ਜਲੰਧਰ (ਜਸਪਾਲ ਕੈਂਥ )-ਲੁਧਿਆਣਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਬਸਪਾ ਵੱਲੋਂ ਅੱਜ ਵੀਰਵਾਰ ਨੂੰ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਤਹਿਤ ਬਸਪਾ ਵੱਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਜਲੰਧਰ ਵਿੱਚ ਰੋਸ ਮਾਰਚ ਕਰਕੇ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਮੈਮੋਰੰਡਮ ਸੌਂਪਿਆ ਗਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ। ਮੌਜ਼ੂਦਾ ਆਪ ਸਰਕਾਰ ਦੌਰਾਨ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਦੀ ਇਹ 11ਵੀਂ ਘਟਨਾ ਹੈ, ਜੋ ਕਿ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਬੁੱਤਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਜਾਣ ਤੇ ਸੁਰੱਖਿਆ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਜਾਵੇ। ਇਸਦੇ ਨਾਲ-ਨਾਲ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਪੰਜਾਬ ਦੇ ਰਾਜਪਾਲ ਨੂੰ ਭੇਜੇ ਗਏ ਮੈਮੋਰੰਡਮ ਵਿੱਚ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ‘ਤੇ ਹੋਏ ਸਰਕਾਰੀ ਤਸ਼ੱਦਦ, ਸ਼ਹੀਦ ਭਗਤ ਸਿੰਘ ਨਗਰ ਵਾਸੀ ਕਮਲਜੀਤ ਸਿੰਘ ‘ਤੇ ਡਰੱਗ ਮਾਫੀਆ ਵੱਲੋਂ ਕੀਤੇ ਗਏ ਹਮਲੇ, ਸੰਗਰੂਰ ਦੇ ਪਿੰਡ ਤੂਰ ਵਣਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ, ਫਿਲੌਰ ਦੇ ਪਿੰਡ ਇੰਦਰਾ ਕਲਾਸਕੇ ਵਿੱਚ ਨਸ਼ੇ ਕਰਕੇ ਦਲਵੀਰ ਵਿੱਕੀ ਦੀ ਹੋਈ ਮੌਤ ਸਮੇਤ ਸੂਬੇ ਵਿੱਚ ਨਸ਼ਿਆਂ ਨਾਲ ਵੱਡੇ ਪੱਧਰ ‘ਤੇ ਹੋ ਰਹੀਆਂ ਮੌਤਾਂ ਦੇ ਮਾਮਲਿਆਂ ਨੂੰ ਵੀ ਚੁੱਕਿਆ ਗਿਆ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਬਸਪਾ ਹੀ ਪੰਜਾਬ ਨੂੰ ਮਾੜੇ ਹਾਲਾਤ ਵਿੱਚੋਂ ਕੱਢ ਕੇ ਤਰੱਕੀ ਖੁਸ਼ਹਾਲੀ ਤੇ ਭਾਈਚਾਰੇ ਵਾਲਾ ਪ੍ਰਬੰਧ ਦੇ ਸਕਦੀ ਹੈ। ਇਸ ਦੌਰਾਨ ਬਸਪਾ ਦੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਪਰਮਜੀਤ ਮੱਲ ਤੇ ਖੁਸ਼ੀ ਰਾਮ, ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਸੁਖਵਿੰਦਰ ਬਿੱਟੂ, ਜਗਦੀਸ਼ ਦੀਸ਼ਾ, ਬੂਟਾ ਸਿੰਘ ਪਤਾਰਾ, ਕੌਂਸਲਰ ਦਵਿੰਦਰ ਗੋਗਾ, ਮਾਸਟਰ ਹਰਜਿੰਦਰ, ਬਲਦੇਵ ਖੋਜਕੀਪੁਰ, ਹਰਜਿੰਦਰ ਬਿੱਲਾ, ਸਤਪਾਲ ਪਾਲਾ, ਹੈਪੀ ਰੁੜਕਾਂ, ਨਰਿੰਦਰ ਕੌਰ, ਸਤਨਾਮ ਕੌਰ, ਸ਼ਾਦੀ ਲਾਲ, ਹਰਮੇਸ਼ ਖੁਰਲਾਂ, ਡਾ. ਭੁਪਿੰਦਰ, ਅਸ਼ੋਕ ਸਈਪੁਰ, ਮਾਸਟਰ ਰਾਮ ਲੁਭਾਇਆ, ਬਲਵਿੰਦਰ ਰਲ੍ਹ ਆਦਿ ਆਗੂ ਵੀ ਮੌਜ਼ੂਦ ਸਨ।


