*ਗੁਨਾਹਗਾਰ ਅਕਾਲੀ ਲੀਡਰਸ਼ਿਪ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਪੰਥਕ ਇਕਠ ਸਦਿਆ ਜਾਵੇ- ਸਿਖ ਬੁਧੀਜੀਵੀ*

देश
Spread the love

ਜਲੰਧਰ (ਜਸਪਾਲ ਕੈਂਥ)-ਸਿਖ ਚਿੰਤਕਾਂ ਸਰਦਾਰ ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਅੰਮ੍ਰਿਤਸਰ ਨੇ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਗੁਨਾਹਗਾਰ ਲੀਡਰਸ਼ਿਪ ਬਾਰੇ ਫੈਸਲਾ ਲੈਂਦਿਆਂ ਨੁਮਾਇੰਦਾ ਪੰਥਕ ਇਕਠ ਸਦਿਆ ਜਾਵੇ ਨਾ ਕਿ ਜਲਦਬਾਜ਼ੀ ਵਿਚ ਬਾਦਲਕਿਆਂ ਦੇ ਦਬਾਅ ਅਧੀਨ 2 ਦਸੰਬਰ ਨੂੰ ਸਦੀ ਗਈ ਮੀਟਿੰਗ ਵਿਚ ਤੁਰੰਤ ਫੈਸਲੇ ਲਏ ਜਾਣ। ਇਹ ਫੈਸਲੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਗਤ ਸਾਹਮਣੇ ਪੰਥਕ ਪ੍ਰਵਾਨਗੀ ਤੋਂ ਬਾਅਦ ਦਿਤੇ ਜਾਣ। ਬੰਦ ਕਮਰਿਆਂ ਦੇ ਫੈਸਲਿਆਂ ਉਪਰ ਸੰਗਤ ਨੇ ਹਮੇਸਾ ਪ੍ਰਸ਼ਨ ਚਿੰਨ ਲਗਾਏ ਹਨ।ਇਸ ਤੋਂ ਬਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਿੰਘ ਸਾਹਿਬਾਨ ਦੇ ਹੁਣ ਤਕ ਅਪਨਾਏ ਪੰਥਕ ਰੁਖ ਉਪਰ ਤਸਲੀ ਪ੍ਰਗਟਾਉਂਦਿਆਂ ਕਿਹਾ ਕਿ ਪੰਥਕ ਇਕਠ ਰਾਹੀਂ ਪੰਥਕ ਰਾਇ ਆਉਣ ਤੋਂ ਬਾਅਦ ਹੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲਏ ਜਾਣ ।ਇਹ ਗੁਨਾਹਗਾਰ ਲੀਡਰਸ਼ਿਪ ਕਿਸੇ ਵੀ ਤਰਾਂ ਸਿਖ ਪੰਥ ਉਪਰ ਨਾ ਥੋਪੀ ਜਾਵੇ ਤੇ ਪੰਥਕ ਸੋਚ ਅਨੁਸਾਰ ਇਨ੍ਹਾਂ ਉਪਰ ਅਕਾਲੀ ਸ਼ਬਦ ਵਰਤਣ ਤੇ ਪੰਥਕ ਸੰਸਥਾਵਾਂ ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਵਿਚ ਦਖਲ ਅੰਦਾਜ਼ੀ ਕਰਨ ਉਪਰੰਤ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਗੁਨਾਹਗਾਰ ਲੀਡਰਸ਼ਿਪ ਨੇ ਸਿਖ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਅਕਸ ਤੇ ਹੋਂਦ ਨੂੰ ਢਾਹ ਲਗਾਉਣ ਲਈ ਸੌਦਾ ਸਾਧ ਦੇ ਗੁਰੂ ਡੰਮ ਨੂੰ ਪੰਜਾਬ ਵਿਚ ਆਪਣੀ ਸਿਧਾਂਤਹੀਣੀ ਰਾਜਨੀਤੀ ਦੇ ਹਿਤ ਵਿਚ ਪ੍ਰਮੋਟ ਕੀਤਾ,ਗੁਰੂ ਦੀ ਬੇਅਦਬੀ ਕਰਾਈ, ਸਿੰਘ ਸਾਹਿਬਾਨਾਂ ਨੂੰ ਚੰਡੀਗੜ੍ਹ ਵਿਚ ਤਲਬ ਕਰਕੇ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਇਆ ਤੇ ਸੌਦਾ ਸਾਧ ਨੂੰ ਮਾਫ ਕਰਕੇ ਆਪਣੀ ਮਨ ਮਰਜੀ ਦੇ ਫੈਸਲੇ ਕਰਵਾਏ ਤੇ ਸ੍ਰੋਮਣੀ ਕਮੇਟੀ ਨੂੰ ਵੀ ਇਸ ਪਾਪ ਕਾਂਡ ਵਿਚ ਵਰਤਿਆ ਗਿਆ।ਗੁਰੂ ਦੀ ਗੋਲਕ ਵਿਚੋਂ ਪੈਸੇ ਖਰਚਕੇ ਇਸ ਗੁਨਾਹੀ ਫੈਸਲੇ ਨੂੰ ਇਸ਼ਤਿਹਾਰਾਂ ਰਾਹੀਂ ਬਾਦਲਕਿਆਂ ਵਲੋਂ ਦੁਰਸਤ ਠਹਿਰਾਇਆ ਗਿਆ।

ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ ਕਰਾਕੇ ਸਿਖ ਪੰਥ ਵਿਰੁਧ ਘਟੀਆ ਅਪਰਾਧ ਕੀਤਾ ਤੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਸਾਰਾ ਦੋਸ਼ ਅਣਪਛਾਤੀ ਪੁਲੀਸ ਉਪਰ ਥੋਪ ਦਿਤਾ। ਇਹ ਸਭ ਕੁਝ ਜਸਟਿਸ ਰਣਜੀਤ ਸਿੰਘ ਦੀ ਰਿਪੋਟ ਵਿਚ ਸਾਹਮਣੇ ਆ ਚੁਕਾ ਹੈ।

ਕੀ ਕਿਸੇ ਰਾਜ ਦੀ ਪੁਲਿਸ ਅਣਪਛਾਤੀ ਪੁਲਿਸ ਕਿਵੇਂ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਇਜਹਾਰ ਆਲਮ ,ਤੇ ਸੁਮੇਧ ਸੈਣੀ ਵਰਗੇ ਪੁਲੀਸ ਅਫਸਰਾਂ ਨੂੰ ਅਕਾਲੀ ਰਾਜ ਵਿਚ ਅਹਿਮ ਪ੍ਰਸ਼ਾਸਨਿਕ ਅਹੁਦੇ ਦੇਣੇ ਇਨ੍ਹਾਂ ਦੇ ਗੁਨਾਹਾਂ ਭਰੇ ਅਪਰਾਧਿਕ ਇਤਿਹਾਸ ਵਿਚ ਵਡਾ ਵਾਧਾ ਹੈ ਜਿਸ ਨੂੰ ਸਿਖ ਪੰਥ ਨਹੀਂ ਭੁਲਾ ਸਕਦਾ।

ਸਿਖ ਚਿੰਤਕਾਂ ਨੇ ਅਪੀਲ ਕੀਤੀ ਕਿ ਅਕਾਲ ਤਖਤ ਦੇ ਜਥੇਦਾਰ ਅਠਾਰਵੀ ਸਦੀ ਦੇ ਜਥੇਦਾਰਾਂ ਜਥੇਦਾਰ ਦਰਬਾਰਾ ਸਿੰਘ ,ਨਵਾਬ ਕਪੂਰ ਸਿੰਘ, ਬਾਬਾ ਜਸਾ ਸਿੰਘ ਆਹਲੂਵਾਲੀਆ ,ਬਾਬਾ ਸਾਹਿਬ ਸਿੰਘ ਬੇਦੀ ਵਾਂਗ ਪੰਥਕ ਪ੍ਰਵਾਨਗੀ ਨਾਲ ਫੈਸਲੇ ਲੈਣ,ਕਿਉਂ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਸੁਪਰੀਮ ਹੈ।ਤੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਅਕਾਲ ਤਖਤ ਸਾਹਿਬ ਤੋਂ ਪੰਥਕ ਸੋਚ ਅਨੁਸਾਰ ਫੈਸਲੇ ਲੈਕੇ ਹੋ ਸਕਦੀ ਹੈ।ਉਨ੍ਹਾਂ ਇਹ ਵੀ ਕਿ ਅਕਾਲ ਤਖਤ ਸਾਹਿਬ ਪੁਰਾਣੀ ਗੁਨਾਹਗਾਰ ਲੀਡਰਸ਼ਿਪ ਰਦ ਕਰਕੇ ਯੋਗ ਪੰਥਕ ਸਖਸ਼ੀਅਤਾਂ ਦੀ ਕਮੇਟੀ ਬਣਾਕੇ ਸ੍ਰੋਮਣੀ ਅਕਾਲੀ ਦਲ ਲਈ ਨਵੀ ਭਰਤੀ ਕਰਕੇ ਅਕਾਲੀ ਦਲ ਦੇ ਪੁਨਰ ਸੰਗਠਨ ਕਰਕੇ ਸੱਚਾ ਸੁਚਾ ਇਤਿਹਾਸ ਦੁਹਰਾਇਆ ਜਾਵੇ ਤੇ 1920 ਵਾਂਗ ਪੰਥਕ ਲੀਹਾਂ ਉਪਰ ਪਾਇਆ ਜਾ ਸਕੇ।

Leave a Reply

Your email address will not be published. Required fields are marked *