ਅੰਮ੍ਰਿਤਸਰ (ਜਸਪਾਲ ਕੈਂਥ)-ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਅਦਾਕਾਰ ਦਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਅਚਾਨਕ ਹਟਾਏ ਜਾਣ ਅਤੇ ਇਸ ‘ਤੇ ਲਗਾਈ ਗਈ ਪਾਬੰਦੀ ਖ਼ਿਲਾਫ਼ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਸਿੱਖ ਆਗੂਆਂ ਨੇ ਇਸ ਕਾਰਵਾਈ ਨੂੰ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਉਲਟ ਦਸਿਆ ਹੈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਫ਼ਿਲਮ ‘ਸਤਲੁਜ’ ਉੱਤੇ ਸਿਨੇਮਾਘਰਾਂ ਤੋਂ ਬਾਅਦ ਓ.ਟੀ.ਟੀ. ਪਲੇਟਫਾਰਮ ’ਤੇ ਵੀ ਲਗਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਫ਼ਿਲਮ ਤੋਂ ਪਾਬੰਦੀ ਤੁਰੰਤ ਹਟਾਈ ਜਾਵੇ।
ਜਥੇਦਾਰ ਖਾਲਸਾ ਨੇ ਫਿਲਮ ‘ਤੇ ਪਾਬੰਦੀ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸੰਤਾਪ ਦੌਰਾਨ ਲਾਵਾਰਿਸ ਲਾਸ਼ਾਂ ਦੇ ਇਤਿਹਾਸ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਤਲ ਦੀ ਸੱਚਾਈ ਨੂੰ ਸਰਕਾਰਾਂ ਨੇ ਹਮੇਸ਼ਾ ਛੁਪਾ ਕੇ ਰੱਖਿਆ। ਫ਼ਿਲਮ ‘ਸਤਲੁਜ’ ਨੇ ਉਸ ਦੁਖਾਂਤਕ ਦੌਰ, ਪੰਜਾਬ ਨਾਲ ਹੋਏ ਵਿਤਕਰੇ ਅਤੇ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀਆਂ ਦਹਿਸ਼ਤੀ ਕਾਰਵਾਈਆਂ ਨੂੰ ਹੂਬਹੂ ਪਰਦੇ ’ਤੇ ਉਤਾਰਿਆ ਹੈ।ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਕਾਨੂੰਨੀ ਅਤੇ ਇਤਿਹਾਸਕ ਦਸਤਾਵੇਜ਼ਾਂ ’ਤੇ ਆਧਾਰਿਤ ਹੈ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਬਣਾਈ ਗਈ ਹੈ। ਇਹ ਕਿਸੇ ਹਿੰਸਾ ਦਾ ਪ੍ਰਚਾਰ ਨਹੀਂ ਕਰਦੀ, ਬਲਕਿ ਕਰੋੜਾਂ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ।
ਉਨ੍ਹਾਂ ਕਿਹਾ ਕਿ ਲਾਵਾਰਿਸ ਲਾਸ਼ਾਂ ਦੇ ਵਾਰਿਸ ਬਣ ਕੇ ਇਨਸਾਫ਼ ਲੈਣਾ ਸਿੱਖਾਂ ਦਾ ਸੰਵਿਧਾਨਕ ਤੇ ਧਾਰਮਿਕ ਹੱਕ ਹੈ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਕਿ ਹਮੇਸ਼ਾ ਜ਼ੁਲਮ ਅਤੇ ਅਨਿਆਂ ਦੇ ਹਨੇਰਿਆਂ ਨੂੰ ਚੁਣੌਤੀ ਦਿੱਤੀ ਜਾਵੇ।ਸੱਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਬੁੱਚੜਾਂ ਨੇ ਕਦੇ ਸਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਉਨ੍ਹਾਂ ਦੇ ਗੁਨਾਹਾਂ ਦੇ ਚਿੱਠੇ ਖੁੱਲ੍ਹਣਗੇ। ਪੰਜਾਬ ਦੀ ਮਿੱਟੀ ਨੇ ਦਿਖਾ ਦਿੱਤਾ ਹੈ ਕਿ ਲਾਸ਼ਾਂ ਆਪਣੀ ਗਵਾਹੀ ਖ਼ੁਦ ਦਿਖਾਉਂਦੀਆਂ ਹਨ। ਇਸ ਦੁਨੀਆ ਵਿੱਚ ਕੋਈ ਲਾਵਾਰਿਸ ਨਹੀਂ, ਕਿਉਂਕਿ ਵਕਤ ਸਭ ਦਾ ਵਾਰਿਸ ਹੈ।”
ਖਾਲਸਾ ਨੇ ਦਸਿਆ ਕਿ ਸਰਕਾਰੀ ਅਤੇ ਪ੍ਰਸ਼ਾਸਨਿਕ ਰੋਕਾਂ ਦੇ ਬਾਵਜੂਦ, ਸਿੱਖ ਸੰਗਤਾਂ ਅਤੇ ਸਥਾਨਕ ਜਥੇਬੰਦੀਆਂ ਵੱਲੋਂ ਇਸ ਫ਼ਿਲਮ ਨੂੰ ਡਾਊਨਲੋਡ ਕਰਕੇ ਵੱਖ-ਵੱਖ ਇਲਾਕਿਆਂ ਅਤੇ ਪਬਲਿਕ ਥਾਵਾਂ ‘ਤੇ ਦਿਖਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਜਨਤਕ ਪ੍ਰਦਰਸ਼ਨ (ਸਕ੍ਰੀਨਿੰਗ) ਰਾਹੀਂ ਸਿੱਖਾਂ ਨੇ ਸਾਬਤ ਕੀਤਾ ਹੈ ਕਿ
ਡਿਜੀਟਲ ਪਲੇਟਫਾਰਮਾਂ ਜਾਂ ਸਿਨੇਮਾਘਰਾਂ ‘ਤੇ ਰੋਕ ਲਗਾ ਕੇ ਪੰਜਾਬ ਦੇ ਪੰਜਾਬ ਸੰਤਾਪ ਦੇ ਦੌਰ ਦੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।
ਕੌਮ ਦੀ ਇੱਕਜੁਟਤਾ ਅਤੇ ਜਾਗਰੂਕਤਾ: ਫ਼ਿਲਮ ਨੂੰ ਆਪਸ ਵਿੱਚ ਸਾਂਝਾ ਕਰਕੇ ਆਪਣੇ ਪੱਧਰ ‘ਤੇ ਦਿਖਾਉਣਾ ਇਹ ਸਾਬਤ ਕਰਦਾ ਹੈ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੇ ਇਤਿਹਾਸ ਅਤੇ ਹੱਕ-ਸੱਚ ਦੀ ਆਵਾਜ਼ ਨੂੰ ਜਿਊਂਦਾ ਰੱਖਣ ਲਈ ਹਮੇਸ਼ਾ ਇੱਕਜੁਟ ਹੈ।
ਉਨ੍ਹਾਂ ਕਿਹਾ ਕਿ ਭਾਈ ਖਾਲੜਾ ਨੇ ਪੰਜਾਬ ਵਿੱਚ ਲਗਭਗ 25,000 “ਅਣਪਛਾਤੀਆਂ” ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦਾ ਸੱਚ ਅੰਤਰਰਾਸ਼ਟਰੀ ਪੱਧਰ ‘ਤੇ ਉਜਾਗਰ ਕੀਤਾ ਸੀ। ਫ਼ਿਲਮ ਨੂੰ ਜਨਤਾ ਵਿੱਚ ਲਿਜਾ ਕੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਨਸਾਫ਼ ਲਈ ਸ਼ੁਰੂ ਕੀਤਾ ਮਿਸ਼ਨ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ।
ਖਾਲਸਾ ਦਾ ਮੰਨਣਾ ਹੈ ਕਿ ਇਸ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਇਹ ਸਿੱਖਿਆ ਮਿਲ ਸਕੇ ਕਿ ਕਿਵੇਂ ਇੱਕ ਇਕੱਲਾ ਇਨਸਾਨ ਵੀ ਜ਼ੁਲਮ ਖਿਲਾਫ਼ ਅਤੇ ਸਮਾਜਿਕ ਬਦਲਾਅ ਲਈ ਵੱਡੀ ਲੜਾਈ ਲੜ ਸਕਦਾ ਹੈ।
ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਫ਼ਿਲਮ ਨੂੰ ਜ਼ਰੂਰ ਦੇਖਣ ਤੇ ਆਪਣੀ ਮਿਟੀ ਨਾਲ ਜੁੜਨ ।