ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਸਰਕਾਰੀ ਅਫਸਰ ਦੀ ਨੌਕਰੀ ਛੱਡ ਕੇ ਰਾਜਨੀਤੀ ’ਚ ਆਏ ਹਨ। ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਚੰਗਾ ਪ੍ਰਬੰਧ ਦੇਣਾ ਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਪਹੁੰਚ ’ਚ ਬਣਾਉਣਾ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਲੋਕ ਮੁੱਢਲੀਆਂ ਸੁਵਿਧਾਵਾਂ ਨੂੰ ਤਰਸ ਰਹੇ ਹਨ। ਲੋਕਾਂ ਲਈ ਚੰਗੀ ਸਿਹਤ, ਸਿੱਖਿਆ, ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਪਹਿਲ ਵਿੱਚ ਹੋਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਅਣਦੇਖੀ ਕੀਤੀ। ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ, ਜਿਸ ਕਰਕੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਲੋਕਸਭਾ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਉਨ੍ਹਾਂ ’ਤੇ ਵਿਸ਼ਵਾਸ ਜਤਾਉਣ ਤੇ ਸਾਥ ਦੇਣ। ਜਿੱਤ ਪ੍ਰਾਪਤ ਕਰਕੇ ਉਹ ਸਭ ਤੋਂ ਪਹਿਲਾਂ ਪ੍ਰਸ਼ਾਸਨਿਕ ਸੁਧਾਰ ਕਰਨਗੇ ਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਪਹੁੰਚ ’ਚ ਬਣਾਉਣਗੇ।





