ਦੀਪਕ ਠਾਕੁਰ
ਤਲਵਾਡ਼ਾ, 5 ਸਤੰਬਰ :-ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗਡ਼੍ਹ ਦੇ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਦੀ ਜਾਂਚ ਟੀਮ ਨੇ ਹਾਜੀਪੁਰ ਦੇ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਦਾ ਦੌਰ੍ਹਾ ਕੀਤਾ। ਐਸਡੀਐਮ ਮੁਕੇਰੀਆਂ ਜਯੋਤਸਨਾ ਸਿੰਘ ਅਤੇ ਡੀਐਸਪੀ ਮੁਕੇਰੀਆਂ ਕੁਲਵੰਤ ਸਿੰਘ ਦੀ ਮੌਜ਼ੂਦਗੀ ’ਚ ਸਕੱਤਰ, ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ, ਹੁਸ਼ਿਆਰਪੁਰ ਦੀ ਟੀਮ ਨੇ ਬਲਾਕ ਹਾਜੀਪੁਰ ਦੇ ਪਿੰਡ ਸੰਧਵਾਲ, ਕੁੱਲੀਆਂ ਲੁਬਾਣਾ ਆਦਿ ਦਾ ਦੌਰ੍ਹਾ ਕੀਤਾ। ਜਾਂਚ ਟੀਮ ਨੇ ਨਿਰਮਾਣ ਅਧੀਨ ਤਲਵਾਡ਼ਾ ਮੁਕੇਰੀਆਂ ਰੇਲ ਲਾਈਨ ਦੇ ਦੋਵੇਂ ਪਾਸੇ ਚੱਲਦੇ ਬਾਬਾ ਫਰੀਦ ਅਤੇ ਜੈ ਸ਼ੰਕਰ ਸਟੋਨ ਕਰੱਸ਼ਰਾਂ ਦਾ ਦੌਰ੍ਹਾ ਕੀਤਾ ਅਤੇ ਵਾਹੀਯੋਗ ਜ਼ਮੀਨ ’ਚ ਕੀਤੀ ਖੁਦਾਈ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਤਲਵਾਡ਼ਾ ਅਤੇ ਹਾਜੀਪੁਰ ’ਚ ਨਾਜਾਇਜ਼ ਖੁਦਾਈ ਦਾ ਕਾਰੋਬਾਰ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਰਾਹੁਲ ਮਨਚੰਦਾ ਵਲੋਂ ਖ਼ੇਤਰ ਦੀ ਨਾਜਾਇਜ਼ ਖੁਦਾਈ ਖ਼ਿਲਾਫ਼ ਹਾਈਕੋਰਟ ’ਚ ਰਿੱਟ ਪਾਈ ਗਈ ਸੀ, ਜਿਸ ’ਤੇ ਡਬਲ ਬੈੈਂਚ ਨੇ ਨੋਟਿਸ ਲੈਂਦਿਆਂ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਹੁਸ਼ਿਆਰਪੁਰ ਨੂੰ ਇੱਕ ਹਫ਼ਤੇ ਅੰਦਰ ਪ੍ਰਭਾਵਿਤ ਖ਼ੇਤਰ ਦਾ ਨਿੱਜੀ ਤੌਰਤੇ ਦੌਰ੍ਹਾ ਕਰ ਰਿਪੋਰਟ ਬੰਦ ਲਿਫਾਫ਼ੇ ’ਚ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਤਹਿਤ ਅੱਜ ਉੱਚ ਤਾਕਤੀ ਟੀਮ ਵੱਲੋਂ ਹਾਜੀਪੁਰ ਦਾ ਦੌਰ੍ਹਾ ਕੀਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਮੀਡੀਆ ਨੂੰ ਟੀਮ ਦੇ ਦੌਰ੍ਹੇ ਤੋਂ ਦੂਰ ਰੱਖਿਆ ਗਿਆ। ਹਾਲਾਂਕਿ ਹਾਜੀਪੁਰ ਅਤੇ ਤਲਵਾਡ਼ਾ ’ਚ ਗੈਰ ਕਾਨੂੰਨੀ ਖਣਨ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕ ਮਾਈਨਿੰਗ ਤੋਂ ਪ੍ਰੇਸ਼ਾਨ ਹਨ, ਹਾਜੀਪੁਰ ਖ਼ੇਤਰ ’ਚ ਵਾਹੀਯੋਗ ਜ਼ਮੀਨ ਅਤੇ ਪੰਚਾਇਤੀ ਭੂਮੀ ਖਣਨ ਮਾਫੀਆ ਦੇ ਨਿਸ਼ਾਨੇ ’ਤੇ ਹੈ। ਸਥਾਨਕ ਲੋਕਾਂ ਨੇ ਪੁਲੀਸ ਅਤੇ ਮਾਈਨਿੰਗ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਹਨ। ਇਸ ਮੌਕੇ ਜਾਂਚ ਟੀਮ ਨਾਲ ਸਥਾਨਕ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤੋਂ ਇਲਾਵਾ ਜੰਗਲਾਤ ਵਿਭਾਗ, ਮਾਈਨਿੰਗ ਤੇ ਡ੍ਰੇਨੇਜ਼, ਨਹਿਰੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਜਾਂਚ ਟੀਮ ਦੀ ਭਿਨਕ ਪੈਣ ਕਾਰਨ ਅੱਜ ਸਡ਼ਕਾਂ ’ਤੇ ਟਿੱਪਰਾਂ ਦੀ ਆਵਾਜਾਈ ਨਾਮਾਤਰ ਰਹੀ , ਅਤੇ ਸਟੋਨ ਕਰੱਸ਼ਰ ਵੀ ਬੰਦ ਰਹੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਵੱਲੋਂ ਸੋਮਵਾਰ ਨੂੰ ਤਲਵਾਡ਼ਾ ਖ਼ੇਤਰ ਦਾ ਦੌਰ੍ਹਾ ਕੀਤਾ ਜਾਵੇਗਾ।


