*ਵੋਟਰਾਂ ਨੂੰ ਲੁਭਾਉਣ ਲਈ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਚਾਲਾਂ ਦੀ ਨਿਖੇਧੀ ਕਰਦਿਆਂ ਪੰਜਾਬ ਕਾਂਗਰਸ ਨੇ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਰੁੱਧ ਕਾਰਵਾਈ ਦੀ ਕੀਤੀ ਮੰਗ*

पंजाब
Spread the love

ਜਲੰਧਰ, 27 ਅਪ੍ਰੈਲ, (ਦਾ ਮਿਰਰ ਪੰਜਾਬ)-: ਵੋਟਰਾਂ ਨੂੰ ਲੁਭਾਉਣ ਲਈ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਚਾਲਾਂ ਦੀ ਨਿਖੇਧੀ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪੰਜਾਬ ਕਾਂਗਰਸ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਾਇਰ ਕਰਕੇ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਵੋਟਰਾਂ ਨੂੰ ਨਵੇਂ ਵਾਅਦਿਆਂ ਨਾਲ ਭਰਮਾਉਣ ਲਈ ਚੋਣ ਪ੍ਰਚਾਰ ਪਲੇਟਫਾਰਮਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਨੂੰ ‘ਆਪ’ ਆਗੂ ਵੱਲੋਂ ਜਾਣਬੁੱਝ ਕੇ ਉਲੰਘਣਾ ਕਰਾਰ ਦਿੰਦਿਆਂ ਵੜਿੰਗ ਨੇ ਪਾਰਟੀ ਅਤੇ ਇਸ ਦੇ ਵਿਧਾਇਕ ਖ਼ਿਲਾਫ਼ ਭਾਰਤੀ ਚੋਣ ਕਮਿਸ਼ਨ (ਈਸੀਆਈ) ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਚੋਣ ਜ਼ਾਬਤੇ ਦੇ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਆਪ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਕਾਸ ਦੇ ਨਾਂਅ ‘ਤੇ 10 ਲੱਖ ਰੁਪਏ ਦੇ ਫੰਡ ਦਾ ਐਲਾਨ ਕੀਤਾ ਹੈ ਜਿਹੜਾ ਕਿ ਚੋਣ ਜ਼ਾਬਤੇ ਦੀ ਸਖ਼ਤ ਉਲੰਘਣਾ ਹੈ। ‘ਆਪ’ ਲੀਡਰਸ਼ਿਪ ਜਾਣਦੀ ਹੈ ਕਿ ਉਹ ਹਰ ਮੋਰਚੇ ‘ਤੇ ਅਸਫਲ ਰਹੀ ਹੈ ਜਿਸ ਕਰਕੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਆਪਣੀ ਹਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਹੁਣ ਇਹ ਆਪਣੀ ਹਾਰ ਤੋਂ ਬਚਣ ਲਈ ਵੋਟਰਾਂ ਨੂੰ ਜਾਅਲੀ ਵਾਅਦਿਆਂ ਅਤੇ ਗਰੰਟੀਆਂ ਨਾਲ ਭਰਮਾਉਣ ਦਾ ਕੰਮ ਕਰ ਰਹੇ ਹਨ। 

‘ਆਪ’ ਲੀਡਰਸ਼ਿਪ ਦੀ ਸਖ਼ਤ ਆਲੋਚਨਾ ਕਰਦਿਆਂ ਵੜਿੰਗ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਫੰਡਾਂ ਦਾ ਐਲਾਨ ਕਰਕੇ ਵੋਟਾਂ ਖਰੀਦਣ ਦੀ ਸਖ਼ਤ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਮੈਂ ‘ਆਪ’ ਲੀਡਰਸ਼ਿਪ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੇ ਨੇਤਾਵਾਂ ‘ਤੇ ਲੱਗੇ ਸਾਰੇ ਦੋਸ਼ਾਂ ‘ਤੇ ਸਫਾਈ ਦੇਣ ਅਤੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਨਾਂਅ ‘ਤੇ ਕੀਤੇ ਧੋਖੇ ਦਾ ਵੀ ਜਵਾਬ ਦੇਣ। ਲੋਕ ਆਪ ਦੇ ਝੂਠ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਿਸ ਕਰਕੇ ‘ਆਪ’ ਨੇਤਾਵਾਂ ਵਿੱਚ ਜਨਤਕ ਤੌਰ ‘ਤੇ ਸਾਹਮਣੇ ਆਉਣ ਅਤੇ ਆਪਣੀਆਂ ਝੂਠੀਆਂ ਪ੍ਰਾਪਤੀਆਂ ਦੱਸਣ ਦੀ ਹਿੰਮਤ ਨਹੀਂ ਹੈ। ਪੀਪੀਸੀਸੀ ਪ੍ਰਧਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਇਸ ਵਾਰ ਇਸ਼ਤਿਹਾਰ ਪਾਰਟੀ’ ਨੂੰ ਲੋਕ ਸਭਾ ਚੋਣਾਂ ਵਿੱਚ ਹਰਾ ਕੇ ਢੁੱਕਵਾਂ ਜਵਾਬ ਦੇਣਗੇ।

Leave a Reply

Your email address will not be published. Required fields are marked *