*ਟਰੰਪ ਦੇ ਐਲਾਨ ਨਾਲ ਅਮਰੀਕੀ ਸਪਲਾਈ ਚੇਨ ਠੱਪ ਹੋਣ ਦਾ ਖ਼ਤਰਾ, ਸਿੱਖ ਡਰਾਈਵਰ ਆਰਥਿਕਤਾ ਦੀ ਲਾਈਫਲਾਈਨ: – (ਮੇਅਰ) ਖਾਲਸਾ*

देश पंजाब
Spread the love

ਨੌਰਵਿਚ (ਅਮਰੀਕਾ):(ਜਸਪਾਲ ਕੈਂਥ)-ਨੌਰਵਿਚ ਦੇ ਮੇਅਰ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਨਸਿਲਵੇਨੀਆ ਦੇ ‘ਡਿਫੈਂਸ ਐਂਡ ਇਨੋਵੇਸ਼ਨ ਸਮਿਟ’ ਦੌਰਾਨ ਟਰਕਿੰਗ ਉਦਯੋਗ ਅਤੇ ਪ੍ਰਵਾਸੀ ਡਰਾਈਵਰਾਂ ਬਾਰੇ ਦਿੱਤੇ ਬਿਆਨ ‘ਤੇ ਡੂੰਘੀ ਚਿੰਤਾ ਅਤੇ ਜ਼ੋਰਦਾਰ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਾਬਕਾ ਸੈਨਿਕਾਂ ਨੂੰ ਲਿਆਉਣ ਦਾ ਐਲਾਨ ਨਾ ਸਿਰਫ਼ ਅਮਰੀਕਾ ਦੇ ਇਮੀਗ੍ਰੇਸ਼ਨ ਢਾਂਚੇ ਨੂੰ ਪ੍ਰਭਾਵਿਤ ਕਰੇਗਾ, ਬਲਕਿ ਦੇਸ਼ ਦੀ ਆਰਥਿਕਤਾ ਦੀ ਲਾਈਫਲਾਈਨ ਮੰਨੇ ਜਾਂਦੇ ਟਰਕਿੰਗ ਸੈਕਟਰ ਨੂੰ ਵੀ ਵੱਡੀ ਸੱਟ ਮਾਰੇਗਾ।

ਮੇਅਰ ਖਾਲਸਾ ਨੇ ਕਿਹਾ ਕਿ ਅਮਰੀਕਾ ਵਿੱਚ ਲਗਭਗ 1.5 ਲੱਖ ਸਿੱਖ ਟਰੱਕ ਡਰਾਈਵਰ ਅਤੇ ਉਨ੍ਹਾਂ ਦੇ ਪਰਿਵਾਰ ਇਸ ਉਦਯੋਗ ਨਾਲ ਜੁੜੇ ਹੋਏ ਹਨ। ਟਰੰਪ ਸਰਕਾਰ ਵੱਲੋਂ ਦੇਸ਼ ਭਗਤੀ ਅਤੇ ਸੁਰੱਖਿਆ ਦੇ ਨਾਂ ‘ਤੇ ਖੇਡਿਆ ਜਾ ਰਿਹਾ ਇਹ ਸਿਆਸੀ ਨਾਟਕ ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਅਸਥਾਈ ਪ੍ਰਵਾਸੀਆਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।

  ਖਾਲਸਾ ਨੇ ਕਿਹਾ ਕਿ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਫੈਡਰਲ ਸਰਕਾਰ ਨਹੀਂ, ਬਲਕਿ ਵੱਖ-ਵੱਖ ਰਾਜ ਆਪਣੀ ਜਾਂਚ ਅਤੇ ਟੈਸਟਿੰਗ ਤੋਂ ਬਾਅਦ ਜਾਰੀ ਕਰਦੇ ਹਨ। ਪ੍ਰਸ਼ਾਸਨ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਉਹ ਪਹਿਲਾਂ ਤੋਂ ਜਾਰੀ ਹੋ ਚੁੱਕੇ ਲਾਇਸੈਂਸਾਂ ਦੀ ਸਕ੍ਰੀਨਿੰਗ ਕਿਵੇਂ ਕਰੇਗਾ?

