*ਨਾਜਾਇਜ਼ ਖਣਨ : ਸੀਬੀਆਈ ਜਾਂਚ ਟੀਮ ਹਾਜੀਪੁਰ ਪੁੱਜੀ ਮਾਈਨਿੰਗ ਪ੍ਰਭਾਵਿਤ ਪਿੰਡ ਕੁੱਲੀਆਂ ਲੁਬਾਣਾ, ਨੌਸ਼ਹਿਰਾ ਸਿੰਬਲੀ ਤੇ ਜਿਉਣੋਵਾਲ ਦਾ ਦੌਰ੍ਹਾ ਕੀਤਾ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ, 15 ਅਕਤੂਬਰ–ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗਡ਼੍ਹ ਦੇ ਨਿਰਦੇਸ਼ਾਂ ’ਤੇ ਕੇਂਦਰੀ ਜਾਚ ਏਜੰਸੀ ਸੀਬੀਆਈ ਦੀ ਜਾਂਚ ਟੀਮ ਅੱਜ ਦੂਜੇ ਹਾਜੀਪੁਰ ਪੁੱਜੀ। ਜਾਂਚ ਟੀਮ ਨੇ ਮਾਈਨਿੰਗ ਪ੍ਰਭਾਵਿਤ ਨੌਸ਼ਹਿਰਾ ਸਿੰਬਲੀ, ਕੁੱਲੀਆਂ ਲੁਬਾਣਾ ਤੇ ਜਿਉਣੋ ਵਾਲ ਪਿੰਡਾਂ ਦਾ ਦੌਰ੍ਹਾ ਕੀਤਾ, ਵਾਹੀਯੋਗ ਜ਼ਮੀਨਾਂ ’ਚ ਕੀਤੀ ਕਥਿਤ ਖੁਦਾਈ ਦਾ ਜਾਇਜ਼ਾ ਲਿਆ। ਜਾਂਚ ਟੀਮ ਨੇ ਮੀਡੀਆ ਤੋਂ ਦੂਰੀ ਬਣਾਕੇ ਰੱਖੀ ਹੋਈ ਹੈ। ਪਰ ਪਿੰਡਾਂ ’ਚ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀਆਂ ਦੇ ਆਗੂਆਂ ਨੇ ਦਸਿਆ ਕਿ ਅੱਜ ਬਾਅਦ ਦੁਪਹਿਰ ਜਾਂਚ ਟੀਮ ਨੇ ਹਾਜੀਪੁਰ ਉਕਤ ਪਿੰਡਾਂ ’ਚ ਦਸਤਕ ਦਿੱਤੀ ਹੈ। ਜਾਂਚ ਟੀਮ ਦੇ ਨਾਲ ਸਥਾਨਕ ਮਾਲ, ਮਾਈਨਿੰਗ, ਪੁਲੀਸ ਤੇ ਸਬੰਧਤ ਹੋਰ ਵਿਭਾਗਾਂ ਦੇ ਮੁਲਾਜ਼ਮ ਮੌਜ਼ੂਦ ਸਨ। ਜਾਂਚ ਟੀਮ ਪਹਿਲਾਂ ਨੌੋਸ਼ਹਿਰਾ ਸਿੰਬਲੀ ਸਥਿਤ ਸਟੋਨ ਕਰੱਸ਼ਰ ’ਤੇ ਗਈ ਅਤੇ ਉਸ ਵੱਲੋਂ ਨੇਡ਼ਲੇ ਪਿੰਡਾਂ ’ਚ ਵਾਹੀਯੋਗ ਜ਼ਮੀਨਾਂ ’ਤੇ ਕੀਤੀ ਖੁਦਾਈ ਦੀ ਮਿਣਤੀ ਕੀਤੀ ਗਈ। ਉਪਰੰਤ ਜਾਂਚ ਟੀਮ ਨੇ ਪਿੰਡ ਜਿਉਣੋਵਾਲ ‘ਚ ਕੀਤੀ ਖੁਦਾਈ ਦਾ ਜਾਇਜ਼ਾ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੀਬੀਆਈ ਦੀ ਜਾਂਚ ਟੀਮ ਨੇ ਤਲਵਾਡ਼ਾ ਖ਼ੇਤਰ ਦੇ ਪਿੰਡ ਅਲੇਰਾ ਵਿਖੇ ਮਾਸਟਰ ਸਟੋਨ ਕਰੱਸ਼ਰ ਦਾ ਦੌਰ੍ਹਾ ਕਰਕੇ ਪੰਚਾਇਤ ਦੀ ਜ਼ਮੀਨ ’ਤੇ ਕੀਤੀ ਖੁਦਾਈ ਦੀ ਪੈਮਾਇਸ਼ ਕੀਤੀ ਸੀ। 

ਇੱਥੇ ਦੱਸਣਯੋਗ ਹੈ ਕਿ ਹਾਜੀਪੁਰ ਦੇ ਦਰਜਨ ਤੋਂ ਵੱਧ ਪਿੰਡਾਂ ’ਚ ਕਰੱਸ਼ਰ ਕਾਰੋਬਾਰੀਆਂ ਨੇ ਸ਼ਾਸਨ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵਾਹੀਯੋਗ ਜ਼ਮੀਨਾਂ ਵਿੱਚ 150 ਫੁੱਟ ਤੱਕ ਖੁਦਾਈ ਕੀਤੀ ਹੋਈ ਹੈ। ਇਨ੍ਹਾਂ ਪਿੰਡਾਂ ’ਚ ਕੋਈ ਖੱਡ ਨਹੀਂ ਪੈਂਦੀ, ਪਰ ਮਾਈਨਿੰਗ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਪਿਛਲੇ ਕਰੀਬ 15 ਸਾਲ ਤੋਂ ਇੱਥੇ ਵਾਹੀਯੋਗ ਜ਼ਮੀਨਾਂ ਤਬਾਹ ਕਰਕੇ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਹੈ। ਮਾਨਯੋਗ ਹਾਈਕੋਰਟ ਵੱਲੋਂ ਜਾਂਚ ਸੀਬੀਆਈ ਨੂੰ ਦੇਣ ਤੋਂ ਬਾਅਦ ਖ਼ੇਤਰ ’ਚ ਪਹਿਲੀ ਦਫ਼ਾ ਹੈ ਕਿ ਸਟੋਨ ਕਰੱਸ਼ਰ ਬੰਦ ਹੋਏ ਹਨ।

ਖ਼ਬਰ ਲਿਖੇ ਜਾਣ ਤੱਕ ਸੀਬੀਆਈ ਦੀ ਜਾਂਚ ਟੀਮ ਮਾਈਨਿੰਗ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈ ਰਹੀ ਸੀ।

Leave a Reply

Your email address will not be published. Required fields are marked *