ਜਲੰਧਰ (ਜਸਪਾਲ ਕੈਂਥ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਸਿੱਖ ਪੰਥ ਨੂੰ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਮਜ਼ਬੂਤ ਕਰਨ ਲਈ ਰਵਾਇਤੀ ਖੇਤਰਾਂ ਤੋਂ ਉੱਪਰ ਉੱਠ ਕੇ ਆਧੁਨਿਕ ਵਿਗਿਆਨ ਅਤੇ ਉੱਚ-ਤਕਨਾਲੋਜੀ ਦੇ ਖੇਤਰ ਵਿੱਚ ਮੱਲਾਂ ਮਾਰਨ ਦਾ ਸੱਦਾ ਦਿੱਤਾ ਹੈ। ਜਲੰਧਰ ਦੇ ਸੁਖਨਿਧਾਨ ਰੋਡ ਸਥਿਤ ਗੁਰਦੁਆਰਾ ਦੇਗ ਤੇਗ ਫਤਿਹ ਵਿਖੇ ਚੱਲ ਰਹੀ ‘ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ’ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਇਹ ਅਹਿਮ ਵਿਚਾਰ ਸਾਂਝੇ ਕੀਤੇ।
ਸ. ਖਾਲਸਾ ਇੱਥੇ ਸੰਤਗੜ੍ਹ ਦੇ ਮੌਜੂਦਾ ਮੁੱਖੀ ਸੰਤ ਬਾਬਾ ਭਗਵਾਨ ਸਿੰਘ (ਤਰਨਤਾਰਨ ਵਾਲੇ) ਦੀ ਛਤਰ-ਛਾਇਆ ਹੇਠ ਚੱਲ ਰਹੀ ਅਕੈਡਮੀ ਦੇ ਬੱਚਿਆਂ ਪਾਸੋਂ ਤਬਲਾ ਅਤੇ ਤੰਤੀ ਸਾਜ਼ਾਂ ‘ਤੇ ਨਿਸ਼ਕਾਮ ਗੁਰਬਾਣੀ ਕੀਰਤਨ ਸਰਵਣ ਕਰਨ ਪਹੁੰਚੇ ਸਨ। ਉਨ੍ਹਾਂ ਨੇ ਪਿਛਲੇ 30 ਸਾਲਾਂ ਤੋਂ ਬਿਨਾਂ ਕਿਸੇ ਫੀਸ ਦੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇ ਰਹੇ ਸੁਰਜੀਤ ਸਿੰਘ ਸੇਵਕ ਅਤੇ ਬਾਬਾ ਭਗਵਾਨ ਸਿੰਘ ਜੀ ਦੇ ਇਸ ਮਹਾਨ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
ਇਕੱਤਰ ਹੋਏ ਬੱਚਿਆਂ, ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਸ. ਪਰਮਿੰਦਰਪਾਲ ਸਿੰਘ ਖਾਲਸਾ ਨੇ ਯਹੂਦੀ ਕੌਮ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਸੰਸਾਰ ਦੀ ਕੁੱਲ ਆਬਾਦੀ ਦਾ ਮਹਿਜ਼ 0.2 ਫੀਸਦੀ ਹੋਣ ਦੇ ਬਾਵਜੂਦ ੨੭ ਨੋਬਲ ਪੁਸਕਾਰ ਵਿਜੇਤਾ ਰਹੇ , ਸੰਸਾਰ ਭਰ ਦੇ 1163 ਬਿਲਨੀਅਰ ਵਿੱਚੋ 11 % ਯਾਨੀ 165 ਯਹੂਦੀ ਹਨ , ਯਹੂਦੀ ਕੌਮ ਨੇ ਵਿਗਿਆਨ, ਆਧੁਨਿਕ ਤਕਨਾਲੋਜੀ, ਸਾਹਿਤ ਅਤੇ ਅਰਥਸ਼ਾਸਤਰ ਦੇ ਖੇਤਰ ਵਿੱਚ ਜੋ ਮੀਲ ਪੱਥਰ ਸਥਾਪਿਤ ਕੀਤੇ ਹਨ, ਉਹ ਘੱਲੂਘਾਰਿਆਂ ਦਾ ਸਾਹਮਣਾ ਕਰ ਚੁੱਕੀਆਂ ਘੱਟਗਿਣਤੀ ਕੌਮਾਂ ਲਈ ਇੱਕ ਵੱਡੀ ਮਿਸਾਲ ਹਨ। ਸਿੱਖ ਪੰਥ ਨੂੰ ਵੀ ਉਨ੍ਹਾਂ ਦੇ ਸੰਗਠਨਾਤਮਕ ਅਤੇ ਵਿਗਿਆਨਕ ਮਾਡਲ ਤੋਂ ਸੇਧ ਲੈਣੀ ਚਾਹੀਦੀ ਹੈ।”
ਸ. ਖਾਲਸਾ ਨੇ ਅੱਜ ਦੇ ਡਿਜੀਟਲ ਯੁੱਗ ਵਿੱਚ ਸਿੱਖ ਪੰਥ ਨੂੰ ਆਪਣੀ ਰਣਨੀਤੀ ਬਦਲਣ ਦੀ ਸਖ਼ਤ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕਵਾਂਟਮ ਕੰਪਿਊਟਿੰਗ, ਮੈਡੀਕਲ ਵਿਗਿਆਨ ਅਤੇ ਖੋਜ ਕਾਰਜਾਂ ਵੱਲ ਵਧਣਾ ਪਵੇਗਾ। ਉਨ੍ਹਾਂ ਸਾਡੇ ਸੰਤਾਂ-ਮਹਾਪੁਰਸ਼ਾਂ, ਸ਼੍ਰੋਮਣੀ ਕਮੇਟੀ ਅਤੇ ਪ੍ਰਵਾਸੀ ਸਿੱਖ ਭਾਈਚਾਰੇ ਨੂੰ ਅਜਿਹੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਅਪੀਲ ਕੀਤੀ, ਜਿੱਥੋਂ ਕੌਮ ਵਿੱਚ ‘ਆਈਨਸਟਾਈਨ’ ਵਰਗੇ ਵਿਗਿਆਨੀ ਪੈਦਾ ਹੋ ਸਕਣ।
