ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਦੀ ਆਪ ਸਰਕਾਰ ਸੂਬੇ ਵਿਚ ਬਣੀ ਹੈ ਉਦੋਂ ਤੋਂ ਖ਼ਾਸ ਕਰ ਹਲਕਾ ਕਰਤਾਰਪੁਰ ਵਿੱਚ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪੁਲਿਸ ਵੱਲੋਂ ਇਹ ਕੰਮ ਜਿਆਦਾਤਰ ਸੱਤਾਧਾਰੀ ਆਪ ਦੇ ਪ੍ਰਭਾਵ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕਰਤਾਰਪੁਰ ਦੇ ਆਰੀਆ ਨਗਰ ਨਿਵਾਸੀ ਸਰਬਜੀਤ ਲਾਲ ਤੇ ਉਸਦੇ ਮੁਹੱਲਾ ਨਿਵਾਸੀ ਨੇ ਹੀ ਪਿਛਲੇ ਸਾਲ ਮਾਰਚ ਵਿਚ ਉਸਦੀ ਦੁਕਾਨ ਅੰਦਰ ਵੜ ਕੇ ਉਸ ਤੇ ਹਮਲਾ ਕਰ ਦਿੱਤਾ ਤੇ ਉਸਦੇ ਗੰਭੀਰ ਸੱਟਾ ਮਾਰੀਆਂ। ਪਰਿਵਾਰ ਦੀ ਜੱਦੋਜਹਿਦ ਤੋਂ ਬਾਅਦ ਕਰਤਾਰਪੁਰ ਪੁਲਿਸ ਨੇ ਹਮਲਾਵਰ ਤੇ ਪਰਚਾ ਤਾਂ ਦਰਜ ਕਰ ਦਿੱਤਾ ਪਰ ਨਾਲ ਹੀ ਐਸਐਚਓ ਕਰਤਾਰਪੁਰ ਰਮਨਦੀਪ ਨੇ ਪੀੜਤ ਸਰਬਜੀਤ ਲਾਲ ਤੇ ਹੀ ਝੂਠਾ ਕਰਾਸ ਕੇਸ ਕਰ ਦਿੱਤਾ ਤਾਂ ਕਿ ਪੀੜਤ ਨੂੰ ਹਮਲਾਵਰ ਦੇ ਨਾਲ ਸਮਝੌਤੇ ਲਈ ਮਜਬੂਰ ਕੀਤਾ ਜਾ ਸਕੇ। ਪੁਲਿਸ ਇਨਸਾਫ਼ ਮਿਲਣ ਦੀ ਬਜਾਏ ਹੁਣ ਉਲਟਾ ਪੀੜਤ ਸਰਬਜੀਤ ਲਾਲ ਪਿਛਲੇ ਸਵਾ ਸਾਲ ਤੋਂ ਥਾਣੇ ਚੱਕਰ ਲਗਾ ਰਿਹਾ ਹੈ ਆਪਣੇ ਦਰਜ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ। ਪਰ ਕਰਤਾਰਪੁਰ ਪੁਲਿਸ ਵੱਲੋਂ ਪੀੜਤ ਤੇ ਝੂਠਾ ਕੇਸ ਇਸ ਲਈ ਰੱਦ ਨਹੀਂ ਕੀਤਾ ਜਾ ਰਿਹਾ ਤਾਂ ਕਿ ਉਹ ਉਸ ਤੇ ਹਮਲਾ ਕਰਨ ਵਾਲੇ ਨਾਲ ਸਮਝੌਤਾ ਕਰ ਲਵੇ। ਬਸਪਾ ਆਗੂ ਨੇ ਕਿਹਾ ਕਿ ਹਲਕਾ ਕਰਤਾਰਪੁਰ ਤੇ ਖ਼ਾਸ ਕਰ ਥਾਣਾ ਕਰਤਾਰਪੁਰ ਵਿਚ ਸੱਤਾਧਾਰੀ ਧਿਰ ਨਾਲ ਸਬੰਧ ਨਾ ਰੱਖਣ ਵਾਲੇ ਲੋਕਾਂ ਦੀਆਂ ਸੇਵਾਵਾਂ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਨਿੱਕੇ ਨਿੱਕੇ ਕੰਮਾ ਲਈ ਉਨ੍ਹਾ ਨੂੰ ਥਾਣਾ ਮੁਖੀ ਰਮਨਦੀਪ ਵਲੋਂ ਰੋਜ਼ਾਨਾ ਖੱਜਲ ਖੁਆਰ ਕੀਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਪਰਸ਼ਾਸ਼ਨ ਦਾ ਕੰਮ ਲੋਕਾਂ ਨੂੰ ਸੇਵਾਵਾਂ ਦੇਣਾ ਹੁੰਦਾ ਹੈ ਪਰ ਇੱਥੇ ਲੋਕਾਂ ਦੇ ਕੰਮ ਕਰਨ ਵਿਚ ਹੀ ਭੇਦਭਾਵ ਕੀਤਾ ਜਾ ਰਿਹਾ ਹੈ। ਬਲਵਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾ ਸਾਰੇ ਮਸਲਿਆਂ ਨੂੰ ਕੱਲ ਮਿਤੀ 31 ਜੁਲਾਈ ਨੂੰ ਐਸਐਸਪੀ ਜਲੰਧਰ ਦੇਹਾਤੀ ਸਾਹਮਣੇ ਚੁੱਕਿਆ ਜਾਵੇਗਾ। ਉਨ੍ਹਾ ਕਿਹਾ ਕਿ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਬਸਪਾ ਸੰਘਰਸ਼ ਕਰੇਗੀ।
