ਜਲੰਧਰ (ਦਾ ਮਿਰਰ ਪੰਜਾਬ)- ਹਲਕਾ ਕਰਤਾਰਪੁਰ ਤੋਂ ਬਸਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਰਹੇ ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਿੱਚ ਸੰਵਿਧਾਨਿਕ ਸੰਸਥਾਵਾਂ ਦਾ ਜਮ ਕੇ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੌਰਾਨ ਕਿਰਤੀ, ਕਿਸਾਨਾਂ, ਆਮ ਲੋਕਾਂ ਲਈ ਇਨਸਾਫ ਦੇ ਦਰਵਾਜੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਸਿਰਫ ਸੱਤਾਧਾਰੀ ਧਿਰ ਦੇ ਹਿੱਤਾਂ ਦੀ ਪੂਰਤੀ ਕਰਨ ਵਾਲਾ ਟੂਲ ਮਾਤਰ ਬਣ ਕੇ ਰਹਿ ਗਿਆ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸਭ ਤੋੱ ਵੱਧ ਸੰਵਿਧਾਨਿਕ ਸੰਸਥਾਵਾਂ ਦਾ ਘਾਣ ਕਰਤਾਰਪੁਰ ਹਲਕੇ ਵਿੱਚ ਆਪ ਵਿਧਾਇਕ ਬਲਕਾਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਖਾਸਕਰ ਕਰਤਾਰਪੁਰ ਡੀਐਸਪੀ ਦਫਤਰ ਦੀ ਲੋਕਾਂ ਲਈ ਉਪਯੋਗਿਤਾ ਹੀ ਖਤਮ ਕਰ ਦਿੱਤੀ ਗਈ ਹੈ। ਡੀਐਸਪੀ ਕਰਤਾਰਪੁਰ ਤੇ ਉਨ੍ਹਾਂ ਹੇਠਾਂ ਆਉਣ ਵਾਲੇ ਥਾਣਿਆਂ ਦਾ ਸਿਰਫ ਇਹੀ ਕੰਮ ਰਹਿ ਗਿਆ ਹੈ ਕਿ ਉਨ੍ਹਾਂ ਕਿੱਦਾਂ ਪੂਰੇ ਸਰਕਾਰੀ ਅਮਲੇ ਨੂੰ ਆਪ ਵਿਧਾਇਕ ਬਲਕਾਰ ਸਿੰਘ ਦੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਵਰਤਣਾ ਹੈ। ਜਦੋਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜੀ ਹੋਈ ਹੈ ਤੇ ਲੋਕਾਂ ਦੀ ਪੂੰਜੀ ਵੀ ਸੁਰੱਖਿਅਤ ਨਹੀਂ ਰਹੀ ਤੇ ਰੋਜ਼ਾਨਾ ਚੋਰੀਆਂ, ਲੁੱਟਾਂ-ਖੋਹਾਂ ਹੋ ਰਹੀਆਂ ਹਨ, ਇਹੋ ਜਿਹੇ ਹਾਲਾਤਾਂ ਵਿੱਚ ਵੀ ਡੀਐਸਪੀ ਤੇ ਥਾਣਾ ਮੁਖੀ ਆਪ ਵਿਧਾਇਕ ਨਾਲ ਲੰਬਾ ਸਮਾਂ ਵਿਆਹ ਤੇ ਹੋਰ ਸਮਾਗਮਾਂ ਵਿੱਚ ਖੁਦ ਨੂੰ ਬਿਜ਼ੀ ਰੱਖਦੇ ਹਨ। ਲੋਕ ਡੀਐਸਪੀ ਦਫਤਰ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਡੀਐਸਪੀ ਦਫਤਰ ਤੇ ਥਾਣਿਆਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਵੀ ਆਪ ਵਿਧਾਇਕ ਬਲਕਾਰ ਸਿੰਘ ਦੇ ਹਿੱਤਾਂ ਮੁਤਾਬਿਕ ਹੀ ਕੀਤਾ ਜਾਂਦਾ ਹੈ। ਇਸ ਕਰਕੇ ਲੋਕਾਂ ਦਾ ਡੀਐਸਪੀ ਦਫਤਰ ਤੇ ਥਾਣਿਆਂ ਵਿੱਚ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਸਐਸਪੀ ਦਫਤਰ ਦੇ ਰੁਤਬੇ ਵਿੱਚ ਵੀ ਪਹਿਲਾਂ ਨਾਲੋਂ ਨਿਘਾਰ ਆਇਆ ਹੈ ਤੇ ਉਥੋਂ ਵੀ ਬਹੁਤੇ ਇਨਸਾਫ ਦੀ ਉਮੀਦ ਨਹੀਂ ਰਹੀ। ਬਸਪਾ ਆਗੂ ਨੇ ਕਿਹਾ ਕਿ ਲੋਕਾਂ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਇਹ ਸੰਵਿਧਾਨਿਕ ਸੰਸਥਾਵਾਂ ਹੋਂਦ ਵਿੱਚ ਆਈਆਂ ਸਨ, ਜਿੱਥੇ ਲੋਕ ਇਨਸਾਫ ਦੀ ਉਮੀਦ ਲੈ ਕੇ ਆਉਂਦੇ ਸਨ, ਆਪ ਸਰਕਾਰ ਨੇ ਉਹ ਉਮੀਦ ਵੀ ਖਤਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਸੰਵਿਧਾਨ ਦੀ ਸਹੀ ਭਾਵਨਾ ਮੁਤਾਬਕ ਬਣਾਉਣ, ਜਿੱਥੋਂ ਲੋਕਾਂ ਨੂੰ ਇਨਸਾਫ ਮਿਲ ਸਕੇ, ਉਸਦੇ ਲਈ ਲੋਕਾਂ ਨੂੰ ਆਪ ਸਰਕਾਰ ਦੇ ਮੌਜੂਦਾ ਪ੍ਰਬੰਧ, ਜਿਸਨੇ ਲੋਕਾਂ ਤੋਂ ਨਿਆਂ ਲੈਣ ਦਾ ਹੱਕ ਹੀ ਖੋਹ ਲਿਆ, ਉਸਦੇ ਖਿਲਾਫ ਸੰਘਰਸ਼ ਕਰਨ ਦੀ ਜ਼ਰੂਰਤ ਹੈ।





