ਜਲੰਧਰ (ਜਸਪਾਲ ਕੈਂਥ)- ਪੰਜਾਬ ਦੇ ਕਈ ਖੇਤਰਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਦੀ ਇੱਕ ਵੱਡੀ ਮਿਸਾਲ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰੂਪਵਾਲ, ਸੇਖਮਾਗਾ, ਭਰੂਵਾਣਾ, ਟਿੱਬੀ, ਮੰਡ, ਅਤੇ ਇੰਦਰਪੁਰ ਆਲੂਵਾਲ ਵਿੱਚ ਵੇਖਣ ਨੂੰ ਮਿਲੀ। ਇੱਥੇ ਬਾਊਪੁਰ ਵਾਲਾ ਬੰਨ ਟੁੱਟਣ ਕਾਰਨ ਹੜ੍ਹ ਦਾ ਪਾਣੀ ਪਿੰਡਾਂ ਪਿੰਡ ਸੇਖਮਾਗਾ, ਭਰੂਵਾਣਾ, ਟਿੱਬੀ, ਮੰਡ, ਅਤੇ ਇੰਦਰਪੁਰ ਆਲੂਵਾਲ ਆਦਿ ਵਿੱਚ ਵਿੱਚ ਵੜ ਗਿਆ, ਜਿਸ ਨੇ ਝੋਨੇ ਅਤੇ ਪਠੇ ਦੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਕਾਰਨ ਉਨ੍ਹਾਂ ਦਾ ਸਮਾਨ ਵੀ ਤਬਾਹ ਹੋ ਗਿਆ। ਇਸ ਤਬਾਹੀ ਦੇ ਵਿਚਕਾਰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਮਨੁੱਖਤਾ ਦੀ ਸੇਵਾ ਦਾ ਬੀੜਾ ਚੁੱਕਿਆ ਅਤੇ ਪੀੜਤ ਪਿੰਡਾਂ ਵਿੱਚ ਰਾਸ਼ਨ, ਪਾਣੀ, ਅਤੇ ਹੋਰ ਜਰੂਰੀ ਸਮੱਗਰੀ ਵੰਡੀ ਤੇ ਮੱਛਰਮਾਰ ਦਵਾਈਆਂ ਦਾ ਛਿੜਕਾਅ ਕੀਤਾ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਅਜੇ ਵੀ ਇਨ੍ਹਾਂ ਪਿੰਡਾਂ ਵਿੱਚ ਨਹੀਂ ਪਹੁੰਚੇ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ।
ਹੜ੍ਹ ਦੀ ਤਬਾਹੀ ਅਤੇ ਸਿਖ ਸੇਵਕ ਸੁਸਾਇਟੀ ਦੀ ਸੇਵਾ
ਸਿਂਖ ਸੇਵਕ ਸੁਸਾਇਟੀ ਸੁਸਾਇਟੀ ਦੇ ਮੁਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਅਤੇ ਸਕੱਤਰ ਜਨਰਲ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸੇਵਕਾਂ ਨੇ ਪਿੰਡ ਸਰੂਪਵਾਲ ਅਤੇ ਨੇੜਲੇ ਖੇਤਰਾਂ ਵਿੱਚ ਰਾਸ਼ਨ ਅਤੇ ਪੀਣ ਵਾਲਾ ਪਾਣੀ ਵੰਡਿਆ। ਇਸ ਦੌਰਾਨ ਸੇਵਾ ਵਿੱਚ ਬਾਬਾ ਲਾਲ ਸਿੰਘ, ਦਲਜਿੰਦਰ ਸਿੰਘ ਗਰੇਵਾਲ, ਬਾਬਾ ਅਜੀਤਪਾਲ ਸਿੰਘ, ਅਤੇ ਸਾਹਿਬ ਸਿੰਘ ਆਰਟਿਸਟ ਜਲੰਧਰ ,ਬਲਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਹਰਦੇਵ ਸਿੰਘ ਗਰਚਾ,ਕਮਲਜੀਤ ਸਿੰਘ ਜਮਸ਼ੇਰ ਵਰਗੇ ਸੇਵਾਦਾਰ ਸ਼ਾਮਲ ਸਨ। ਪਿੰਡ ਦੇ ਮੁਹਤਬਰ ਸੱਜਣਾਂ ਵਿੱਚ ਬਲਕਾਰ ਸਿੰਘ, ਰੇਸ਼ਮ ਸਿੰਘ, ਲਖਵਿੰਦਰ ਸਿੰਘ (ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਰੂਪਵਾਲ), ਗਿਆਨੀ ਬਲਵੰਤ ਸਿੰਘ, ਜੋਗਿੰਦਰ ਸਿੰਘ, ਸੁਖਰਾਜ ਸਿੰਘ, ਅਤੇ ਮਦਨ ਲਾਲ ਬਾਲਮੀਕੀ ਨੇ ਵੀ ਸਹਿਯੋਗ ਦਿੱਤਾ। ਪਿੰਡ ਸੇਖਮਾਗਾ ਵੱਲੋਂ ਗੁਰਚਰਨ ਸਿੰਘ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਮਹੱਤਵਪੂਰਨ ਯੋਗਦਾਨ ਪਾਇਆ।
ਜਰੂਰੀ ਸਮੱਗਰੀ ਦੀ ਲੋੜ ਅਤੇ ਮੈਡੀਕਲ ਸਹਾਇਤਾ
ਸਿਖ ਸੇਵਕ ਸੁਸਾਇਟੀ ਨੇ ਦੱਸਿਆ ਕਿ ਹੜ੍ਹ ਪੀੜਤ ਪਿੰਡਾਂ ਵਿੱਚ ਰਾਸ਼ਨ ਅਤੇ ਪੀਣ ਵਾਲੇ ਪਾਣੀ ਦੀ ਵੰਡ ਤਾਂ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਵੀ ਕਈ ਜਰੂਰੀ ਚੀਜਾਂ ਦੀ ਘਾਟ ਹੈ। ਪੀੜਤ ਲੋਕਾਂ ਨੂੰ ਤਿਰਪਾਲਾਂ, ਮਛਰਦਾਨੀਆਂ, ਮਛਰ ਮਾਰ ਦਵਾਈਆਂ, ਅਤੇ ਫੋਗਿੰਗ ਮਸ਼ੀਨਾਂ ਦੀ ਸਖਤ ਲੋੜ ਹੈ। ਹੜ੍ਹ ਦੇ ਪਾਣੀ ਕਾਰਨ ਮੱਛਰਾਂ ਦੀ ਗਿਣਤੀ ਵਧਣ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਇਸ ਲਈ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ, ਜਿਸ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਸਹਾਇਤਾ ਦਿੱਤੀ ਜਾਵੇਗੀ।ਜਰੂਰੀ ਸਮਗਰੀ ਵੰਡੀ ਜਾਵੇਗੀ।
ਸੁਸਾਇਟੀ ਕੋਲ ਦੋ ਵਿਦੇਸ਼ੀ ਫੋਗਿੰਗ ਮਸ਼ੀਨਾਂ ਹਨ, ਜਿਨ੍ਹਾਂ ਨਾਲ ਪਿੰਡਾਂ ਵਿੱਚ ਮਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ।
ਸਰਕਾਰੀ ਨਿਘਾਰ ਅਤੇ ਗੈਰ-ਕਾਨੂੰਨੀ ਰੇਤ ਖੁਦਾਈ
ਸਿੱਖ ਸੇਵਕ ਸੁਸਾਇਟੀ ਦੇ ਆਗੂਆਂ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਕਿਹਾ ਕਿ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਾਂ ਤਬਾਹੀ ਮਚਾਈ ਹੀ, ਪਰ ਇਸ ਦਾ ਇੱਕ ਵੱਡਾ ਕਾਰਨ ਦਹਾਕਿਆਂ ਤੋਂ ਗੈਰ-ਕਾਨੂੰਨੀ ਰੇਤ ਅਤੇ ਬਜਰੀ ਦੀ ਖੁਦਾਈ ਵੀ ਹੈ। ਅਫਸਰਸ਼ਾਹੀ ਇਸ ਕਾਲੇ ਧੰਦੇ ਨੂੰ ਰੋਕਣ ਵਿੱਚ ਨਾਕਾਮ ਰਹੀਆਂ ਹਨ। ਇਸ ਕਾਰਨ ਨਦੀਆਂ ਦੇ ਬੰਨ ਕਮਜੋਰ ਹੋ ਗਏ ਅਤੇ ਹੜ੍ਹ ਦੀ ਸਥਿਤੀ ਹੋਰ ਵਿਗੜ ਗਈ।