ਜਲੰਧਰ (ਜਸਪਾਲ ਕੈਂਥ )-ਸੰਗਰੂਰ ਦੇ ਪਿੰਡ ਸ਼ੇਰੋ ਦੇ ਰਹਿਣ ਵਾਲੇ ਮੋਹਨਜੀਤ ਸਿੰਘ ’ਤੇ ਹੋਈ ਅਣਮਨੁੱਖੀ ਤਸ਼ੱਦਦ, ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਅਤੇ ਆਮ ਲੋਕਾਂ ਖਿਲਾਫ ਕੀਤੇ ਜਾ ਰਹੇ ਸਰਕਾਰੀ ਜਬਰ ਦੇ ਮਾਮਲਿਆਂ ਨੂੰ ਲੈ ਕੇ ਬਸਪਾ ਵੱਲੋਂ ਅੱਜ ਸ਼ਨੀਵਾਰ ਨੂੰ ਜਲੰਧਰ ਸ਼ਹਿਰ ਵਿਖੇ ਰੋਸ ਮਾਰਚ ਕੀਤਾ ਗਿਆ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ’ਚ ਹੋਏ ਇਸ ਪ੍ਰਦਰਸ਼ਨ ਤੋਂ ਬਾਅਦ ਸੂਬੇ ਦੀ ਆਪ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਰਕਾਰ ਬਣਨ ’ਤੇ ਤਿੰਨ ਮਹੀਨਿਆਂ ਅੰਦਰ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦੀ ਗਰੰਟੀ ਦਿੱਤੀ ਸੀ, ਜੋ ਕਿ ਬਿਲਕੁੱਲ ਝੂਠੀ ਸਾਬਿਤ ਹੋਈ। ਇੱਕ ਪਾਸੇ ਆਪ ਸਰਕਾਰ ਵੱਡੇ-ਵੱਡੇ ਹੋਰਡਿੰਗ ਲਗਾ ਕੇ ਡਰੱਗ ਮਾਫੀਆ ਬਾਰੇ ਜਾਣਕਾਰੀ ਮੰਗਦੀ ਹੈ, ਪਰ ਦੂਜੇ ਪਾਸੇ ਲੋਕ ਜਦੋਂ ਇਸ ਬਾਰੇ ਸੂਚਨਾ ਦਿੰਦੇ ਹਨ ਤਾਂ ਡਰੱਗ ਮਾਫੀਆ ’ਤੇ ਕਾਰਵਾਈ ਦੀ ਜਗ੍ਹਾ ਉਲਟਾ ਜਨਤਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸੰਗਰੂਰ ਦੇ ਪਿੰਡ ਸ਼ੇਰੋ ਵਾਸੀ ਮੋਹਨਜੀਤ ਸਿੰਘ ਨਾਲ ਹੋਈ ਘਟਨਾ ਵੀ ਇਸੇ ਨੂੰ ਬਿਆਨ ਕਰਦੀ ਹੈ। ਮੋਹਨਜੀਤ ਸਿੰਘ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਹੱਥ ਵਿੱਚ ਕਾਲਾ ਝੰਡਾ ਫੜ ਕੇ ਇਹ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਹੋਮ ਡਿਲੀਵਰੀ ਰੋਕ ਨਹੀਂ ਸਕੇ।
ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਉਸ ਨੌਜਵਾਨ ਦੀ ਗੱਲ ਸੁਣਦੇ ਤੇ ਡਰੱਗ ਮਾਫੀਆ ਖਿਲਾਫ ਕਾਰਵਾਈ ਕਰਦੇ। ਪਰ ਇਸਦੇ ਉਲਟ ਉਸ ਨੌਜਵਾਨ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਇਸੇ ਤਰ੍ਹਾਂ ਦੀ ਘਟਨਾ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਪਿੰਡ ਵਿੱਚ ਵੀ ਹੋਈ ਹੈ, ਜਿੱਥੇ ਡਰੱਗ ਮਾਫੀਆ ਤੇ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਚੁੱਕਣ ਵਾਲੇ ਦੀਆਂ ਲੱਤਾਂ-ਬਾਹਾਂ ਤੋੜ ਦਿੱਤੀਆਂ ਗਈਆਂ। ਡਾ. ਕਰੀਮਪੁਰੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਨਿਆਂਇਕ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਸ਼ੇ ਦੇ ਖਾਤਮੇ ਦੀ ਗਰੰਟੀ ਪੂਰੀ ਨਾ ਕਰ ਸਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕ ਜ਼ਿੰਮੇਵਾਰੀ ਚੁੱਕਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਕਰਕੇ ਮਾਪੇ ਆਪਣੇ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਚੁੱਕ ਕੇ ਸਿਵਿਆਂ ਵੱਲ ਲੈ ਜਾਣ ਲਈ ਮਜ਼ਬੂਰ ਹੋ ਰਹੇ ਹਨ। ਔਰਤਾਂ ਵਿਧਵਾ ਹੋ ਰਹੀਆਂ ਹਨ, ਬੱਚੇ ਅਨਾਥ ਹੋ ਰਹੇ ਹਨ ਤੇ ਬੁਢਾਪੇ ਵਿੱਚ ਮਾਪਿਆਂ ਤੋਂ ਬੱਚਿਆਂ ਦਾ ਸਹਾਰਾ ਗੁਆਚ ਰਿਹਾ ਹੈ। ਸਮੁੱਚਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਮੌਜ਼ੂਦਾ ਆਪ ਸਰਕਾਰ ਵੀ ਕਾਂਗਰਸ, ਅਕਾਲੀ, ਭਾਜਪਾ ਸਰਕਾਰਾਂ ਵਾਂਗ ਡਰੱਗ ਮਾਫੀਆ ਨੂੰ ਹੱਲਾਸ਼ੇਰੀ ਦੇ ਰਹੀ ਹੈ। ਆਪ ਸਰਕਾਰ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰ ਨੌਜਵਾਨਾਂ, ਆਸ਼ਾ ਵਰਕਰਾਂ ’ਤੇ ਡੰਡੇ ਚਲਾ ਰਹੀ ਹੈ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੱਦਾ ਦਿੰਦੇ ਹੋਏ ਕਿਹਾ ਕਿ ਦੇ ਲੋਕ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਦਾ ਹਿੱਸਾ ਬਣਨ ਤੇ ਸੂਬੇ ’ਚ ਬਸਪਾ ਦੀ ਸਰਕਾਰ ਬਣਾਉਣ। ਸੱਤਾ ਵਿੱਚ ਆਉਂਦੇ ਹੀ ਬਸਪਾ ਨਸ਼ੇ ਦੀਆਂ ਜੜ੍ਹਾਂ ਪੁੱਟ ਦੇਵੇਗੀ, ਸਿਹਤ-ਸਿੱਖਿਆ ਵਿਵਸਥਾ ਵਿੱਚ ਸੁਧਾਰ ਕੀਤਾ ਜਾਵੇਗਾ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤੇ ਸੂਬੇ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਿਆ ਜਾਵੇਗਾ। ਇਸ ਮੌਕੇ ਬਸਪਾ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ, ਪ੍ਰਵੀਨ ਬੰਗਾ, ਹਰਭਜਨ ਸਿੰਘ ਬਜਹੇੜੀ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਜੋਗਾ ਸਿੰਘ ਪਨੌਧੀਆ, ਸਤਨਾਮ ਬਿੱਟਾ, ਇੰਜ. ਜਸਵੰਤ ਰਾਏ, ਐਡਵੋਕੇਟ ਨਵਰਾਜ, ਜਗਦੀਸ਼ ਸ਼ੇਰਪੁਰੀ, ਖੁਸ਼ੀ ਰਾਮ, ਬੂਟਾ ਸਿੰਘ ਪਤਾਰਾ ਆਦਿ ਆਗੂ ਵੀ ਮੌਜ਼ੂਦ ਸਨ।