  ਖਾਲਸਾ ਨੇ ਕਿਹਾ ਕਿ ਅਮਰੀਕੀ ਟਰਕਿੰਗ ਉਦਯੋਗ ਪਹਿਲਾਂ ਹੀ ਡਰਾਈਵਰਾਂ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਅਚਾਨਕ ਲੱਖਾਂ ਪ੍ਰਵਾਸੀ ਡਰਾਈਵਰਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਫੌਜੀਆਂ ਨੂੰ ਲਿਆਉਣਾ ਵਿਹਾਰਕ ਤੌਰ ‘ਤੇ ਸੰਭਵ ਨਹੀਂ ਹੈ, ਜਿਸ ਨਾਲ ਦੇਸ਼ ਦੀ ਸਪਲਾਈ ਚੇਨ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਨੂੰ ਸਖ਼ਤ ਕੀਤਾ ਜਾਂਦਾ ਹੈ, ਤਾਂ ‘ਅਸਥਾਈ ਵਰਕ ਪਰਮਿਟ’ ਵਾਲੇ ਅਤੇ ਸਿਆਸੀ ਸ਼ਰਨ (Asylum) ਦੀ ਕਾਨੂੰਨੀ ਲੜਾਈ ਲੜ ਰਹੇ ਡਰਾਈਵਰ ਸਭ ਤੋਂ ਪਹਿਲਾਂ ਨਿਸ਼ਾਨਾ ਬਣਨਗੇ, ਜੋ ਕਿ ਨਾਇਨਸਾਫ਼ੀ ਹੈ।

ਮੇਅਰ ਖਾਲਸਾ ਨੇ ਹਾਲ ਹੀ ਦੇ ਦਿਨਾਂ ਵਿੱਚ ਭਾਰਤੀ ਮੂਲ ਦੇ ਕੁਝ ਡਰਾਈਵਰਾਂ ਨਾਲ ਜੁੜੇ ਗੰਭੀਰ ਮਾਮਲਿਆਂ (ਜਿਵੇਂ ਕਿ ਅਕਤੂਬਰ/ਨਵੰਬਰ 2025 ਵਿੱਚ ਓਰੇਗਨ ਅਤੇ ਕੈਲੀਫੋਰਨੀਆ ਦੇ ਜਾਨਲੇਵਾ ਹਾਦਸੇ ਅਤੇ ਫਰਵਰੀ 2026 ਵਿੱਚ ਇੰਡੀਆਨਾ ਵਿੱਚ ਫੜੀ ਗਈ ਕੋਕੀਨ ਤਸਕਰੀ) ‘ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁਝ ਕੁ ਲਾਪਰਵਾਹੀ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਨੇ ਪੂਰੇ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਵੱਡੀ ਢਾਹ ਲਾਈ ਹੈ, ਜਿਸ ਦਾ ਫਾਇਦਾ ਹੁਣ ਟਰੰਪ ਸਰਕਾਰ ਆਪਣੀ ਸਿਆਸਤ ਚਮਕਾਉਣ ਲਈ ਉਠਾ ਰਹੀ ਹੈ।

ਮੇਅਰ ਸਵਰਨਜੀਤ ਸਿੰਘ ਖਾਲਸਾ ਨੇ ‘ਨੋਰਥ ਅਮੈਰੀਕਨ ਪੰਜਾਬੀ ਟਰੱਕਰਜ਼ ਐਸੋਸੀਏਸ਼ਨ’ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਅਮਰੀਕੀ ਪ੍ਰਸ਼ਾਸਨ ਸਾਹਮਣੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ। ਉਨ੍ਹਾਂ ਕਿਹਾ ਕਿ ਸਿੱਖ ਡਰਾਈਵਰ ਅਮਰੀਕੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਅੱਜ ਦੇ ਦੌਰ ਵਿੱਚ ਅਮਰੀਕਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਆਪਣੀ ਹੋਂਦ ਅਤੇ ਸਨਮਾਨ ਬਚਾਉਣ ਲਈ ਕਾਨੂੰਨੀ ਸੂਝ-ਬੂਝ, ਏਕਤਾ ਅਤੇ ਜ਼ਿੰਮੇਵਾਰੀ ਦਿਖਾਉਣ ਦੀ ਸਭ ਤੋਂ ਵੱਧ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਡਰਾਈਵਰ ਵੀਰ ਆਪਣੇ ਕਾਨੂੰਨੀ ਦਸਤਾਵੇਜ਼ ਦਰੁਸਤ ਰੱਖਣ ਅਤੇ ਸੜਕੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।”

Leave a Reply

Your email address will not be published. Required fields are marked *