਕ ਲੀਡਰ ਸ੍ਰੀ ਕਾਕੂ ਆਹਲੂਵਾਲੀਆ ਵੀ ਪਹੁੰਚੇ ਜਿਨ੍ਹਾਂ ਨੇ ਕ੍ਰਿਸ ਗੇਲ ਨੂੰ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕ੍ਰਿਸ ਗੇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ‘ਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਖੋਲ੍ਹੇ ਗਏ 500 ਆਮ ਆਦਮੀ ਕਲੀਨਿਕਾਂ ਦੀ ਸ਼ਲਾਘਾ ਕੀਤੀ। ਕ੍ਰਿਸ ਗੇਲ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਸਭ ਤੋਂ ਵਧੇਰੇ ਲੋੜ ਹੁੰਦੀ ਹੈ ਅਤੇ ਮਾਨ ਸਰਕਾਰ ਨੇ ਇਹ ਕੰਮ ਕਰ ਕੇ ਵਧੀਆ ਉਪਰਾਲਾ ਕੀਤਾ ਹੈ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕ੍ਰਿਕਟਰ ਕ੍ਰਿਸ ਗੇਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਸਹੂਲਤਾਂ ਦੇ ਖੇਤਰ ਵਿਚ ਕੀਤੇ ਗਏ ਕੰਮ ਦੀ ਸ਼ਲਾਘਾ ਕਰਨਾ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਸਪਾਰਟਨ ਕੰਪਨੀ ਵੱਲੋਂ ਤਿਆਰ ਕੀਤੇ ਜਾਂਦੇ ਬੈਟ ਵੈਸਟ ਇੰਡੀਜ਼ ਦੇ ਖਿਡਾਰੀਆਂ ਵੱਲੋਂ ਵਰਤੇ ਜਾਂਦੇ ਹਨ। ਇਸੇ ਸਿਲਸਿਲੇ ‘ਚ ਕ੍ਰਿਸ ਗੇਲ ਜਲੰਧਰ ਦੀ ਸਪੋਰਟਸ ਮਾਰਕੀਟ ਪਹੁੰਚੇ।
ਇਸ ਮੌਕੇ ਸ੍ਰੀ ਕਾਕੂ ਆਹਲੂਵਾਲੀਆ ਨੇ ਕਿਹਾ ਕਿ ਕ੍ਰਿਸ ਗੇਲ ਸੰਸਾਰ ਦੇ ਬਹੁਤ ਵੱਡੇ ਵੱਡੇ ਬੱਲੇਬਾਜ਼ ਹਨ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।