ਉਨ੍ਹਾਂ ਕਿਹਾ ਕਿ ਯਹੂਦੀਆਂ (ਜਿਵੇਂ ਅਲੇਪੋ ਕੋਡੈਕਸ) ਦੀ ਤਰਜ਼ ‘ਤੇ ਸਿੱਖ ਕੌਮ ਨੂੰ ਵੀ ਆਪਣੇ ਪੁਰਾਤਨ ਹਸਤਲਿਖਤ ਸਰੂਪਾਂ, ਦਸਤਾਵੇਜ਼ਾਂ ਅਤੇ ਇਤਿਹਾਸ ਨੂੰ ਆਧੁਨਿਕ ਤਕਨੀਕ ਰਾਹੀਂ ਸੁਰੱਖਿਅਤ ਕਰਕੇ ਦੁਨੀਆ ਭਰ ਵਿੱਚ ਮੁਫ਼ਤ ਉਪਲਬਧ ਕਰਵਾਉਣ ਲਈ ਵੱਡੇ ਡਾਟਾਬੇਸ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਫੈਲੇ ਸਿੱਖ ਡਾਇਸਪੋਰਾ (ਪ੍ਰਵਾਸੀ ਸਿੱਖਾਂ) ਨੂੰ ਇੱਕ ਅਜਿਹੇ ਸਾਂਝੇ ਗਲੋਬਲ ਨੈੱਟਵਰਕ ਨਾਲ ਜੋੜਨਾ ਪਵੇਗਾ ਜੋ ਅੰਤਰਰਾਸ਼ਟਰੀ ਕਾਨੂੰਨ, ਰਾਜਨੀਤੀ ਅਤੇ ਮੀਡੀਆ ਰਾਹੀਂ ਕੌਮ ਦੇ ਹਿੱਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਸੰਸਾਰ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਹੁਣ ਗਿਣਤੀ ਦੇ ਰੋਣੇ ਰੋਣ ਦੀ ਬਜਾਏ ਗੁਰੂ ਸਾਹਿਬ ਦੇ ‘ਨਿਆਰਾ’ ਰਹਿਣ ਦੇ ਸਿਧਾਂਤ ਅਨੁਸਾਰ ਆਪਣੀ ਬੌਧਿਕ ਅਤੇ ਨੈਤਿਕ ਗੁਣਵੱਤਾ ਨੂੰ ਇੰਨਾ ਉੱਚਾ ਚੁੱਕਣਾ ਪਵੇਗਾ ਕਿ ਦੁਨੀਆ ਸਾਡੀ ਲੀਡਰਸ਼ਿਪ ਨੂੰ ਸਵੀਕਾਰ ਕਰੇ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਹੋਰ ਸੰਸਥਾਵਾਂ ਨੂੰ ਰਵਾਇਤੀ ਢਾਂਚੇ ਤੋਂ ਉੱਪਰ ਉੱਠ ਕੇ ਇੱਕ ਦੂਰਅੰਦੇਸ਼ੀ ਨੀਤੀ ਤਿਆਰ ਕਰਨ ਦੀ ਅਪੀਲ ਕੀਤੀ।
ਸ. ਖਾਲਸਾ ਨੇ ਗੁਰਬਾਣੀ ਅਤੇ ਕੀਰਤਨ ਸਿੱਖ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਡਭਾਗੀ ਦੱਸਦਿਆਂ ਬੱਚਿਆਂ ਨੂੰ ਮੁਢਲੇ ਤੌਰ ‘ਤੇ ਸਿੱਖ ਇਤਿਹਾਸ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਅਕੈਡਮੀ ਵੱਲੋਂ ਸ. ਪਰਮਿੰਦਰਪਾਲ ਸਿੰਘ ਖਾਲਸਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਭਗਵਾਨ ਸਿੰਘ ਜੀ ਅਤੇ ਸੁਰਜੀਤ ਸਿੰਘ ਸੇਵਕ ਵੱਲੋਂ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਖਾਲਸਾ ਦੇ ਨਾਲ ਉਚੇਚੇ ਤੌਰ ‘ਤੇ ਸ. ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ , ਸੁਖਵਿੰਦਰ ਸਿੰਘ ਗੋਗੀ (ਦਿੱਲੀ ਪੇਂਟ), ਅਤੇ ਗੁਰਪ੍ਰੀਤ ਸਿੰਘ ਰਾਜੂ ( deluxe Saintry ) ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।