ਵਡੀ ਗਲ ਹੈ ਕਿ ਦਰਿਆਵਾਂ ਦੀ ਸਫਾਈ ਨਹੀਂ ਹੋਈ। ਸਰਕਾਰ ਨੂੰ ਇਸ ਪ੍ਰਬੰਧ ਵਲ ਖਾਸ ਧਿਆਨ ਦੇਣ ਦੀ ਲੋੜ ਹੈ।
ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਹੜ ਪੀੜਤ ਇਲਾਕਿਆਂ ਦੀ ਸਾਰ ਲੈਣ ਜਿਵੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਨੇ ਰੌਲ ਨਿਭਾਇਆ ਹੈ। ਉਹਨਾਂ ਕਿਹਾ ਕਿ ਸਿੱਖ ਸੇਵਕ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਉਹ ਹੜ੍ਹ ਪੀੜਤ ਪਿੰਡਾਂ ਵਿੱਚ ਨਿਰੰਤਰ ਸੇਵਾ ਜਾਰੀ ਰੱਖਣਗੇ। ਸੁਸਾਇਟੀ ਨੇ ਦੇਸ ਵਿਦੇਸ਼ ਵਿਚ ਬੈਠੇ ਸਿਖ ਪੰਥ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਅੱਗੇ ਆਉਣ ਅਤੇ ਪੀੜਤਾਂ ਦੀ ਮਦਦ ਲਈ ਹੱਥ ਵਟਾਉਣ। ਉਹਨਾਂ ਜਥੇਦਾਰ ਡੋਗਰਾਂਵਾਲੇ ਦੀ ਸ਼ਲਾਘਾ ਕੀਤੀ ਜਿਹਨਾਂ ਸ੍ਰੋਮਣੀ ਕਮੇਟੀ ਵਲੋਂ ਵਧੀਆ ਪ੍ਰਬੰਧ ਕਰਕੇ ਹੜ ਪੀੜਤਾਂ ਦੀ ਸਹਾਇਤਾ ਕੀਤੀ।
ਸ੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲੇ ਨੇ ਦਸਿਆ ਨੇ ਦੱਸਿਆ ਕਿ ਕੁਝ ਲੋਕ, ਜੋ ਹੜ੍ਹ ਦੇ ਸਿੱਧੇ ਪੀੜਤ ਨਹੀਂ ਹਨ, ਉਹ ਵੀ ਸੜਕਾਂ ਦੇ ਕਿਨਾਰੇ ਮੰਗਣ ਦਾ ਧੰਦਾ ਕਰ ਰਹੇ ਹਨ। ਇਹ ਲੋਕ ਮਦਦ ਦੀ ਆੜ ਵਿੱਚ ਗਲਤ ਫਾਇਦਾ ਉਠਾ ਰਹੇ ਹਨ। ਸਰਕਾਰ ਨੂੰ ਇਸ ਮੁੱਦੇ ’ਤੇ ਸਖਤੀ ਨਾਲ ਪਹੁੰਚ ਕਰਨ ਦੀ ਲੋੜ ਹੈ ਅਤੇ ਅਜਿਹੇ ਲੋਕਾਂ ਨੂੰ ਹਟਾਉਣਾ ਚਾਹੀਦਾ ਹੈ, ਤਾਂ ਜੋ ਸੱਚੇ ਪੀੜਤਾਂ ਤੱਕ ਮਦਦ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਪੰਥਕ ਜਥੇਬੰਦੀਆਂ ਤੇ ਹੜ ਪੀੜਤਾਂ ਦੀ ਸਹਾਇਤਾ ਕਰਨ ਵਾਲੀਆਂ ਜਥੇਬੰਦੀਆਂ ਸ੍ਰੋਮਣੀ ਕਮੇਟੀ ਦੇ ਕੇਂਦਰਾਂ ਨਾਲ ਸੰਪਰਕ ਕਰਨ।ਇਹ ਹਰ ਜਿਲੇ ਵਿਚ ਕੇਂਦਰ ਹਨ ਤਾਂ ਜੋ ਸਹਾਇਤਾ ਪੀੜਤ ਲੋਕਾਂ ਤਕ ਪਹੁੰਚ ਸਕੇ।