ਜਲੰਧਰ/ਲੰਡਨ: (ਜਸਪਾਲ ਕੈਂਥ)-ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਐਂਡ ਅਬਰੌਡ ਦੇ ਪ੍ਰਧਾਨ ਸ੍ਰੀ ਰਾਮ ਕਿਸ਼ਨ ਮਹਿਮੀ (ਐੱਮ.ਬੀ.ਈ.) ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਯੂਕੇ ਸਭਾ ਨਾਲ ਸਬੰਧਿਤ ਸਮੂਹ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਹੈ ਅਤੇ ਸਮੁੱਚੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਤੇ ਸੰਗਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਟੁੱਟ ਵਿਸ਼ਵਾਸ ਹੈ।
ਉਨ੍ਹਾਂ ਕਿਹਾ ਕਿ ਯੂਕੇ ਸਭਾ ਨਾਲ ਜੁੜੇ ਸਾਰੇ ਗੁਰੂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਹਨ ਅਤੇ ਸਿੱਖ ਧਾਰਮਿਕ ਪਰੰਪਰਾਵਾਂ ਅਨੁਸਾਰ ਸੇਵਾ ਨਿਭਾ ਰਹੇ ਹਨ।
ਸ੍ਰੀ ਮਹਿਮੀ ਨੇ ਕਿਹਾ ਕਿ ਯੂਕੇ ਸਭਾ ਕਿਸੇ ਵੀ ਮਹਾਂਪੁਰਖਾਂ ਦੇ ਡੇਰਿਆਂ ਦੇ ਅੰਦਰੂਨੀ ਮਾਮਲਿਆਂ ਜਾਂ ਪ੍ਰਬੰਧ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹਰ ਡੇਰਾ ਆਪਣੀ ਮਰਿਆਦਾ ਅਤੇ ਪਰੰਪਰਾ ਅਨੁਸਾਰ ਆਪਣੇ ਧਾਰਮਿਕ ਅਤੇ ਪ੍ਰਬੰਧਕੀ ਕਾਰਜਾਂ ਦਾ ਸੰਚਾਲਨ ਕਰਦਾ ਹੈ।
ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਇਸੇ ਭਾਵਨਾ ਨੂੰ ਕਾਇਮ ਰੱਖਦਿਆਂ ਕੋਈ ਵੀ ਡੇਰਾ ਜਾਂ ਸੰਤ-ਮਹਾਂਪੁਰਖ ਯੂਕੇ ਸਭਾ ਦੇ ਕੰਮਕਾਜ ਵਿੱਚ ਬੇਲੋੜੀ ਦਖਲਅੰਦਾਜ਼ੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਯੂਕੇ ਸਭਾ ਸਾਰੇ ਸੰਤ-ਮਹਾਂਪੁਰਖਾਂ ਦਾ ਸਮਾਨ ਸਤਿਕਾਰ ਕਰਦੀ ਹੈ ਅਤੇ ਆਪਸੀ ਸਦਭਾਵਨਾ, ਧਾਰਮਿਕ ਮਰਿਆਦਾ ਅਤੇ ਆਪਸੀ ਸਨਮਾਨ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।