ਹੁਸ਼ਿਆਰਪੁਰ 24 ਜੂਨ ( ਤਰਸੇਮ ਦੀਵਾਨਾ )-ਕਿਸਾਨਾਂ ਵਲੋਂ ਅੱਜ ਹੁਸ਼ਿਆਰਪੁਰ ਤੋਂ ਮਾਹਿਲਪੁਰ ਨੂੰ ਜਾ ਰਹੇ ਕੇਂਦਰੀ ਰਾਜ ਮੰਤਰੀ ਸੋਮ ਪ੍ਕਾਸ਼ ਦਾ ਕਸਬਾ ਚੱਬੇਵਾਲ ਦੇ ਮੁੱਖ ਚੌਂਕ ਵਿਚ ਸੜਕ ਰੋਕ ਕੇ ਕਾਲੀਆਂ ਝੰਡੀਆਂ ਦਿਖਾ ਕੇ ਭਾਰੀ ਵਿਰੋਧ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਕਾਸ਼ ਅੱਜ ਹੁਸ਼ਿਆਰਪੁਰ ਤੋਂ ਮਾਹਿਲਪੁਰ ਵਿਖੇ ਭਾਜਪਾ ਆਗੂ ਡਾ. ਦਿਲਬਾਗ ਰਾਏ ਦੀ ਕੋਠੀ ਵਿੱਚ ਆ ਰਿਹਾ ਹੈ ਤਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਵਲੋਂ ਇਕੱਠੇ ਹੋ ਕੇ ਚੱਬੇਵਾਲ ਮੁੱਖ ਚੌਂਕ ਵਿਚ ਕਾਲੀਆਂ ਝੰਡੀਆਂ ਲੈ ਕੇ ਪ੍ਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।ਸ਼ਾਮ 5 ਵਜੇ ਦੇ ਕਰੀਬ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੇ ਨਾਲ ਜਦੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਕਾਸ਼ ਦਾ ਕਾਫਲਾ ਚੱਬੇਵਾਲ ਤੋਂ ਗੁਜਰਨ ਲੱਗਾ ਤਾਂ ਹਾਜਰ ਪੁਲਿਸ ਵਲੋਂ ਘੇਰਾ ਬਣਾ ਕੇ ਮੰਤਰੀ ਦਾ ਕਾਫਲਾ ਲੰਘਾਉਣ ਦੀ ਕੋਸ਼ਿਸ਼ ਦੌਰਾਨ ਕਿਸਾਨਾਂ ਨੇ ਜਬਰਦਸਤ ਵਿਰੋਧ ਕਰਦਿਆਂ ਸੜਕ ਵਿਚਕਾਰ ਆ ਕੇ ਮੰਤਰੀ ਦੀ ਗੱਡੀ ਰੋਕ ਕੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਕੇਂਦਰੀ ਰਾਜ ਮੰਤਰੀ ਸਮੇਤ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪੁਲਿਸ ਵਲੋਂ ਬੜੀ ਮੁਸ਼ੱਕਤ ਨਾਲ ਕੇਂਦਰੀ ਮੰਤਰੀ ਸੋਮ ਪ੍ਕਾਸ਼ ਦਾ ਕਾਫਲਾ ਅੱਗੇ ਲੰਘਾਇਆ ਗਿਆ।





