ਲੋਹੀਆਂ ਖਾਸ, 12 ਸਤੰਬਰ (ਰਾਜੀਵ ਕੁਮਾਰ ਬੱਬੂ): ਲੋਹੀਆਂ ਖਾਸ ਦੇ ਮੈਨ ਬਾਜ਼ਾਰ ਵਿੱਚ ਕੁਝ ਦਿਨ ਪਹਿਲਾਂ ਦੁਕਾਨ ‘ਸੈਮ ਕਲੈਕਸ਼ਨ’ ਦੇ ਸਾਹਮਣੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਇੱਕ 30 ਬੋਰ ਦਾ ਨਾਜਾਇਜ਼ ਪਿਸਟਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਡੀਐਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਅਤੇ ਥਾਣਾ ਲੋਹੀਆਂ ਖਾਸ ਦੇ ਮੁੱਖ ਅਫ਼ਸਰ ਐੱਸਆਈ ਸੁਖਜਿੰਦਰ ਸਿੰਘ ਖਹਿਰਾ ਨੇ ਪ੍ਰੈੱਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨ ਬਾਜ਼ਾਰ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਥਾਣਾ ਲੋਹੀਆਂ ਖਾਸ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਪੁਲਿਸ ਅਨੁਸਾਰ ਤਫ਼ਤੀਸ਼ ਦੌਰਾਨ ਐੱਸਆਈ ਸੁਖਜਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਨੀ ਪੁੱਤਰ ਪਰਮਜੀਤ ਸਿੰਘ ਵਾਸੀ ਬੂਸੋਵਾਲ, ਰਾਹੁਲ ਪੁੱਤਰ ਹਰਮੇਸ਼ ਵਾਸੀ ਪਿੰਡ ਚਾਚੋਵਾਲ, ਬਲਬੀਰ ਸਿੰਘ ਉਰਫ਼ ਜੱਸ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਧੇਰ, ਥਾਣਾ ਨਕੋਦਰ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਜਸਪ੍ਰੀਤ ਸਿੰਘ ਵਾਸੀ ਪਿੰਡ ਕਬੀਰਪੁਰ ਅਤੇ ਅਜੇ ਕੁਮਾਰ ਉਰਫ਼ ਨੀਲੀ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਭੋਏਪੁਰ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਦਾ ਨਾਜਾਇਜ਼ ਪਿਸਟਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਰੌਂਦ ਬਰਾਮਦ ਹੋਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਫਾਇਰਿੰਗ ਦੀ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


