ਜਲੰਧਰ (ਦਾ ਮਿਰਰ ਪੰਜਾਬ) – ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਅਤੇ ਪ੍ਰੈੱਸ ਸਕੱਤਰ ਜਸਵੀਰ ਜੱਸੀ ਨੇ ਮੀਟਿੰਗ ਬਾਅਦ ਮੀਡੀਆ ਕਰਮੀਆਂ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵਿਰੁੱਧ ਐਫ.ਆਈ.ਆਰ.ਦਰਜ ਹੋਣ ਬਾਦ ਬਿ੍ਜ ਭੂਸ਼ਨ ਸ਼ਰਨ ਸਿੰਘ ਦਾ ਬਿਆਨ ਬਹੁਤ ਹੀ ਬੇਸ਼ਰਮੀ ਭਰਿਆ ਅਤੇ ਨਿੰਦਣਯੋਗ ਹੈ। ਦਿੱਲੀ ਦੇ ਜੰਤਰ ਮੰਤਰ ਵਿਖੇ ਬੈਠੀਆਂ ਪਹਿਲਵਾਨਾਂ ਦੇ ਹੱਕ ਵਿੱਚ ਇਸਤ੍ਰੀ ਜਾਗਿ੍ਰਤੀ ਮੰਚ ਵੱਲੋਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਡੀ.ਸੀ ਜਲੰਧਰ ਰਾਹੀਂ ਭੇਜਿਆ। ਮੋਦੀ ਦੇ ਰਾਜ ਵਿੱਚ ਦੇਸ਼ ਦੇ ਅੰਦਰ ਅੱਜ ਜਦੋਂ ਚੋਟੀ ਦੀਆਂ ਪਹਿਲਵਾਨਾਂ ਨੂੰ ਨਿਆਂ ਲਈ ਇੰਨਾ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਇਕ ਆਮ ਔਰਤ ਦੀ ਸਾਡੇ ਸਮਾਜ ਵਿਚ ਕੀ ਦਸ਼ਾ ਹੋਵੇਗੀ ਇਸਦਾ ਅੰਦਾਜਾ ਸਹਿਜੇ ਹੀ ਲੱਗ ਸਕਦਾ ਹੈ। ਇਹੋ ਜਿਹੇ ਚਰਚਿਤ ਕੇਸ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਦੇਸ਼ ਵਿਚ ਔਰਤਾਂ ਲਈ ਘੱਟ ਰਹੀ ਨਿਆਂ ਦੀ ਆਸ ਦੀ ਜੋਰਦਾਰ ਤਸਦੀਕ ਕਰਦੀ ਹੈ। ਸਮੁੱਚੀ ਸਟੇਟ ਦੀ ਕਾਰਗੁਜ਼ਾਰੀ ਦਾ ਕੰਡਾ ਸੱਤਾ ਦੇ ਹੱਕ ਵਿੱਚ ਭੁਗਤਦਾ ਨਜ਼ਰ ਆ ਰਿਹਾ ਹੈ। ਮੋਦੀ ਦੀ ਸਰਕਾਰ ਦੇ ਮੰਤਰੀ ਦੇ ਅਸ਼ੀਸ਼ ਮਿਸ਼ਰਾ ਦੇ ਬੇਟੇ ਨੇ ਪਹਿਲਾਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਦਰੜਿਆ ਪਰ ਹਾਲੇ ਤੱਕ ਅਸ਼ੀਸ਼ ਮਿਸ਼ਰਾ ਨੂੰ ਬਰਖ਼ਾਸਤ ਨਹੀਂ ਕੀਤਾ ਗਿਆ, ਬਿਲਕੀਸ ਬਾਨੋ ਕੇਸ਼ ਵਿੱਚ ਦੋਸ਼ੀਆਂ ਨੂੰ ਹਾਰ ਪਾ ਕੇ ਸਵਾਗਤ ਕਰਨਾ,ਬਿ੍ਰਜ ਭੂਸ਼ਨ ਸ਼ਰਨ ਸਿੰਘ ਦੇ ਖ਼ਿਲਾਫ਼ ਹਾਈਕਰੋਟ ਦੀ ਸਖ਼ਤ ਹਦਾਇਤ ਤੇ ਮਾਮਲਾ ਦਰਜ ਤਾਂ ਹੋ ਗਿਆ ਪਰ ਹਾਲੇ ਤੱਕ ਨਾ ਹੀ ਉਸ ਨੂੰ ਬਰਖ਼ਾਸਤ ਕੀਤਾ ਤੇ ਨਾ ਗਿਰਫ਼ਤਾਰ ਕੀਤਾ ਗਿਆ ਹੈ। ਇਹਨਾਂ ਸਾਰੀਆਂ ਘਟਨਾਵਾਂ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਵਿੱਚ ਸਾਫ ਝਲਕ ਪੈਂਦੀ ਹੈ ਕਿ ਲੋਕਾਂ ਲਈ ਇਨਸਾਫ਼ ਨਾਂ ਦੀ ਕੋਈ ਥਾਂ ਹੈ।
ਆਗੂਆਂ ਨੇ ਇਸ ਘੋਲ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਜਾਂਚ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਨ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੂੰ ਉਸ ਦੇ ਅਹੁਦੇ ਤੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕਰਨ ਅਤੇ ਮਹਿਲਾ ਖਿਡਾਰਨਾਂ ਦੀ ਸੁਰੱਖਿਆ ਸੁਨਿਸਚਿਤ ਕੀਤੀ ਜਾਣ ਦੀ ਮੰਗ ਕੀਤੀ । ਇਸ ਸਮੇਂ ਜਿਲਾ ਕਮੇਟੀ ਮੈਂਬਰ ਨਿਰਮਲਜੀਤ ਕੌਰ,ਕੁਲਵੰਤ ਕੌਰ,ਐਡਵੋਕੇਟ ਮਧੂ ਰਚਨਾ,ਐਡਵੋਕੇਟ ਕਿਰਨ ਬਾਲਾ, ਕਮਲਜੀਤ ਕੌਰ ਆਦਿ ਸ਼ਾਮਿਲ ਸਨ।





