ਜਲੰਧਰ, 14 ਅਪ੍ਰੈਲ: (ਜਸਪਾਲ ਕੈਂਥ)-ਸੀ.ਬੀ.ਐੱਸ.ਈ. ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (CASA) ਦੇ ਪ੍ਰਧਾਨ ਸ਼੍ਰੀ ਅਨਿਲ ਚੋਪੜਾ ਜੀ ਦੇ ਅਚਾਨਕ ਅਕਾਲ ਚਲਾਣੇ ਨਾਲ ਵਿਦਿਅਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੇ ਅੱਜ ਸਵੇਰੇ, 14 ਅਪ੍ਰੈਲ 2026 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕੀਤੀ।
ਸ਼੍ਰੀ ਅਨਿਲ ਚੋਪੜਾ ਜੀ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਇਸ ਦੁਖਦਾਈ ਮੌਕੇ ‘ਤੇ ਐਸੋਸੀਏਸ਼ਨ ਦੇ ਸਰਪ੍ਰਸਤ ਸਵਾਮੀ ਸ਼ਾਂਤਾ ਨੰਦ ਜੀ, ਸ਼੍ਰੀ ਸੁਰਜੀਤ ਸਿੰਘ ਚੀਮਾ, ਸ਼੍ਰੀ ਚਰਨਜੀਤ ਸਿੰਘ ਚੰਨੀ (ਸੀ.ਟੀ. ਗਰੁੱਪ) ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਵਾਸਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਐਸੋਸੀਏਸ਼ਨ ਵੱਲੋਂ ਦਿੱਤੀ ਗਈ ਅੰਤਿਮ ਵਿਦਾਈ: CASA ਵੱਲੋਂ ਸਤਿਕਾਰ ਅਤੇ ਧੰਨਵਾਦ ਵਜੋਂ ਮਰਹੂਮ ਪ੍ਰਧਾਨ ਜੀ ਨੂੰ ਦੁਸ਼ਾਲਾ ਭੇਟ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਉਪ-ਪ੍ਰਧਾਨ ਡਾ. ਨਰੋਤਮ ਸਿੰਘ ਤੇ ਸ਼੍ਰੀ ਸੰਜੀਵ ਵਾਸਲ, ਜਨਰਲ ਸਕੱਤਰ ਕਮ ਖਜ਼ਾਨਚੀ ਡਾ. ਅਨੂਪ ਬੌਰੀ, ਅਤੇ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਮੁੱਰੀਆ ਤੇ ਸ਼੍ਰੀ ਰਾਜੇਸ਼ ਮੇਅਰ ਨੇ ਸ਼ਮੂਲੀਅਤ ਕੀਤੀ।
ਕਾਰਜਕਾਰੀ ਮੈਂਬਰਾਂ ਵਿੱਚੋਂ ਡਾ. ਸਰਵ ਮੋਹਨ ਟੰਡਨ, ਸ਼੍ਰੀ ਲਲਿਤ ਮਿੱਤਲ, ਸ਼੍ਰੀ ਐਮ.ਐਸ. ਗਿੱਲ, ਸ਼੍ਰੀ ਲਵੇਨਿੰਦਰ ਵਰਮਾ, ਅਤੇ ਸ਼੍ਰੀ ਰਾਜਨ ਮੈਨੀ ਸਮੇਤ ਸ਼ਹਿਰ ਦੇ ਵੱਖ-ਵੱਖ ਸੀ.ਬੀ.ਐੱਸ.ਈ. ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੁਲਾਰਿਆਂ ਨੇ ਸ਼੍ਰੀ ਚੋਪੜਾ ਦੇ ਸਿੱਖਿਆ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ।





